ਮਿੰਨੀ ਕਹਾਣੀਆਂ
ਡਰ
ਸੁਖਦੇਵ ਸਿੰਘ ਔਲਖ
ਚੇਤ ਮਹੀਨੇ ਦਾ ਆਖ਼ਰੀ ਹਫ਼ਤਾ ਵਿਸਾਖ ਚੜ੍ਹਨ ਵਿੱਚ ਉਂਗਲਾਂ ’ਤੇ ਗਿਣਨ ਜੋਗੇ ਦਿਨ ਬਾਕੀ।
ਤਿੱਖੀ ਧੁੱਪ ਤੇ ਹਵਾ ਦੇ ਫਰਾਟਿਆਂ ਨੇ ਹਰੀ ਕਚੂਰ ਕਣਕ ਦਾ ਰੰਗ ਦਿਨਾਂ ਵਿੱਚ ਹੀ ਸੋਨੇ ਰੰਗਾ ਕਰ ਦਿੱਤਾ। ਜਿੱਥੋਂ ਤੱਕ ਨਜ਼ਰ ਜਾਂਦੀ, ਇਉਂ ਲੱਗਦਾ, ਜਿਵੇਂ ਸਾਰੇ ਖੇਤ ਸੋਨੇ ਦੀ ਚਾਦਰ ਨਾਲ ਢਕੇ ਹੋਣ। ਖੇਤਾਂ ਦਾ ਇਹ ਨਜ਼ਾਰਾ ਦੇਖ ਕੇ ਉਸ ਦਾ ਮਨ ਖ਼ੁਸ਼ੀ ਤੇ ਹੌਸਲੇ ਨਾਲ ਭਰ ਗਿਆ।
ਅੱਧੀ ਰਾਤ ਦੇ ਨੇੜੇ ਮੋਟਰ ਦੇ ਕੋਠੇ ਦੀਆਂ ਖਿੜਕੀਆਂ ਤੇ ਦਰਵਾਜ਼ਾ ਜ਼ੋਰ ਜ਼ੋਰ ਦੀ ਖੜਕਣ ਲੱਗੇ। ਅੱਖ ਖੁੱਲ੍ਹੀ ਤਾਂ ਦੇਖਿਆ ਆਸਮਾਨ ਕਾਲੀ ਘਟਾ ਨਾਲ ਭਰਿਆ ਹੋਇਆ ਸੀ। ਹਵਾ ਪੂਰੇ ਜ਼ੋਰ ਨਾਲ ਖੌਰੂ ਪਾਵੇ ਤੇ ਸੀਟੀਆਂ ਵੱਜਣ, ਬਿਜਲੀ ਲਿਸ਼ਕੇ, ਬੱਦਲ ਗੱਜੇ। ਮੌਸਮ ਦਾ ਮਿਜ਼ਾਜ ਵਿਗੜਿਆ ਦੇਖ, ਮਨ ਉੱਤੇ ਫ਼ਿਕਰਾਂ ਦੀ ਪੰਡ ਦਾ ਬੋਝ ਪੈ ਗਿਆ। ‘ਬਰਸੇ ਚੇਤ, ਬਚੇ ਘਰ ਨਾ ਖੇਤ’ ਦਾ ਚੇਤਾ ਆਇਆ ਅਤੇ ਕਣਕ ਦੀ ਸਾਰੀ ਫਸਲ ਅੱਖਾਂ ਮੂਹਰੇ ਤਬਾਹ ਹੁੰਦੀ ਜਾਪਣ ਲੱਗੀ।
ਨਵੀਂ ਲਿਆਂਦੀ ਕੰਬਾਈਨ ਦੀ ਕਿਸ਼ਤ, ਆੜ੍ਹਤੀਏ ਦਾ ਕਰਜ਼ਾ, ਧੀ ਦੇ ਹੱਥ ਪੀਲੇ ਕਰਨ ਦੀ ਮਨਸ਼ਾ, ਬਾਕੀ ਦੀ ਕਬੀਲਦਾਰੀ ਦਾ ਲੈਣ ਦੇਣ, ਇਹ ਸਾਰਾ ਕੁਝ ਮਨ ਦੇ ਚਿੱਤਰਪੱਟ ਉੱਤੇ ਚਲਚਿੱਤਰਾਂ ਵਾਂਗ ਉੱਭਰਦਾ ਤੇ ਲੋਪ ਹੋ ਜਾਂਦਾ।
ਇਸ ਮੌਸਮੀ ਕਹਿਰ ਤੋਂ ਬਚਣ ਲਈ ਕਦੇ ਉਹ ਕਿਸੇ ਧਾਰਮਿਕ ਡੇਰੇ ਦੀ ਸ਼ਰਨ ਲੈਂਦਾ, ਕਦੇ ਆਪਣੇ ਗੁਰੂ ਪੀਰ ਮੂਹਰੇ ਹੱਥ ਜੋੜਦਾ ਫਰਿਆਦ ਕਰਦਾ, ਕਦੇ ਇਸ ਨੂੰ ਪਿਛਲੇ ਜਨਮ ਦੇ ਲੈਣੇ ਦੇਣੇ ਨਾਲ ਜੋੜ ਕੇ ਸਬਰ ਕਰਨ ਦੀ ਕੋਸ਼ਿਸ਼ ਕਰਦਾ। ਇਸੇ ਉਧੇ -ਬੁਣ ਵਿੱਚ ਪਤਾ ਨਹੀਂ ਕਦੋਂ ਅੱਖ ਲੱਗ ਗਈ।
ਸਵੇਰੇ ਜਦੋਂ ਉਸ ਦੀ ਅੱਜ ਖੁੱਲ੍ਹੀ ਤਾਂ ਮੋਟਰ ਵਾਲੇ ਕੋਠੇ ’ਚੋਂ ਬਾਹਰ ਨਿਕਲਿਆ, ਸਾਰਾ ਆਸਮਾਨ ਸਾਫ਼ ਸੀ। ਪੂਰਬ ਦੀ ਲਾਲੀ ਉਸ ਨੂੰ ਸ਼ੁਭ ਸਵੇਰ ਕਹਿ ਰਹੀ ਸੀ। ਕਣਕ ਦੇ ਸਾਰੇ ਖੇਤ ਸਲਾਮਤ ਸਨ। ਰਾਤ ਵਾਲਾ ਵਿਗੜਿਆ ਮੌਸਮ ਉਸ ਲਈ ਸੁਪਨਾ ਹੀ ਹੋ ਗਿਆ ਸੀ। ਉਸ ਦੇ ਦੋਵੇਂ ਹੱਥ ਆਪਮੁਹਾਰੇ ਹੀ ਜੁੜ ਗਏ ਤੇ ਮਨ ਹੀ ਮਨ ਵਿੱਚ ਬੋਲਿਆ, ‘ਪਤਾ ਨਹੀਂ ਕਿਸ ਦੇ ਭਾਗਾਂ ਨੂੰ ਸੁੱਖ ਰਹਿ ਗਈ।’
ਸੰਪਰਕ: 94647-70121, 94936-15000
* * *
ਬਕਾਇਆ
ਮਾਸਟਰ ਸੁਖਵਿੰਦਰ ਦਾਨਗੜ੍ਹ
ਗੁਰਦੇਵ ਕੌਰ ਆਪਣੀ ਪੈਨਸ਼ਨ ਨੂੰ ਬੇਸਬਰੀ ਨਾਲ ਉਡੀਕਦੀ ਰਹਿੰਦੀ ਸੀ। ਜਦ ਵੀ ਉਸ ਦਾ ਮੁੰਡਾ ਦਰਸ਼ਨ ਸ਼ਹਿਰ ਵੱਲ ਜਾਣ ਲੱਗਦਾ ਤਾਂ ਉਹ ਆਪਣੀ ਬੈਂਕ ਵਾਲੀ ਕਾਪੀ ਫੜਾਉਂਦੀ ਬੋਲਦੀ, ‘‘ਵੇ ਪੁੱਤ!! ਲੱਗਦੇ ਹੱਥ ਬੈਂਕ ’ਚੋਂ ਮੇਰੀ ਪੈਲਸਨ ਦਾ ਵੀ ਪਤਾ ਕਰ ਆਵੀਂ।’’
ਅੱਗੋਂ ਦਰਸ਼ਨ ਵੀ ਕਹਿ ਦਿੰਦਾ, ‘‘ਤੂੰ ਵੀ ਬੇਬੇ ਸਾਰਾ ਦਿਨ ਪੈਨਸ਼ਨ-ਪੈਨਸ਼ਨ ਕਰੀ ਜਾਂਦੀ ਐਂ! ਦੱਸ ਕੀ ਕਮੀ ਐ ਆਪਣੇ ਕੋਲ? ਇਹ ਜਾਇਦਾਦ ਤੁਹਾਡੀ ਹੀ ਹੈ ਜਿਸ ਦੇ ਸਿਰ ’ਤੇ ਅਸੀਂ ਐਸ਼ ਕਰਦੇ ਆਂ, ਬੋਲ ਕਿੰਨੇ ਪੈਸੇ ਦੇਵਾਂ ਤੈਨੂੰ?’’
ਅੱਗੋਂ ਗੁਰਦੇਵ ਕੌਰ ਵੀ ਕਹਿ ਦਿੰਦੀ, ‘‘ਪੁੱਤ! ਇਹ ਦੌਲਤ ਤੁਹਾਨੂੰ ਸੁਹਾਂਢਣੀ ਹੋਵੇ। ਮੇਰੇ ਲਈ ਤਾਂ ਪੈਲਸਨ ਹੀ ਬਥੇਰੀ ਐ, ਪਰ ਚੰਦਰੀ ਮਿਲ ਜਾਇਆ ਕਰੇ ਟੈਮ ਨਾਲ।’’
ਦਰਸ਼ਨ ਕਾਪੀ ਲੈ ਕੇ ਸ਼ਹਿਰ ਚਲਾ ਗਿਆ ਅਤੇ ਵਾਪਸ ਆ ਕੇ ਕਹਿਣ ਲੱਗਿਆ, ‘‘ਮਾਂ! ਆ ਗਈ ਤੇਰੀ ਪੈਨਸ਼ਨ, ਨਾਲੇ ਐਤਕੀਂ ਤਾਂ ਸਰਕਾਰ ਨੇ ਬਕਾਇਆ ਵੀ ਪਾ ਦਿੱਤਾ।’’
ਇਹ ਸੁਣ ਕੇ ਗੁਰਦੇਵ ਕੌਰ ਦਾ ਚਿਹਰਾ ਖਿੜ ਗਿਆ ਅਤੇ ਦੂਜੇ ਦਿਨ ਉਹ ਬੈਂਕ ’ਚ ਜਾ ਕੇ ਆਪਣੇ ਪੈਸੇ ਕਢਵਾ ਲਿਆਈ। ਆਪਣੇ ਪੋਤੇ-ਪੋਤੀਆਂ ਨੂੰ ਪੰਜ-ਪੰਜ ਸੌ ਦੇ ਨੋਟ ਦਿੰਦਿਆਂ ਬੋਲੀ, ‘‘ਆਹ ਲਓ ਵੇ! ਆਪਣੇ ਵਾਸਤੇ ਜੋ ਮਰਜ਼ੀ ਲੈ ਆਇਓ, ਕਰੋ ਮੌਜਾਂ।’’
ਇਸ ਪਿੱਛੋਂ ਗੁਰਦੇਵ ਕੌਰ ਦੀ ਪੈਨਸ਼ਨ ਕਦੇ ਵੀ ਲੇਟ ਨਾ ਹੋਈ। ਹਰ ਚੜ੍ਹਦੇ ਮਹੀਨੇ ਖਾਤੇ ’ਚ ਪੈ ਜਾਂਦੀ ਅਤੇ ਦੋ ਚਾਰ ਮਹੀਨਿਆਂ ਬਾਅਦ ਪੰਜ-ਚਾਰ ਹਜ਼ਾਰ ਬਕਾਇਆ ਵੀ ਪੈ ਜਾਂਦਾ ਸੀ।
ਅਚਾਨਕ ਇਹ ਬਦਲਾਅ ਆਇਆ ਦੇਖ ਕੇ ਗੁਰਦੇਵ ਕੌਰ ਸੋਚਦੀ, ‘ਆਹ ਤਾਂ ਸਰਕਾਰ ਨੇ ਰੰਗ-ਭਾਗ ਲਾ ਦਿੱਤੇ ਨੇ।’ ਉਹ ਬੈਂਕ ਵਾਲਿਆਂ ਨੂੰ ਅਸੀਸਾਂ ਦਿੰਦੀ ਨਾ ਥੱਕਦੀ, ਨੂੰਹ-ਪੁੱਤ ਵਾਸਤੇ ਜੋੜਾ-ਜੁੱਤੀ ਆਪ ਹੀ ਲੈ ਆਉਂਦੀ। ਦੂਜੇ ਪਾਸੇ ਦਰਸ਼ਨ ਵੀ ਖ਼ੁਸ਼ ਸੀ ਕਿ ਬੇਬੇ ਨੇ ਸਾਰੀ ਉਮਰ ਕਮਾਈ ਕੀਤੀ ਹੈ, ਹੁਣ ਤਾਂ ਬਾਪੂ ਦਾ ਸਹਾਰਾ ਵੀ ਨਹੀਂ ਰਿਹਾ, ਬੇਬੇ ਦਾ ਕਰਜ਼ ਤਾਂ ਅਸੀਂ ਸਾਰੀ ਉਮਰ ਨਹੀਂ ਮੋੜ ਸਕਦੇ, ਤਾਂ ਕੀ ਹੋ ਗਿਆ ਜੇ ਮੈਂ ਆਪਣੇ ਕੋਲੋਂ ਚੜ੍ਹੇ ਮਹੀਨੇ ਹਜ਼ਾਰ ਦੋ ਹਜ਼ਾਰ ਬੇਬੇ ਦੇ ਖਾਤੇ ’ਚ ਜਮ੍ਹਾਂ ਕਰਵਾ ਦਿੰਦਾ ਹਾਂ ਅਤੇ ਬੇਬੇ ਵੀ ਕਢਵਾ ਕੇ ਪਰਿਵਾਰ ’ਚ ਹੀ ਵੰਡ ਦਿੰਦੀ ਹੈ।
ਸੰਪਰਕ: 94171-80205
* * *
ਪੱਖਪਾਤ ਅਤੇ ਹਨੇਰ
ਅਵਤਾਰ ਤਰਕਸ਼ੀਲ
ਸ਼ਾਮੋਂ ਆਪਣੀ ਸਹੇਲੀ ਮਿੰਦੋ ਨੂੰ ਨਾਲ ਲੈ ਕੇ ਬੜੇ ਚਾਅ ਨਾਲ ਧਾਰਮਿਕ ਅਸਥਾਨ ’ਤੇ ਸੁੱਖਣਾ ਲਾਹੁਣ ਜਾ ਰਹੀ ਸੀ। ਬੜੀ ਮੁਸ਼ਕਿਲ ਨਾਲ ਉਸ ਦਾ ਪੁੱਤ ਅਮਰੀਕਾ ਵਿੱਚ ਪੱਕਾ ਹੋਇਆ ਸੀ। ਧਾਰਮਿਕ ਅਸਥਾਨ ਦੋ ਕਿਲੋਮੀਟਰ ਦੂਰ ਹੋਣ ਕਾਰਨ ਉਨ੍ਹਾਂ ਦੋਵਾਂ ਨੇ ਰਿਕਸ਼ਾ ਕਰ ਲਿਆ ਸੀ।
ਦੋਵੇਂ ਭਾਰੇ ਸਰੀਰ ਦੀਆਂ ਹੋਣ ਕਾਰਨ ਰਿਕਸ਼ਾ ਚਾਲਕ ਰਾਮੂ ਨੂੰ ਭਾਰ ਖਿੱਚਣ ਵਿੱਚ ਕੁਝ ਤੰਗੀ ਮਹਿਸੂਸ ਹੋ ਰਹੀ ਸੀ। ਸ਼ਾਮੋ ਰਾਮੂੰ ਨਾਲ ਗੱਲਾਂ ਕਰਦੀ ਗਈ ਕਿ ਕਿਵੇਂ ਹੁਣ ਉਸ ਦਾ ਪੁੱਤ ਅਮਰੀਕਾ ਵਿੱਚ ਪੱਕਾ ਹੋ ਗਿਆ ਹੈ ਅਤੇ ਨੌਕਰੀ ਵੀ ਮੈਨੇਜਰ ਦੀ ਹਾਸਿਲ ਕਰ ਲਈ ਹੈ ਜਿਸ ਵਿੱਚ ਤਨਖ਼ਾਹ ਵੀ ਬਹੁਤ ਹੈ। ਸਾਡੇ ਤਾਂ ਹੁਣ ਵਾਰੇ ਨਿਆਰੇ ਹੋ ਗਏ ਹਨ। ਰੱਬ ਨੇ ਸਾਡੀ ਸੁਣ ਲਈ ਹੈ। ਰੱਬ ਦੇ ਘਰ ਦੇਰ ਹੈ ਪਰ ਹਨੇਰ ਨਹੀਂ ਹੈ। ਰੱਬ ਇਸੇ ਤਰ੍ਹਾਂ ਹੀ ਸਭ ਦੀ ਸੁਣੇ। ਰਾਮੂ ਨੂੰ ਸ਼ਾਮੋਂ ਦੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ। ਮਨ ਹੀ ਮਨ ਉਸ ਨੇ ਸੋਚਿਆ ਕਿ ਕਿੰਨੀ ਚੰਗੀ ਗੱਲ ਹੈ, ਰੱਬ ਸਭ ਦੀ ਸੁਣੇ।
ਰਿਕਸ਼ਾ ਧਾਰਮਿਕ ਅਸਥਾਨ ਦੇ ਗੇਟ ’ਤੇ ਰੁਕਿਆ ਤਾਂ ਦੋਵੇਂ ਜਣੀਆਂ ਥੱਲੇ ਉਤਰੀਆਂ। ਰਾਮੂ ਨੇ ਕੁਝ ਰਾਹਤ ਮਹਿਸੂਸ ਕੀਤੀ। ਸ਼ਾਮੋਂ ਨੇ ਉਸ ਨੂੰ ਪੁੱਛਿਆ ਕਿ ਕਿੰਨੇ ਪੈਸੇ ਬਣੇ? ਰਾਮੂ ਨੇ ਕਿਹਾ, ‘‘ਸੱਠ ਰੁਪਏ।’’ ਸ਼ਾਮੋਂ ਆਖਣ ਲੱਗੀ, ‘‘ਸੱਠ ਰੁਪਏ ਕਾਹਦੇ? ਪਿਛਲੇ ਪੰਜ ਸਾਲਾਂ ਤੋਂ ਤਾਂ 40 ਰੁਪਏ ਦੇ ਕੇ ਆਉਂਦੇ ਹਾਂ।’’ ਰਾਮੂ ਨੇ ਕਿਹਾ, ‘‘ਬੀਬੀ ਜੀ, ਮਹਿੰਗਾਈ ਬਹੁਤ ਹੋ ਗਈ ਹੈ।’’ ਉਹ ਆਖਣ ਲੱਗੀ, ‘‘ਮਹਿੰਗਾਈ ਕਿਸ ਚੀਜ਼ ਦੀ ਹੋ ਗਈ? ਐਵੇਂ ਗੱਲਾਂ ਮਾਰਦਾ ਹੈਂ ਰਿਕਸ਼ੇ ਵਿੱਚ ਕਿਹੜਾ ਪੈਟਰੋਲ ਪੈਂਦਾ ਏ?’’ ਇਹ ਕਹਿੰਦਿਆਂ ਸ਼ਾਮੋਂ ਉਸ ਨੂੰ 40 ਰੁਪਏ ਦੇ ਕੇ ਤੁਰ ਪਈ ਅਤੇ ਨਾਲ ਹੀ ਕਹਿਣ ਲੱਗੀ, ‘‘ਐਵੇਂ ਯਭਲੀਆਂ ਨਾ ਮਾਰ। ਬੜੀ ਮੁਸ਼ਕਿਲ ਨਾਲ ਰੱਬ ਨੇ ਸਾਡੀ ਸੁਣੀ ਹੈ ਅਤੇ ਮਸਾਂ ਸੁਖ ਦਾ ਸਾਹ ਆਇਆ ਹੈ।’’ ਇਹ ਕਹਿੰਦਿਆਂ ਸ਼ਾਮੋਂ ਨੂੰ ਰਾਮੂ ਦਾ ਔਖਾ ਸਾਹ ਆਇਆ ਦਿਖਾਈ ਨਾ ਦਿੱਤਾ। ਰਾਮੂ ਕੁਝ ਔਖਾ ਹੋ ਕੇ ਆਪਣਾ ਪਸੀਨਾ ਪੂੰਝਦਾ ਹੋਇਆ ਆਖਣ ਲੱਗਾ, ‘‘ਬੀਬੀ ਜੀ, ਰੱਬ ਨੇ ਮੇਰੀ ਤਾਂ ਅੱਜ ਤੱਕ ਨਹੀਂ ਸੁਣੀ।’’ ਸ਼ਾਮੋਂ ਕਹਿੰਦੀ, ‘‘ਕੀ ਮਤਲਬ?’’ ਰਾਮੂ ਕਹਿੰਦਾ, ‘‘ਮੈਂ ਵੀ ਸਵੇਰੇ ਰੱਬ ਅੱਗੇ ਪ੍ਰਾਰਥਨਾ ਕੀਤੀ ਸੀ ਕਿ ਮੈਨੂੰ ਸਵਾਰੀ ਚੰਗੀ ਮਿਲੇ ਪਰ ਸਵਾਰੀ ਪੰਜ ਸਾਲ ਪਹਿਲਾਂ ਵਾਲਾ ਕਿਰਾਇਆ ਦੇ ਕੇ ਹੀ ਤੁਰ ਪਈ ਹੈ।’’
ਉਹ ਅਗਲੀ ਸਵਾਰੀ ਦੀ ਭਾਲ ਵਿੱਚ ਫਿਰਦਾ ਸੋਚ ਰਿਹਾ ਸੀ ਕਿ ਸ਼ਾਇਦ ਰੱਬ ਅੱਗੇ ਕੀਤੀ ਪ੍ਰਾਰਥਨਾ ਵਿੱਚ ਵੀ ਕੋਈ ਫ਼ਰਕ ਹੁੰਦਾ ਹੋਵੇਗਾ। ਇੱਕ ਦੀ ਸੁਣ ਕੇ ਅਮਰੀਕਾ ਵਿੱਚ ਪੱਕਾ ਕਰ ਦਿੱਤਾ ਅਤੇ ਉਸੇ ਦੇ ਘਰਦਿਆਂ ਨੇ ਮੈਨੂੰ ਬਣਦਾ ਕਿਰਾਇਆ ਵੀ ਨਹੀਂ ਦਿੱਤਾ। ਰਾਮੂ ਨੂੰ ਰੱਬ ਦੇ ਪੱਖਪਾਤ ’ਤੇ ਬਹੁਤ ਗੁੱਸਾ ਆ ਰਿਹਾ ਸੀ। ਉਸ ਨੂੰ ਰੱਬ ਦੇ ਘਰ ਦਾ ਹਨੇਰ ਸਾਫ਼ ਦਿਖਾਈ ਦੇ ਰਿਹਾ ਸੀ।
ਸੰਪਰਕ: 006421392147
* * *
ਰਫ਼ਤਾਰ
ਪਰਮਿੰਦਰ ਕੌਰ
ਇੱਕ ਜੰਗਲ ਵਿੱਚ ਬਹੁਤ ਸਾਰੇ ਜਾਨਵਰ ਮਿਲ-ਜੁਲ ਕੇ ਇਕੱਠੇ ਰਹਿੰਦੇ ਸਨ। ਇੱਕ ਰਾਤ ਸਾਰੇ ਜਾਨਵਰਾਂ ਨੇ ਸਵੇਰੇ ਪਿਕਨਿਕ ਜਾਣ ਦਾ ਪ੍ਰੋਗਰਾਮ ਬਣਾਇਆ। ਲੂੰਬੜੀ ਸਮੇਂ ਦੀ ਪਾਬੰਦ ਸੀ। ਉਸ ਨੇ ਕਿਹਾ ਕਿ ਸਵੇਰੇ ਛੇ ਵਜੇ ਸਾਰੇ ਤਿਆਰ ਹੋ ਕੇ ਇੱਕ ਥਾਂ ਇਕੱਠੇ ਹੋ ਜਾਣ, ਜੋ ਦੇਰੀ ਨਾਲ ਆਇਆ ਉਹ ਇੱਥੇ ਹੀ ਰਹੇਗਾ ਤੇ ਸਾਰਿਆਂ ਲਈ ਰਾਤ ਦੇ ਖਾਣੇ ਦੀ ਤਿਆਰੀ ਦੇ ਨਾਲ ਨਾਲ ਸਾਫ਼-ਸਫ਼ਾਈ ਵੀ ਕਰੇਗਾ। ਸਾਰੇ ਜਾਨਵਰ ਰਾਜ਼ੀ ਹੋ ਗਏ। ਖ਼ਰਗੋਸ਼ ਨੂੰ ਆਪਣੀ ਰਫ਼ਤਾਰ ਦਾ ਬਹੁਤ ਘੁਮੰਡ ਸੀ। ਸਾਰੇ ਜਾਨਵਰ ਜਲਦੀ ਸੌਣ ਦੀ ਤਿਆਰੀ ਕਰਨ ਲੱਗੇ ਕਿਉਂਕਿ ਜਲਦੀ ਸੌਣਗੇ ਤਾਂ ਹੀ ਜਲਦੀ ਉੱਠਣਗੇ। ਕੱਛੂ ਨੇ ਦੇਖਿਆ ਕਿ ਖ਼ਰਗੋਸ਼ ਮੋਬਾਈਲ ਦੇਖ ਰਿਹਾ ਸੀ। ਉਸ ਨੇ ਖ਼ਰਗੋਸ਼ ਨੂੰ ਕਿਹਾ, ‘‘ਤੂੰ ਜਲਦੀ ਸੌਂ ਜਾ। ਨਹੀਂ ਤਾਂ ਸਵੇਰੇ ਪਿਕਨਿਕ ਲਈ ਨਹੀਂ ਜਾ ਸਕੇਗਾ।’’ ਪਰ ਖ਼ਰਗੋਸ਼ ਨੇ ਉਸ ਨੂੰ ਉਲਟਾ ਜਵਾਬ ਦਿੰਦੇ ਹੋਏ ਕਿਹਾ, ‘‘ਤੂੰ ਆਪਣੀ ਰਫ਼ਤਾਰ ਦੀ ਫ਼ਿਕਰ ਕਰ। ਸਵੇਰੇ-ਸਵੇਰੇ ਪਿਕਨਿਕ ਲਈ ਜਿਸ ਥਾਂ ਇਕੱਠੇ ਹੋਣਾ ਹੈ, ਤੈਨੂੰ ਤਾਂ ਉੱਥੇ ਪਹੁੰਚਦਿਆਂ ਹੀ ਇੱਕ ਘੰਟਾ ਲੱਗ ਜਾਣਾ ਹੈ ਜਦੋਂਕਿ ਮੈਂ ਤਾਂ ਦਸ ਮਿੰਟ ਵਿੱਚ ਹੀ ਪਹੁੰਚ ਜਾਵਾਂਗਾ। ਤੂੰ ਸੌਂ ਜਾ ਜਲਦੀ,’’ ਇਹ ਕਹਿ ਕੇ ਖ਼ਰਗੋਸ਼ ਦੇਰ ਰਾਤ ਤੱਕ ਮੋਬਾਈਲ ਦੇਖਦਾ ਰਿਹਾ। ਕੱਛੂ ਅਲਾਰਮ ਲਗਾ ਕੇ ਸੌਂ ਗਿਆ। ਸਵੇਰੇ ਚਾਰ ਵਜੇ ਅਲਾਰਮ ਵੱਜਿਆ ਤਾਂ ਉਸ ਨੇ ਇੱਕ ਵਾਰ ਫਿਰ ਖ਼ਰਗੋਸ਼ ਨੂੰ ਉਠਾਇਆ ਕਿ ਚਾਰ ਵੱਜ ਗਏ ਹਨ, ਉੱਠ ਕੇ ਤਿਆਰ ਹੋ ਜਾਵੇ।
ਖ਼ਰਗੋਸ਼ ਨੇ ਆਪਣੀ ਰਫ਼ਤਾਰ ਦਾ ਘੁਮੰਡ ਕਰਦੇ ਹੋਏ ਕੱਛੂ ਨੂੰ ਗੁੱਸੇ ਨਾਲ ਕਿਹਾ, ‘‘ਮੈਨੂੰ ਤੰਗ ਨਾ ਕਰ। ਤੂੰ ਤਿਆਰ ਹੋ ਤੇ ਜਾ। ਮੈਂ ਅਜੇ ਹੋਰ ਸੌਂ ਕੇ ਵੀ ਤੇਰੇ ਨਾਲੋਂ ਪਹਿਲਾਂ ਪਹੁੰਚ ਜਾਵਾਂਗਾ।’’ ਫਿਰ ਕੱਛੂ ਨਹਾ-ਧੋ ਕੇ ਤਿਆਰ ਹੋਇਆ ਤੇ ਜ਼ਰੂਰਤ ਦਾ ਸਾਮਾਨ ਨਾਲ ਲੈ ਕੇ ਤੁਰ ਪਿਆ। ਉਹ ਸਮੇਂ ਤੋਂ ਦਸ ਕੁ ਮਿੰਟ ਪਹਿਲਾਂ ਹੀ ਉਸ ਜਗ੍ਹਾ ਪਹੁੰਚ ਗਿਆ ਜਿੱਥੇ ਸਭ ਨੇ ਇਕੱਠੇ ਹੋਣਾ ਸੀ। ਖ਼ਰਗੋਸ਼ ਬਹੁਤ ਦੇਰ ਨਾਲ ਉੱਠਿਆ ਤੇ ਜਦ ਤਿਆਰ ਹੋ ਕੇ ਪਹੁੰਚਿਆ ਤਾਂ ਸਾਰੇ ਉੱਥੋਂ ਜਾ ਚੁੱਕੇ ਸਨ। ਹੁਣ ਉਹ ਪਛਤਾਅ ਰਿਹਾ ਸੀ ਕਿ ਉਹ ਦੇਰ ਰਾਤ ਤੱਕ ਮੋਬਾਈਲ ਕਿਉਂ ਦੇਖਦਾ ਰਿਹਾ ਅਤੇ ਕੱਛੂ ਦੇ ਜਗਾਉਣ ’ਤੇ ਵੀ ਕਿਉਂ ਨਾ ਜਾਗਿਆ।
ਸੰਪਰਕ: 98773-46150
* * *
ਆਸ਼ੀਰਵਾਦ
ਪਰਮਜੀਤ ਕੌਰ
ਪੰਜਵੀਂ ’ਚ ਪੜ੍ਹਦਾ ਸ਼ਰਾਰਤੀ ਰਮਨ ਦੌੜਾ-ਦੌੜਾ ਆਇਆ। ਕਾਹਲੀ ਨਾਲ ਮਾੜਾ ਜਿਹਾ ਝੁਕ ਕੇ, “ਦਾਦੀ ਮਾਂ, ਮੈਨੂੰ ਛੇਤੀ ਆਸ਼ੀਰਵਾਦ ਦਿਓ, ਮੈਂ ਸਕੂਲ ਜਾਣੈ ਵੈਨ ਹਾਰਨ ਮਾਰੀ ਜਾਂਦੀ ਐ।’’
ਦਾਦੀ ਮਾਂ ਨੇ ਅਸੀਸ ਦਿੰਦਿਆਂ ਕਿਹਾ, “ਪੁੱਤ, ਅੱਜ ਕੀ ਗੱਲ ਹੈ, ਬਹੁਤ ਲਾਡ ਆ ਰਿਹਾ ਦਾਦੀ ਮਾਂ ਦਾ?’’
‘‘ਦਾਦੀ ਮਾਂ, ਅੱਜ ਮੇਰਾ ਇਮਤਿਹਾਨ ਐ। ਹੁਣ ਰੋਜ਼ ਆਸ਼ੀਰਵਾਦ ਦਿਆ ਕਰੋ ਮੈਨੂੰ।’’ ਦਾਦੀ ਮਾਂ ਨੇ ਹੱਸਦੇ ਹੋਏ ਕਿਹਾ, “ਪਹਿਲਾਂ ਕਦੇ ਆਸ਼ੀਰਵਾਦ ਲੈਣ ਦਾ ਚੇਤਾ ਨਹੀਂ ਆਇਆ?’’ “ਚੇਤਾ ਤਾਂ ਸੀ ਮੈਨੂੰ। ਫਿਰ ਸੋਚਿਆ ਕਿਤੇ ਰੋਜ਼-ਰੋਜ਼ ਆਸ਼ੀਰਵਾਦ ਲੈਣ ਨਾਲ ਘਟ ਹੀ ਜਾਣ ਤੇ ਫਿਰ ਮੌਕੇ ’ਤੇ ਕੰਮ ਹੀ ਨਾ ਆਉਣ,” ਰਮਨ ਇਹ ਕਹਿੰਦਾ ਸਕੂਲ ਵੈਨ ਵਿੱਚ ਬੈਠ ਗਿਆ ਅਤੇ ਦਾਦੀ ਮਾਂ ਪੋਤੇ ਦੀਆਂ ਗੱਲਾਂ ’ਤੇ ਮੁਸਕਰਾ ਰਹੀ ਸੀ ਤੇ ਨਾਲ ਸੋਚ ਰਹੀ ਸੀ ਕਿ ‘ਪੁੱਤਰਾ, ਅਸੀਸਾਂ ਰੱਬੀ ਬਰਕਤਾਂ ਵਾਂਗੂੰ ਵਧਦੀਆਂ ਨੇ ਘਟਦੀਆਂ ਨਹੀਂ’।
ਸੰਪਰਕ: 83608-15955
* * *
ਵੱਡੀ ਕਮਾਈ
ਰਛਪਾਲ ਸਿੰਘ ਰੈਸਲ
ਅੱਜ ਕੰਮ ਨੂੰ ਤੁਰਨ ਲੱਗਿਆਂ ਮਾਂ ਦੇ ਪੈਰੀਂ ਹੱਥ ਲਗਾਉਣ ਲੱਗਿਆ ਤਾਂ ਮੰਜੇ ’ਤੇ ਬੈਠੀ ਮਾਂ ਨੇ ਪੁੱਛਿਆ, ‘‘ਠੰਢ ਹੋਵੇ ਜਾਂ ਗਰਮੀ, ਏਨੀ ਦੂਰ ਜਾਂਦਾ ਏਂ। ਏਨੇ ਘੱਟ ਪੈਸਿਆਂ ’ਚੋਂ ਕੁਝ ਬਚ ਵੀ ਜਾਂਦਾ ਏ ਤੈਨੂੰ...?’’ ਮੈਂ ਹੱਸ ਕੇ ਕਹਿ ਛੱਡਿਆ, ‘‘ਸਬਰ ਹੀ ਬਚਦੈ।’’ ਮੋਢੇ ’ਤੇ
ਹੱਥ ਰੱਖਦੀ ਕਹਿਣ ਲੱਗੀ, ‘‘ਇਹ ਵੀ ਵੱਡੀ
ਕਮਾਈ ਐ ਪੁੱਤ।’’
ਸੰਪਰਕ: 94178-97576