ਕਾਰਵਾਂ ਗੁਜ਼ਰ ਗਿਆ...
ਕਹਾਣੀ

ਅਵਤਾਰ ਐੱਸ. ਸੰਘਾ
ਮੇਰੇ ਸ਼ਹਿਰ ਵਿੱਚ ਇੱਕ ਵਾਰ ਇਹ ਖ਼ਬਰ ਆਈ ਕਿ ਸੂਬੇ ਦਾ ਮੁੱਖ ਮੰਤਰੀ ਆ ਰਿਹਾ ਏ। ਕਾਰਨ ਪਤਾ ਕੀਤਾ ਤਾਂ ਪਤਾ ਲੱਗਾ ਕਿ ਸ਼ਹਿਰ ਦਾ ਇੱਕ ਫੌਜ ਦਾ ਸੇਵਾਮੁਕਤ ਬ੍ਰਿਗੇਡੀਅਰ ਕਿਸੇ ਸਮੇਂ ਮੁੱਖ ਮੰਤਰੀ ਦਾ ਪਹਾੜਾਂ ਦੇ ਕਿਸੇ ਕੌਨਵੈਂਟ ਸਕੂਲ ਵਿੱਚ ਹਮਜਮਾਤੀ ਹੋਇਆ ਕਰਦਾ ਸੀ। ਹੁਣ ਬ੍ਰਿਗੇਡੀਅਰ ਦੀ ਮੌਤ ਹੋ ਗਈ ਸੀ। ਦਾਹ ਸੰਸਕਾਰ ਵੇਲੇ ਤਾਂ ਮੁੱਖ ਮੰਤਰੀ ਨਹੀਂ ਪਹੁੰਚ ਸਕਿਆ ਸੀ। ਹੁਣ ਭੋਗ ’ਤੇ ਆ ਰਿਹਾ ਸੀ। ਡੀਸੀ ਨੂੰ ਹੁਕਮ ਆ ਗਿਆ ਸੀ ਕਿ ਮੁੱਖ ਮੰਤਰੀ ਦੇ ਪਹੁੰਚਣ ’ਤੇ ਉਸ ਦੀ ਆਓ ਭਗਤ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ। ਇਨ੍ਹਾਂ ਪ੍ਰਬੰਧਾਂ ਵਿੱਚੋਂ ਇੱਕ ਮੁੱਖ ਪ੍ਰਬੰਧ ਸੀ ਹੈਲੀਕਾਪਟਰ ਦੇ ਉਤਾਰਨ ਲਈ ਕਿਸੇ ਖੁੱਲ੍ਹੀ ਥਾਂ ਦੀ ਤਲਾਸ਼ ਕਰਨੀ। ਡੀਸੀ ਨੇ ਅੱਗੇ ਹੁਕਮ ਸਾਡੇ ਸ਼ਹਿਰ ਦੇ ਐੱਸਡੀਐੱਮ ਨੂੰ ਭੇਜ ਦਿੱਤਾ। ਐੱਸਡੀਐੱਮ ਸਾਹਿਬ ਨੇ ਆਪਣੇ ਆਲੇ ਦੁਆਲੇ ਨੂੰ ਹੁਕਮ ਚਾੜ੍ਹ ਦਿੱਤਾ ਕਿ ਹੈਲੀਕਾਪਟਰ ਦੇ ਉਤਾਰਨ ਲਈ ਯੋਗ ਖੇਡ ਮੈਦਾਨ ਲੱਭਿਆ ਜਾਵੇ। ਤਹਿਸੀਲ ਦੇ ਸਾਰੇ ਮੁਲਾਜ਼ਮ ਤਹਿਸੀਲਦਾਰ, ਕਾਨੂੰਗੋ ਅਤੇ ਪਟਵਾਰੀ ਹਰਕਤ ਵਿੱਚ ਆ ਗਏ। ਸ਼ਹਿਰ ਦੇ ਦੋਵੇਂ ਹਾਈ ਸਕੂਲ ਭੀੜੇ ਤੇ ਆਬਾਦੀ ਵਾਲੀ ਥਾਂ ’ਤੇ ਸਨ। ਆਖਰਕਾਰ ਜਿਹੜਾ ਖੇਡ ਦਾ ਮੈਦਾਨ ਸਭ ਤੋਂ ਵੱਧ ਅਨੁਕੂਲ ਸਮਝਿਆ ਗਿਆ, ਉਹ ਖਾਲਸਾ ਕਾਲਜ ਦਾ ਖੇਡ ਮੈਦਾਨ ਸੀ। ਖਾਲਸਾ ਕਾਲਜ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਕੋਲ ਸੀ। ਮੁੱਖ ਮੰਤਰੀ ਕਾਂਗਰਸੀ ਸੀ ਤੇ ਬਣਿਆ ਵੀ ਲੋਕਾਂ ਦੁਆਰਾ ਥੋੜ੍ਹੀਆਂ ਵੋਟਾਂ ਨਾਲ ਸੀ ਕਿਉਂਕਿ ਉਸ ਸਮੇਂ ਅਕਾਲੀਆਂ ਨੇ ਚੋਣ ਦਾ ਬਾਈਕਾਟ ਕੀਤਾ ਸੀ।
ਮੁੱਖ ਮੰਤਰੀ ਦੇ ਆਉਣ ਦਾ ਦਿਨ ਐਤਵਾਰ ਸੀ। ਕਾਲਜ ਦਾ ਪ੍ਰਿੰਸੀਪਲ ਲੋਕਲ ਨਹੀਂ ਸੀ ਰਹਿੰਦਾ। ਇਹ ਵੀ ਲੋੜੀਂਦਾ ਸੀ ਕਿ ਮੁੱਖ ਮੰਤਰੀ ਦੇ ਕਾਲਜ ਵਿੱਚ ਉਤਰਨ ਸਮੇਂ ਕਾਲਜ ਦਾ ਦਫ਼ਤਰ ਖੁੱਲ੍ਹਾ ਹੋਵੇ। ਉਤਰਦੇ ਸਾਰ ਮੁੱਖ ਮੰਤਰੀ ਨੂੰ ਦਫ਼ਤਰ ਵਿੱਚ ਬਿਠਾਇਆ ਜਾਵੇ। ਆਓ ਭਗਤ ਕੀਤੀ ਜਾਵੇ ਤੇ ਫਿਰ 30-40 ਕਾਰਾਂ ਦੇ ਕਾਫਲੇ ਦੇ ਰੂਪ ਵਿੱਚ ਉਸ ਨੂੰ ਉਸ ਪੰਡਾਲ ਵੱਲ ਲਿਜਾਇਆ ਜਾਵੇ ਜਿੱਥੇ ਬ੍ਰਿਗੇਡੀਅਰ ਸਾਹਿਬ ਦਾ ਭੋਗ ਪੈਣ ਤੋਂ ਬਾਅਦ ਸ਼ਰਧਾਂਜਲੀ ਸਮਾਗਮ ਲਈ ਸ਼ਾਮਿਆਨਾ ਲੱਗਿਆ ਹੋਇਆ ਸੀ। ਪ੍ਰਿੰਸੀਪਲ ਸ਼ਸ਼ੋਪੰਜ ਵਿੱਚ ਪੈ ਗਿਆ। ਇੱਕ ਪਾਸੇ ਖਾਲਸਿਆਂ ਦੀ ਕਮੇਟੀ ਜੋ ਮੁੱਖ ਮੰਤਰੀ ਦੇ ਵਿਰੁੱਧ ਸੀ ਤੇ ਦੂਜੇ ਪਾਸੇ ਉਹ ਕਾਂਗਰਸੀ ਮੁੱਖ ਮੰਤਰੀ ਜਿਹੜੇ ਲੋਕਾਂ ਦੀਆਂ ਘੱਟ ਵੋਟਾਂ ਨਾਲ ਤਾਕਤ ਵਿੱਚ ਆਇਆ ਸੀ। ਪ੍ਰਿੰਸੀਪਲ ਨੂੰ ਐੱਸਡੀਐੱਮ ਸਾਹਿਬ ਨੇ ਫੋਨ ਕੀਤਾ।
‘‘ਪ੍ਰਿੰਸੀਪਲ ਸਾਹਿਬ, ਹੈਲੋ!’’
.....
‘‘ਪ੍ਰਿੰਸੀਪਲ ਸਾਹਿਬ?’’
ਟਰਨ ਟਰਨ...ਟਰਨ...
ਟੈਲੀਫੋਨ ’ਤੇ ਕੋਈ ਰਾਬਤਾ ਕਾਇਮ ਨਾ ਹੋ ਸਕਿਆ ਤੇ ਐੱਸਡੀਐੱਮ ਸਾਹਿਬ ਨੇ ਥਾਣੇ ਰਾਹੀਂ ਇੱਕ ਪਿਆਦਾ ਪ੍ਰਿੰਸੀਪਲ ਸਾਹਿਬ ਦੇ ਪਿੰਡ ਭਿਜਵਾਇਆ। ਮੂਹਰੇ ਪ੍ਰਿੰਸੀਪਲ ਘਰ ਮਿਲਿਆ ਹੀ ਨਾ। ਉਸ ਦੇ ਘਰਵਾਲੀ ਕਹਿੰਦੀ, ‘‘ਸਾਹਿਬ ਤਾਂ ਕਿਸੇ ਕੰਮ ਦਿੱਲੀ ਨੂੰ ਗਏ ਹੋਏ ਹਨ।’’
ਉਦੋਂ ਮੋਬਾਈਲ ਫੋਨ ਨਹੀਂ ਹੋਇਆ ਕਰਦੇ ਸਨ। ਹੁਣ ਕੀ ਕੀਤਾ ਜਾਵੇ ਸਾਹਿਬ ਤੋਂ ਬਗੈਰ ਦਫ਼ਤਰ ਕਿਵੇਂ ਖੁੱਲ੍ਹੇ? ਹੋ ਸਕਦਾ ਹੈ ਸਾਹਿਬ ਜਾਣਬੁੱਝ ਕੇ ਹੀ ਨਾ ਆਉਣਾ ਚਾਹੁੰਦਾ ਹੋਵੇ ਕਿਉਂਕਿ ਖਾਲਸੇ ਕਾਂਗਰਸੀਆਂ ਦੇ ਖਿਲਾਫ਼ ਸਨ। ਜੇਕਰ ਪ੍ਰਿੰਸੀਪਲ ਮੁੱਖ ਮੰਤਰੀ ਦੇ ਸਨਮੁੱਖ ਪੇਸ਼ ਹੁੰਦਾ ਏ ਤਾਂ ਕਮੇਟੀ ਪ੍ਰਿੰਸੀਪਲ ਦੇ ਖਿਲਾਫ਼ ਕੋਈ ਕਾਰਵਾਈ ਵੀ ਕਰ ਸਕਦੀ ਸੀ। ਇੱਕ ਪਾਸੇ ਕਾਂਗਰਸੀਆਂ ਦੀ ਘੱਟ ਗਿਣਤੀ ਵਾਲੀ ਸਰਕਾਰ ਦੂਜੇ ਪਾਸੇ ਖਾਲਸਿਆਂ ਦੀ ਮਿੰਨੀ ਪਾਰਲੀਮੈਂਟ।
ਜਦੋਂ ਕੋਈ ਚਾਰਾਜੋਈ ਨਾ ਹੋ ਸਕੀ ਤਾਂ ਐੱਸਡੀਐੱਮ ਸਾਹਿਬ ਨੇ ਪ੍ਰਿੰਸੀਪਲ ਦਫ਼ਤਰ ਦਾ ਤਾਲਾ ਤੋੜਨ ਦਾ ਹੁਕਮ ਦੇ ਦਿੱਤਾ। ਪੁਲੀਸ ਗਈ ਤੇ ਤਾਲਾ ਤੋੜ ਆਈ। ਮੁੱਖ ਮੰਤਰੀ ਦੇ ਉਤਰਦੇ ਸਾਰ ਉਸ ਦਾ ਸਵਾਗਤ ਕਰਨ ਲਈ ਤਿਆਰੀਆਂ ਕਰ ਲਈਆਂ ਗਈਆਂ। ਹੈਲੀਕਾਪਟਰ ਤੋਂ ਉਤਰਦੇ ਸਾਰ ਪਹਿਲਾਂ ਉਸ ਨੂੰ ਕਾਲਜ ਦੇ ਦਫ਼ਤਰ ਵਿੱਚ ਲਿਆਉਣਾ ਸੀ। 50 ਕੁ ਬੰਦੇ ਦਫ਼ਤਰ ਮੂਹਰੇ ਉਸ ਨੂੰ ‘ਜੀ ਆਇਆ ਨੂੰ’ ਕਹਿਣ ਲਈ ਪਹੁੰਚੇ ਹੋਏ ਸਨ। ਜ਼ਾਹਿਰ ਸੀ ਕਿ ਉਹ ਸ਼ਹਿਰ ਅਤੇ ਇਲਾਕੇ ਦੇ ਕੱਟੜ ਕਾਂਗਰਸੀ ਹੀ ਸਨ। ਭਾਵੇਂ ਕਾਲਜ ਦੀ ਕੈਂਟੀਨ ਬੰਦ ਸੀ, ਫਿਰ ਵੀ ਚਾਹ ਪਾਣੀ ਤੇ ਸਨੈਕਸ ਦਾ ਪ੍ਰਬੰਧ ਕਾਲਜ ਦੇ ਬਾਹਰ ਚੱਲਦੀ ਇੱਕ ਦੁਕਾਨ ਤੋਂ ਕਰ ਲਿਆ ਗਿਆ ਸੀ। ਸ਼ਹਿਰ ਦੇ ਮਿਊਂਸਿਪੈਲਿਟੀ ਦਾ ਅਮਲਾ ਫੈਲਾ ਉਸ ਸਮੇਂ ਬਹੁਤਾ ਕਾਂਗਰਸੀ ਹੀ ਸੀ।
‘‘ਔਹ ਸਾਹਮਣੇ, ਹੈਲੀਕਾਪਟਰ ਦਿਖ ਰਿਹਾ ਏ। ਆਓ! ਸਾਰੇ ਦਫ਼ਤਰ ਦੇ ਬਾਹਰ ਖੜ੍ਹੇ ਹੋ ਜਾਈਏ। ਉਤਰਦੇ ਸਾਰ ਦਸ ਬੰਦੇ ਅੱਗੇ ਵਧ ਕੇ ਹੈਲੀਕਾਪਟਰ ਕੋਲ ਜਾਣਗੇ ਤੇ ਸੀਐੱਮ ਸਾਹਿਬ ਨੂੰ ਮਿਲ ਕੇ ਉਨ੍ਹਾਂ ਨੂੰ ਦਫ਼ਤਰ ਵਿੱਚ ਲੈ ਆਉਣਗੇ।’’ ਇਲਾਕੇ ਦੇ ਕਾਂਗਰਸੀ ਐੱਮਐੱਲਏ ਨੇ ਆਵਾਜ਼ ਬੁਲੰਦ ਕੀਤੀ।
‘‘ਇਸ ਤੋਂ ਬਾਅਦ?’’ ਮਿਊਂਸਿਪਲ ਪਾਰਟੀ ਦਾ ਪ੍ਰਧਾਨ ਬੋਲਿਆ।
‘‘ਇਸ ਤੋਂ ਬਾਅਦ ਸਿੱਧੇ ਦਫ਼ਤਰ ਵਿੱਚ ਆਵਾਂਗੇ। ਫਿਰ ਪੰਜ ਕੁ ਮਿੰਟ ਲਈ ਸੀਐੱਮ ਸਾਹਿਬ ਸਭ ਨੂੰ ਮੁਖਾਤਿਬ ਹੋਣਗੇ। ਫਿਰ ਸਾਰੇ ਚਾਹ ਦਾ ਕੱਪ ਪੀਵਾਂਗੇ। ਫਿਰ ਸਾਰੇ ਕਾਫਲੇ ਦੇ ਰੂਪ ਵਿੱਚ ਬ੍ਰਿਗੇਡੀਅਰ ਸਾਹਿਬ ਦੇ ਘਰ ਵੱਲ ਚਾਲੇ ਪਾ ਦਿਆਂਗੇ। ਮੂਹਰੇ ਸਿਕਿਉਰਿਟੀ ਦੀ ਕਾਰ ਹੋਊ। ਫਿਰ ਸੀਐੱਮ ਸਾਹਿਬ, ਫਿਰ ਸਾਡੀ, ਫਿਰ ਮਿਊਂਸਿਪਲ ਪ੍ਰਧਾਨ ਦੀ, ਪਿੱਛੇ ਬਾਕੀ ਸਾਰੀਆਂ।’’ ਐੱਮਐੱਲਏ ਸਾਹਿਬ ਨੇ ਪ੍ਰੋਟੋਕੋਲ ’ਤੇ ਚਾਨਣਾ ਪਾਇਆ।
ਹੈਲੀਕਾਪਟਰ ਉਤਰਨ ਲੱਗਾ। ਜਦੋਂ ਉਹ ਜ਼ਮੀਨ ਦੇ ਨੇੜੇ ਪਹੁੰਚਿਆ ਤਾਂ ਉਸ ਦਾ ਇੱਕ ਪਰ ਅਚਾਨਕ ਖੇਡ ਦੇ ਮੈਦਾਨ ਦੇ ਪੋਲ ਨਾਲ ਟਕਰਾ ਗਿਆ। ਸਿੱਟੇ ਵਜੋਂ ਪੋਲ ਜੜੋਂ ਪੁੱਟਿਆ ਗਿਆ। ਹੈਲੀਕਾਪਟਰ ਦਾ ਕੋਈ ਨੁਕਸਾਨ ਨਾ ਹੋਇਆ। ਸੀਐੱਮ ਸਾਹਿਬ ਉਤਰੇ। ਬਾਹਰ ਜਲਦੀ ਜਲਦੀ 10 ਕੁ ਮੋਹਤਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਾਰੇ ਜਣੇ ਦਫ਼ਤਰ ਵੱਲ ਨੂੰ ਆ ਗਏ। 20 ਕੁ ਬੰਦੇ ਦਫ਼ਤਰ ਵਿੱਚ ਬਹਿ ਗਏ ਤੇ ਬਾਕੀ ਬਾਹਰ ਖੜ੍ਹੇ ਰਹੇ। ਚਾਹ ਵਾਲੇ ਚਾਹ ਵਰਤਾਉਣ ਲੱਗ ਪਏ। ਐੱਮਐੱਲਏ ਸਾਹਿਬ ਸਾਰਿਆਂ ਨੂੰ ਇੰਜ ਮੁਖਾਤਿਬ ਹੋਏ, ‘‘ਮਾਣਯੋਗ ਮੁੱਖ ਮੰਤਰੀ ਸਾਹਿਬ, ਅਸੀਂ ਸਭ ਆਪ ਜੀ ਨੂੰ ਹਾਰਦਿਕ ‘ਜੀ ਆਇਆ ਨੂੰ’ ਕਹਿੰਦੇ ਹਾਂ। ਇਸ ਸਮੇਂ ਭੋਗ ਪੈਣ ਦੀ ਕਾਰਵਾਈ ਚੱਲਦੀ ਪਈ ਏ। ਆਪ ਜੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਏ। ਬ੍ਰਿਗੇਡੀਅਰ ਸਾਹਿਬ ਦਾ ਲੜਕਾ ਟਿੱਕਾ ਜਸਮੀਤ ਸਿੰਘ ਪੰਡਾਲ ਦੇ ਬਾਹਰ ਆਪ ਜੀ ਦਾ ਇੰਤਜ਼ਾਰ ਕਰ ਰਿਹਾ ਹੈ। ਆਓ, ਹੁਣ ਉੱਧਰ ਨੂੰ ਚਾਲੇ ਪਾਈਏ।’’
ਇਸ ਤੋਂ ਬਾਅਦ ਸਾਰਾ ਜਲੌਅ ਕਾਰਾਂ ਵਿੱਚ ਸਵਾਰ ਹੋ ਕੇ ਕਾਲਜ ਤੋਂ ਸ਼ਾਮਿਆਨੇ ਵੱਲ ਨੂੰ ਚੱਲ ਪਿਆ। ਸਾਰੀਆਂ ਕਾਰਾਂ ’ਤੇ ਕਾਂਗਰਸ ਪਾਰਟੀ ਦੇ ਝੰਡੇ ਲੱਗੇ ਹੋਏ ਸਨ। ਵਿਚਕਾਰ ਇੱਕ ਖੁੱਲ੍ਹੀ ਜੀਪ ’ਤੇ ਲੋਕ ਸੰਪਰਕ ਮਹਿਕਮੇ ਦੇ ਦੋ ਗਾਇਕ ਦੇਸ਼ ਪਿਆਰ ਦਾ ਗੀਤ ਗਾ ਰਹੇ ਸਨ। ਗੀਤ ਮੁੱਕਣ ਤੋਂ ਬਾਅਦ ਇੱਕ ਚਾਲੂ ਰਿਕਾਰਡ ਵੱਜਣ ਲੱਗ ਪਿਐ: ‘ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ, ਉਗਲੇ ਹੀਰੇ ਮੋਤੀ।’ ਸ਼ਾਮਿਆਨੇ ਦੇ ਨੇੜੇ ਜਾ ਕੇ ਐੱਮਐੱਲਏ ਸਾਹਿਬ ਨੇ ਦੋ ਨਾਅਰੇ ਮਾਰੇ ‘ਇੰਡੀਅਨ ਨੈਸ਼ਨਲ ਕਾਂਗਰਸ’, ਬਾਕੀਆਂ ਨੇ ਜਵਾਬ ਦਿੱਤਾ: ‘ਜ਼ਿੰਦਾਬਾਦ, ਜ਼ਿੰਦਾਬਾਦ।’ ਵੀਹ ਕੁ ਮਿੰਟ ਬਾਅਦ ਕਾਫਲਾ ਸ਼ਾਮਿਆਨੇ ਕੋਲ ਪਹੁੰਚ ਗਿਆ। ਉੱਥੇ ਵੀ ਇਲਾਕੇ ਦੇ ਪ੍ਰਮੁੱਖ ਕਾਂਗਰਸੀ ਨੇਤਾਵਾਂ ਦਾ ਇਕੱਠ ਸੀ। ਜਿਉਂ ਹੀ ਸੀਐੱਮ ਕਾਰ ’ਚੋਂ ਬਾਹਰ ਨਿਕਲੇ ਤਾਂ ਟਿੱਕਾ ਜਸਮੀਤ ਸਿੰਘ ਉਸ ਦੇ ਪੰਜ ਛੇ ਸਾਥੀਆਂ ਨਾਲ ਅੱਗੇ ਵਧਿਆ ਤੇ ਉਨ੍ਹਾਂ ਨੇ ਸੀਐੱਮ ਸਾਹਿਬ ਨੂੰ ਸਤਿ ਸ੍ਰੀ ਅਕਾਲ ਕਿਹਾ ਤੇ ਜੀ ਆਇਆ ਬੋਲਿਆ। ਬਾਅਦ ਵਿੱਚ ਸਾਰਾ ਇਕੱਠ ਮੱਥਾ ਟੇਕ ਕੇ ਪੰਡਾਲ ਵਿੱਚ ਸਜ ਗਿਆ।
ਸਟੇਜ ਸਕੱਤਰ ਨੇ ਸੀਐੱਮ ਸਾਹਿਬ ਦੀ ਆਮਦ ਬਾਰੇ ਚੰਦ ਸ਼ਬਦ ਬੋਲੇ। ਫਿਰ ਐੱਮਐੱਲਏ ਸਾਹਿਬ ਨੇ ਬ੍ਰਿਗੇਡੀਅਰ ਸਾਹਿਬ ਨੂੰ ਸ਼ਰਧਾਂਜਲੀ ਦੇ ਚੰਦ ਸ਼ਬਦ ਬੋਲੇ। ਇਸ ਤੋਂ ਬਾਅਦ ਸਕੱਤਰ ਸਾਹਿਬ ਨੇ ਸੀਐੱਮ ਸਾਹਿਬ ਨੂੰ ਬੋਲਣ ਦੀ ਬੇਨਤੀ ਕੀਤੀ। ਸੀਐੱਮ ਸਾਹਿਬ ਲੋਕਾਂ ਨੂੰ ਇੰਝ ਮੁਖਾਤਿਬ ਹੋਏ:
‘‘ਇਲਾਕਾ ਨਿਵਾਸੀ ਵੀਰੋ, ਭੈਣੋ, ਬਜ਼ੁਰਗੋ ਤੇ ਬੱਚਿਓ। ਮੇਰੇ ਪਰਮ ਮਿੱਤਰ ਤੇ ਹਮਜਮਾਤੀ ਬ੍ਰਿਗੇਡੀਅਰ ਸਾਹਿਬ ਸਾਥੋਂ ਹਮੇਸ਼ਾਂ ਲਈ ਜੁਦਾ ਹੋ ਗਏ। ਇਸ ਦਾ ਮੈਨੂੰ ਬਹੁਤ ਦੁਖ ਹੋਇਆ ਏ। ਉਹ ਤੇ ਮੈਂ ਦੂਨ ਸਕੂਲ ਦੇਹਰਾਦੂਨ ਵਿਖੇ ਚਾਰ ਸਾਲ ਇਕੱਠੇ ਪੜ੍ਹੇ ਸਾਂ। ਉਹ ਮੇਰੇ ਬੜੇ ਨਿੱਘੇ ਤੇ ਨਿਕਟ ਮਿੱਤਰ ਸਨ। ਸੁਭਾਅ ਉਨ੍ਹਾਂ ਦਾ ਨਿੱਘਾ, ਬੋਲਚਾਲ ਅੰਤਾਂ ਦੀ ਮਿੱਠੀ, ਅਨੁਸ਼ਾਸਨ ਬਿਰਤੀ ਗੌਰਵਮਈ, ਦੋ ਪਾਕਿਸਤਾਨ ਦੀਆਂ ਲੜਾਈਆਂ ਲੜੀਆਂ, ਵੀਰ ਚੱਕਰ ਪ੍ਰਾਪਤ ਕੀਤਾ। ਦੇਸ਼ ਦੀ ਸ਼ਾਨ ਸਨ ਵੀਰ ਜੀ। ਮੌਤ ਦੀ ਖ਼ਬਰ ਸੁਣ ਕੇ ਅੰਤਾਂ ਦਾ ਦੁਖ ਹੋਇਆ। ਹੋਣੀ ਮੂਹਰੇ ਮਨੁੱਖ ਕਰ ਵੀ ਕੀ ਸਕਦਾ ਹੈ। ਵਾਹਿਗੁਰੂ ਦਾ ਭਾਣਾ ਮੰਨਣਾ ਹੀ ਪੈਂਦਾ ਹੈ। ਮੈਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਬਾਕੀ ਤੁਸੀਂ ਵੋਟਾਂ ਪਾ ਕੇ ਕਾਂਗਰਸ ਪਾਰਟੀ ਨੂੰ ਸਰਕਾਰ ਬਣਾਉਣ ਦੀ ਤਾਕਤ ਬਖ਼ਸ਼ੀ। ਇਸ ਸ਼ੁਭ ਕੰਮ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਸਭ ਮਾਈ ਭਾਈ ਦਾ ਬਹੁਤ ਧੰਨਵਾਦ।’’
ਰਸਮ ਸੰਪੰਨ ਹੋਈ, ਸੀਐੱਮ ਸਾਹਿਬ ਨੇ ਲੰਗਰ ਛਕਿਆ ਤੇ ਫਿਰ ਕਾਫਲੇ ਦੀ ਸ਼ਕਲ ਵਿੱਚ ਉਸੇ ਖੇਡ ਦੇ ਮੈਦਾਨ ਵੱਲ ਵਧੇ। ਪਾਰਟੀ ਮੈਂਬਰਾਂ ਤੇ ਪਤਵੰਤਿਆਂ ਦੀਆਂ ਕਾਰਾਂ ਫਿਰ ਨਾਲ ਗਈਆਂ। ਸੀਐੱਮ ਸਾਹਿਬ ਹੈਲੀਕਾਪਟਰ ’ਤੇ ਸਵਾਰ ਹੋਏ ਤੇ ਚੰਡੀਗੜ੍ਹ ਨੂੰ ਚਲੇ ਗਏ।
ਪਿੱਛੇ ਦੋ ਮੁਸੀਬਤਾਂ ਕਾਲਜ ਦੀ ਕਮੇਟੀ ਵਾਸਤੇ ਛੱਡ ਗਏ;
ਨੰਬਰ 1 ਕਾਲਜ ਦੇ ਦਫ਼ਤਰ ਦਾ ਤਾਲਾ ਤੋੜਨਾ
ਨੰਬਰ 2 ਕਾਲਜ ਦੇ ਖੇਡ ਮੈਦਾਨ ਵਿੱਚ ਪੋਲ ਦਾ ਉੱਖੜਨਾ
ਦੂਜੇ ਦਿਨ ਕਾਲਜ ਖੁੱਲ੍ਹਿਆ। ਇਨ੍ਹਾਂ ਦੋ ਸਮੱਸਿਆਵਾਂ ਦੀ ਹਰ ਪਾਸੇ ਚਰਚਾ ਸੀ। ਪ੍ਰਿੰਸੀਪਲ ਕਾਲਜ ਪਹੁੰਚਿਆ। ਉਸ ਦੀ ਕਮੇਟੀ ਦੇ ਸਥਾਨਕ ਸੈਕਟਰੀ ਨਾਲ ਗੱਲ ਹੋਈ। ਸੈਕਟਰੀ ਸਥਾਨਕ ਐੱਸਜੀਪੀਸੀ ਦਾ ਮੈਂਬਰ ਸੀ।
‘‘ਪਤਾ ਲੱਗਾ ਸੀ, ਤੁਹਾਨੂੰ ਲੱਭਣ ਗਏ ਸੀ?’’ ਸੈਕਟਰੀ ਸਾਹਿਬ ਪ੍ਰਿੰਸੀਪਲ ਤੋਂ ਪੁੱਛਣ ਲੱਗੇ।
‘‘ਜੀ, ਸਰ।’’
‘‘ਫਿਰ ਤੁਸੀਂ ਆਏ ਕਿਉਂ ਨਹੀਂ?’’
‘‘ਸਰ, ਮੈਂ ਕਿਵੇਂ ਆਉਂਦਾ। ਇਸ ਸਮੇਂ ਖਾਲਸਿਆਂ ਤੇ ਕਾਂਗਰਸੀਆਂ ਵਿੱਚ ਤਾਂ ਇੱਟ ਕੁੱਤੇ ਦਾ ਵੈਰ ਏ। ਖਾਲਸੇ ਤਾਂ ਮੁੱਖ ਮੰਤਰੀ ਨੂੰ ਤਸਲੀਮ ਹੀ ਨਹੀਂ ਕਰਦੇ। ਮੇਰੀ ਹਾਲਤ ਸਾਨ੍ਹਾਂ ਦੇ ਭੇੜ ਵਿੱਚ ਬੱਕਰੀ ਜਿਹੀ ਏ।’’
‘‘ਹੁਣ ਫਿਰ ਤਾਲੇ ਤੋੜੇ ਦਾ ਕੀ ਕਰੀਏ? ਟੁੱਟੇ ਪੋਲ ਦਾ ਕੀ ਕਰੀਏ?’’
‘‘ਸਰ, ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਨੇ ਵੀ ਕਾਲਜ ਦਾ ਧੰਨਵਾਦ ਤੱਕ ਨਹੀਂ ਕੀਤਾ। ਮੁਆਵਜ਼ਾ ਤਾਂ ਕਿਸੇ ਨੇ ਕੀ ਦੇਣਾ ਏ।’’
‘‘ਸਾਨੂੰ ਕਿਸੇ ਚੰਗੇ ਪੱਤਰਕਾਰ ਨੂੰ ਸੱਦ ਕੇ ਦੋਹਾਂ ਥਾਵਾਂ ਦੀ ਤਸਵੀਰ ਤੇ ਖ਼ਬਰ ਅਖ਼ਬਾਰ ਨੂੰ ਦੇ ਦੇਣੀ ਚਾਹੀਦੀ ਏ। ਬਾਕੀ ਕਮੇਟੀ ਦਾ ਵਕੀਲ ਸਾਨੂੰ ਗਾਈਡ ਕਰੂ। ਤੁਸੀਂ ਪ੍ਰਧਾਨ ਸਾਹਿਬ ਨਾਲ ਵੀ ਮਸਲਾ ਵਿਚਾਰ ਲਿਓ। ਉਹ ਵੀ ਤਾਂ ਖ਼ਾਸ ਸਿਆਸਤਦਾਨ ਹਨ।’’
‘‘ਗੱਲ ਤਾਂ ਤੁਹਾਡੀ ਠੀਕ ਏ। ਖ਼ਬਰ ਦੇ ਦਿਓ। ਵਕੀਲ ਨਾਲ ਸਲਾਹ ਕਰਾਂਗੇ। ਬਾਕੀ ਮੈਂ ਪਰਸੋਂ ਅੰਮ੍ਰਿਤਸਰ ਜਾ ਰਿਹਾ ਹਾਂ। ਪ੍ਰਧਾਨ ਸਾਹਿਬ ਨੂੰ ਮਿਲਣ ਦਾ ਸਮਾਂ ਲੈ ਲੈਂਦਾ ਹਾਂ। ਹੋ ਸਕਦਾ ਉਹ ਕਮੇਟੀ ਦੀ ਕਾਰਜਕਾਰਨੀ ਦੀ ਅਗਲੀ ਮੀਟਿੰਗ ਵਿੱਚ ਇਹ ਵਿਸ਼ਾ ਰੱਖ ਦੇਣ।’’
ਪਤਾ ਲੱਗਾ ਸੀ ਕਿ ਮਸਲਾ ਮੀਟਿੰਗ ਵਿੱਚ ਵੀ ਵਿਚਾਰਿਆ ਗਿਆ ਸੀ। ਕੇਸ ਵੀ ਦਰਜ ਹੋ ਗਿਆ ਸੀ। ਕਈ ਸਾਲ ਪਾਣੀ ਵਿੱਚ ਮਧਾਣੀ ਪਈ ਰਹੀ, ਨਾ ਘਿਓ ਨਿਕਲਿਆ, ਨਾ ਲੱਸੀ।
ਫਿਰ ਪਤਾ ਲੱਗਾ ਕਿ ਸ਼ਰਧਾਂਜਲੀ ਸਮਾਗਮ ਤੋਂ ਅੱਧੇ ਘੰਟੇ ਬਾਅਦ ਮੁੱਖ ਮੰਤਰੀ ਸਾਹਿਬ ਪੰਜਾਬ ਵਿੱਚ ਆਪਣੇ ਪਿੰਡ ਜਾ ਉਤਰੇ ਸਨ। ਉੱਥੇ ਵੀ ਉਨ੍ਹਾਂ ਨੂੰ ‘ਜੀ ਆਇਆ’ ਕਹਿਣ ਲਈ ਲੋਕਾਂ ਦਾ ਤੰਤਾ ਲੱਗਾ ਹੋਇਆ ਸੀ। ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਸੌ ਕੁ ਬੰਦਿਆਂ ਨੂੰ ਲੈ ਕੇ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਹੈਲੀਕਾਪਟਰ ਸਾਹਿਬ ਦੇ ਪਿੰਡ ਦੀ ਖੁੱਲੀ ਜਗ੍ਹਾ ’ਤੇ ਉਤਰ ਗਿਆ। ਪਿੰਡ ਦੀ ਪੰਚਾਇਤ ਤੇ ਉਸ ਨਾਲ 15 ਕੁ ਮੋਹਤਬਰ ਹੈਲੀਕਾਪਟਰ ਨੇੜੇ ਗਏ ਤੇ ਮੁੱਖ ਮੰਤਰੀ ਸਾਹਿਬ ਨੂੰ ਸਾਥ ਦਿੰਦੇ ਹੋਏ ਪਹਿਲਾਂ ਪਿੰਡ ਦੇ ਪੰਚਾਇਤ ਘਰ ਵਿੱਚ ਲੈ ਗਏ। ਅਸਲ ਵਿੱਚ ਸਾਹਿਬ ਨੇ ਆਪਣੀ ਇਸ ਫੇਰੀ ਨੂੰ ਸੰਗਤ ਦਰਸ਼ਨ ਦੇ ਰੂਪ ਵਿੱਚ ਬਦਲ ਦਿੱਤਾ ਸੀ। ਇੱਕ ਪੰਥ ਦੋ ਕਾਜ ਜਾਂ ਇਵੇਂ ਕਹੋ ਕਿ ਅੰਬਾਂ ਦੇ ਅੰਬ ਗੁਠਲੀਆਂ ਦੇ ਦਾਮ। ਜਾਂਦੇ ਸਾਰ ਪਹਿਲਾਂ ਸਰਪੰਚ ਸਾਹਿਬ ਨੇ ਚੰਦ ਸ਼ਬਦ ਬੋਲੇ। ਸਰਕਾਰੀ ਅਫ਼ਸਰ ਨੂੰ ਤਾਂ ਪਤਾ ਹੀ ਨਹੀਂ ਲੱਗਾ ਕਿ ਸਾਹਿਬ ਆਪਣੇ ਪਿੰਡ ਰੁਕਣਗੇ। ਫਿਰ ਲੋਕ ਸੰਪਰਕ ਵਿਭਾਗ ਦੇ ਗਾਇਕਾਂ ਦੀ ਜੋੜੀ ਨੇ ਹੇਠ ਲਿਖੀਆਂ ਹੇਕਾਂ ਲਗਾ ਦਿੱਤੀਆਂ;
1). ਪੁੱਤ ਜਿਨ੍ਹਾਂ ਦੇ ਫੌਜੀ ਕਰਮਾ ਵਾਲੀਆਂ ਮਾਵਾਂ ਨੇ
2). ਚੱਲੀ ਰੀਤ ਦਾਜ ਦੀ ਮਾੜੀ
ਜਾਂਦੇ ਬਿਨਾਂ ਕਸੂਰੋਂ ਸਾੜੀ
ਨਵੀਆਂ ਸੱਜ ਵਿਆਹੀਆਂ ਨੂੰ
ਲਾਲਚ ਦੇ ਵੱਸ ਪੈ ਕੇ ਭੁੱਲ ਗਏ
ਨੇਕ ਕਮਾਈਆਂ ਨੂੰ!
ਜਦੋਂ ਸਾਹਿਬ ਨੇ ਲੋਕਾਂ ਨੂੰ ਉਨ੍ਹਾਂ ਦੀਆਂ ਤਕਲੀਫਾਂ ਬਾਰੇ ਪੁੱਛਿਆ ਤਾਂ ਪੰਚਾਇਤ ਸੰਮਤੀ ਦੇ ਚੇਅਰਮੈਨ ਨੇ ਮੁਖਾਤਬ ਹੋ ਕੇ ਇਵੇਂ ਕਿਹਾ!
‘‘ਮੁੱਖ ਮੰਤਰੀ ਸਾਹਿਬ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਬੜੀ ਜਲਦੀ ਇਲਾਕੇ ਵਿੱਚ ਆ ਕੇ ਆਪਣੇ ਪਿੰਡ ਗੇੜਾ ਮਾਰਨ ਆਏ ਹਨ। ਇਹ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ। ਅਸੀਂ ਆਪਣੀਆਂ ਤਕਲੀਫਾਂ ਦੀ ਇੰਨੀ ਜਲਦੀ ਲਿਸਟ ਨਹੀਂ ਬਣਾ ਸਕੇ। ਕਾਰਨ ਇਹ ਹੈ ਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਸੁਨੇਹਾ ਸਾਡੇ ਕੋਲ ਕੱਲ੍ਹ ਸ਼ਾਮ ਨੂੰ ਹੀ ਮਿਲਿਆ ਕਿ ਉਹ ਪਿੰਡ ਆਉਣਗੇ। ਸਾਹਿਬ ਨੇ ਪ੍ਰੋਗਰਾਮ ਅਚਾਨਕ ਕਿਵੇਂ ਬਣਾ ਲਿਆ ਇਹ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਨਾਲੇ ਅਸੀਂ ਚਾਹੁੰਦੇ ਹਾਂ ਕਿ ਸਾਹਿਬ ਆਪਣੇ ਪੈਰ ਜ਼ਰਾ ਹੋਰ ਜਮਾ ਲੈਣ। ਸਰਕਾਰ ਬਣੀ ਨੂੰ ਤਾਂ ਅਜੇ ਮਹੀਨਾ ਕੁ ਹੀ ਹੋਇਆ ਏ। ਆਉਣ ਵਾਲੇ ਚਾਰ ਛੇ ਮਹੀਨਿਆਂ ਵਿੱਚ ਅਸੀਂ ਇਲਾਕੇ ਦੇ ਤੇ ਖ਼ਾਸ ਕਰਕੇ ਪਿੰਡ ਦੇ ਹੋਣ ਵਾਲੇ ਕੰਮਾਂ ਦੀ ਲਿਸਟ ਬਣਾ ਕੇ ਰੱਖਾਂਗੇ। ਫਿਰ ਅਸੀਂ ਸਾਹਿਬ ਨੂੰ ਉਚੇਚਾ ਬੁਲਾਵਾਂਗੇ। ਹੋ ਸਕਦਾ ਏ ਅਸੀਂ ਗਣਤੰਤਰ ਦਿਵਸ ਦੇ ਮੌਕੇ ਅਜਿਹਾ ਪ੍ਰੋਗਰਾਮ ਰੱਖੀਏ। ਆਪਣੇ ਪਿੰਡਾਂ ਦਾ ਵੱਡੇ ਪੱਧਰ ’ਤੇ ਗਣਤੰਤਰ ਦਿਵਸ ਇੱਥੇ ਆਪਣੇ ਪਿੰਡ ਹੀ ਮਨਾਵਾਂਗੇ। ਸਾਹਿਬ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਾਡੇ ਸਮਾਗਮ ਵਿੱਚ ਆਪਣੀ ਸ਼ਿਰਕਤ ਰਾਖਵੀਂ ਰੱਖ ਲੈਣ। ਕਿਧਰੇ ਹੋਰ ਨਾ ਜਾਣ। ਉਦੋਂ ਆਪਾਂ ਹੋਣ ਵਾਲੇ ਕੰਮਾਂ ਦੀ ਲਿਸਟ ਮੁੱਖ ਮੰਤਰੀ ਸਾਹਿਬ ਨੂੰ ਦੇਵਾਂਗੇ।’’
ਸਟੇਜ ਸਕੱਤਰ ਨੇ ਫਿਰ ਮੁੱਖ ਮੰਤਰੀ ਸਾਹਿਬ ਨੂੰ ਬੋਲਣ ਲਈ ਸੱਦਾ ਦਿੱਤਾ। ਸਾਹਿਬ ਲੋਕਾਂ ਨੂੰ ਇੰਜ ਮੁਖਾਤਿਬ ਹੋਏ;
‘‘ਨਗਰ ਨਿਵਾਸੀਓ ਤੇ ਇਲਾਕੇ ਦੇ ਪਤਵੰਤੇ ਸੱਜਣੋ,
ਮੈਨੂੰ ਤੁਹਾਡੇ ਦਰਸ਼ਨ ਕਰਕੇ ਅਤਿਅੰਤ ਖ਼ੁਸ਼ੀ ਮਹਿਸੂਸ ਹੋਈ ਏ। ਸਰਕਾਰ ਬਣੀ ਨੂੰ ਅਜੇ ਮਸਾਂ ਮਹੀਨਾ ਕੁ ਹੀ ਹੋਇਆ ਏ। ਤੁਸੀਂ ਸਹਿਯੋਗ ਦਿੱਤਾ, ਤੁਹਾਡਾ ਕੋਟਿਨ ਕੋਟ ਧੰਨਵਾਦ। ਮੈਂ ਆਇਆ ਤਾਂ ਆਪਣੇ ਪਰਮ ਮਿੱਤਰ ਦੇ ਭੋਗ ’ਤੇ ਸੀ। ਮੈਨੂੰ ਅਚਾਨਕ ਆਪਣੇ ਘਰੋਂ ਆਪਣੀ ਮਾਂ ਦਾ ਸੁਨੇਹਾ ਮਿਲਿਆ ਕਿ ਮੈਂ ਪਿੰਡ ਵੀ ਹੁੰਦਾ ਜਾਵਾਂ। ਮੈਂ ਆਪਣੇ ਪਾਇਲਟ ਨੂੰ ਕਿਹਾ ਕਿ ਹੈਲੀਕਾਪਟਰ ਦੀਆਂ ਮੁਹਾਰਾਂ ਪਿੰਡ ਵੱਲ ਨੂੰ ਮੋੜ ਦੇਵੇ।’’
ਵਾਹਨ ਪਿੰਡ ਉਤਰ ਗਿਆ। ਮੁੱਖ ਮੰਤਰੀ ਸਾਹਿਬ ਆਪਣੇ ਘਰ ਘੰਟਾ ਕੁ ਰਹੇ। ਘਰੋਂ ਬਾਹਰ ਆਉਂਦੇ ਸਾਰ ਉਹ ਪਿੰਡ ਦੇ ਸਰਪੰਚ ਮੇਵਾ ਸਿੰਘ ਨੂੰ ਹਾਸੇ ਹਾਸੇ ਵਿੱਚ ਇਵੇਂ ਮੁਖਾਤਿਬ ਹੋਏ, ‘‘ਮੇਵਾ ਸਿੰਘ ਜੀ ਤੁਸੀਂ ਤਾਂ ਜਾਣਦੇ ਹੀ ਹੋ ਕਿ ਮੈਂ ਚਿੱਬੜਾਂ ਦੀ ਚਟਨੀ ਦਾ ਕਿੰਨਾ ਸ਼ੌਕੀਨ ਹਾਂ। ਮਾਂ ਕਹਿੰਦੀ ਆਜਾ ਚਟਨੀ ਖਾ ਜਾ, ਨਾਲੇ ਚਟਨੀ ਦਾ ਇੱਕ ਵੱਡਾ ਡੱਬਾ ਤੇ ਮੇਵੇ ਵਾਲੇ ਗੁੜ ਦਾ ਇੱਕ ਪੀਪਾ ਹੈਲੀਕਾਪਟਰ ਵਿੱਚ ਨਾਲ ਲਿਜਾਣ ਲਈ ਰੱਖ ਦਿੱਤੇ। ਮੈਂ ਸੋਚਿਆ ਜਾਂਦੇ ਜਾਂਦੇ ਪਿੰਡ ਦੀਆਂ ਦੋ ਸ਼ੁੱਧ ਤੇ ਸੁਆਦ ਸੌਗਾਤਾਂ ਚੰਡੀਗੜ੍ਹ ਨੂੰ ਵੀ ਲੈ ਚੱਲੀਏ।’’
‘‘ਤੁਸੀਂ ਲੋਕਾਂ ਦੀਆਂ ਤਕਲੀਫਾਂ ਸੁਣਨ ਵਾਸਤੇ ਅਗਲੇ ਗੇੜੇ ਦਾ ਯਕੀਨ ਵੀ ਦੁਆਇਆ ਏ।’’
‘‘ਵੀਰ ਜੀ, ਲੋਕਾਂ ਦੀਆਂ ਤਕਲੀਫਾਂ ਸੁਣਨਾ ਤਾਂ ਇੱਕ ਫਾਰਮੈਲਿਟੀ ਹੁੰਦੀ ਏ। ਸਰਕਾਰੀ ਕਾਗਜ਼ਾਂ ਦਾ ਢਿੱਡ ਭਰਨਾ ਹੁੰਦਾ ਏ। ਤੁਹਾਨੂੰ ਪਤਾ ਹੀ ਏ, ਪੰਚਾਇਤ ਸਕੱਤਰ ਸਾਡੇ ਮੂਹਰੇ ਉਹੀ ਤਕਲੀਫਾਂ ਰੱਖਦੇ ਹਨ, ਜਿਹੜੀਆਂ ਬਹੁਤੀਆਂ ਜ਼ਿਆਦਾ ਗੰਭੀਰ ਨਹੀਂ ਹੁੰਦੀਆਂ। ਸੰਗਤ ਦਰਸ਼ਨ, ਸ਼ੁਗਲ ਤੇ ਸੈਰ ਸਪਾਟਾ ਵੱਧ ਹੁੰਦਾ ਏ, ਕੰਮ ਘੱਟ। ਜੇ ਅਸੀਂ ਗੰਭੀਰ ਸ਼ਿਕਾਇਤਾਂ ਸੁਣਨ ਬੈਠ ਜਾਈਏ, ਫਿਰ ਤਾਂ ਹਫ਼ਤਾ ਇੱਥੇ ਹੀ ਬੈਠੇ ਰਹੀਏ।’’
ਸਰਪੰਚ ਨਾਲ ਇਸ ਪ੍ਰਕਾਰ ਦੀਆਂ ਹਲਕੀਆਂ ਫੁਲਕੀਆਂ ਗੱਲਾਂ ਕਰਦੇ ਹੋਏ ਮੁੱਖ ਮੰਤਰੀ ਸਾਹਿਬ ਹੈਲੀਕਾਪਟਰ ਵੱਲ ਨੂੰ ਚੱਲ ਪਏ। ਅੱਧੇ ਘੰਟੇ ਵਿੱਚ ਹੈਲੀਕਾਪਟਰ ਚੰਡੀਗੜ੍ਹ ਜਾ ਉਤਰਿਆ। ਮੈਨੂੰ ਇਹ ਦੌਰਾ ਸਰਕਾਰੀ ਖਰਚੇ ’ਤੇ ਨਿੱਜੀ ਦੌਰਾ ਵੱਧ ਮਹਿਸੂਸ ਹੋਇਆ।
ਸੰਪਰਕ:- 61 437 641 033