ਡਾਕ ਐਤਵਾਰ ਦੀ
ਭਾਸ਼ਾ ’ਤੇ ਸਿਆਸਤ
ਐਤਵਾਰ 30 ਮਾਰਚ ਦੇ ‘ਸੋਚ ਸੰਗਤ’ ਪੰਨੇ ’ਤੇ ਰਾਮਚੰਦਰ ਗੁਹਾ ਦਾ ਲੇਖ ‘ਭਾਰਤ ਬਾਰੇ ਦੋ ਨਜ਼ਰੀਏ’ ਪੜ੍ਹ ਕੇ ਹਿੰਦੀ ਨੂੰ ਗ਼ੈਰ-ਹਿੰਦੀ ਭਾਸ਼ਾਈ ਸੂਬਿਆਂ ’ਤੇ ਥੋਪਣ ਬਾਰੇ ਜਾਣਕਾਰੀ ਮਿਲਦੀ ਹੈ। ਦੇਸ਼ ਨੂੰ ਭਾਸ਼ਾ ਦੀ ਐਨਕ ਵਿੱਚੋਂ ਦੇਖਣ ਦੀ ਬਿਰਤੀ ਦੇ ਸਿਆਸਤ ਅਤੇ ਸੱਭਿਆਚਾਰ ’ਤੇ ਪੈਂਦੇ ਪ੍ਰਭਾਵਾਂ ਦੇ ਪੱਖਾਂ ’ਤੇ ਗੌਰ ਕੀਤੀ ਗਈ ਹੈ। ਸਹੀ ਲਿਖਿਆ ਹੈ ਕਿ ਭਾਸ਼ਾ ਬਾਰੇ ਮੌਜੂਦਾ ਵਿਵਾਦ ਅਸਲ ਵਿੱਚ ਭਾਰਤ ਬਾਰੇ ਨਜ਼ਰੀਆ ਚੁਣਨ ਦਾ ਸਵਾਲ ਹੈ। ਭਾਰਤੀਆਂ ਦੀ ਪਹਿਨਣ, ਬੋਲਣ, ਖਾਣ, ਮੁਹੱਬਤ ਤੇ ਦੁਆ ਪ੍ਰਾਰਥਨਾ ਕਰਨ ਦੀ ਆਜ਼ਾਦੀ ਦਾ ਜਸ਼ਨ ਮਨਾਉਂਦਾ ਨਜ਼ਰੀਆ ਹੀ ਸਹੀ ਠਹਰਾਇਆ ਜਾ ਸਕਦਾ ਹੈ। ਹਰ ਤਰ੍ਹਾਂ ਦੀਆਂ ਰੋਕਾਂ ਲਾਉਂਦਾ ਅਤੇ ਨਿਰਦੇਸ਼ ਜਾਰੀ ਕਰਦਾ ਨਜ਼ਰੀਆ ਦੇਸ਼ ਦੀ ਅਖੰਡਤਾ ਅਤੇ ਸਮਾਜਿਕ ਤਾਣੇ-ਬਾਣੇ ਲਈ ਖ਼ਤਰੇ ਖੜ੍ਹੇ ਕਰ ਸਕਦਾ ਹੈ।
ਜਗਰੂਪ ਸਿੰਘ, ਉਭਾਵਾਲ
ਨਿਆਂ ਦੀ ਉਡੀਕ
ਐਤਵਾਰ 30 ਮਾਰਚ ਦੇ ‘ਦਸਤਕ’ ਅੰਕ ਵਿੱਚ ‘ਦਸਤਕ’ ਅੰਕ ਵਿੱਚ ਇਤਿਹਾਸਕਾਰ ਗੁਰਦੇਵ ਸਿੰਘ ਸਿੱਧੂ ਨੇ ਅਕਾਲ ਤਖਤ ਦੇ ਇਤਿਹਾਸ ਦੀ ਵਡਮੁੱਲੀ ਜਾਣਕਾਰੀ ਦਿੱਤੀ ਹੈ। ਲੇਖਕ ਨੇ ਅਕਾਲ ਤਖਤ ਦੇ ਨਾਮਕਰਨ ਅਤੇ ਜਥੇਦਾਰ ਲਾਉਣ ਦੀ ਪੁਰਾਣੀ ਰਵਾਇਤ ਬਾਰੇ ਖੋਜ ਭਰਪੂਰ ਜਾਣਕਾਰੀ ਦਿੱਤੀ ਹੈ। ਇਹ ਗੱਲ ਪੱਕੀ ਹੈ ਕਿ ਹੁਣ ਤੱਕ ਅਕਾਲੀ ਦਲ ਨੇ ਤਖਤਾਂ ਦੇ ਜਥੇਦਾਰਾਂ ਨੂੰ ਆਪਣੀ ਲੋੜ ਅਨੁਸਾਰ ਅਹੁਦੇ ’ਤੇ ਲਾਇਆ ਜਾਂ ਲਾਹਿਆ ਹੈ। ਜਥੇਦਾਰਾਂ ਦਾ ਕਾਰਜ ਖੇਤਰ ਵਿਸ਼ੇਸ਼ ਤੌਰ ’ਤੇ ਧਰਮ ਅਥਵਾ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਦਾ ਹੈ। ਆਜ਼ਾਦੀ ਪਿੱਛੋਂ ਜਿਹੜੇ ਕੰਮ ਹੁਣ ਕਰਨ ਬਾਰੇ ਸੋਚਿਆ ਜਾ ਰਿਹਾ ਹੈ, ਉਹ ਪਹਿਲਾਂ ਹੋ ਜਾਂਦੇ ਤਾਂ ਇਹ ਨੌਬਤ ਨਹੀਂ ਸੀ ਆਉਣੀ। ਹੁਣ ਧੜੇਬੰਦੀ ਹੋਰ ਵਧ ਗਈ ਹੈ। ਕਾਸ਼! ਅਕਾਲੀ ਦਲ ਇੱਕ ਹੋਵੇ। ਪ੍ਰਿੰਸੀਪਲ ਸਰਵਣ ਸਿੰਘ ਨੇ ਬਾਬਾ ਫੌਜਾ ਸਿੰਘ ਦੇ 115ਵੇਂ ਜਨਮ ਦਿਨ ’ਤੇ ਫੌਜਾ ਸਿੰਘ ਦੀ ਸ਼ਖ਼ਸੀਅਤ, ਪਰਿਵਾਰ ਤੇ ਚੰਗੀ ਸਿਹਤ ਬਾਰੇ ਵਧੀਆ ਜਾਣਕਾਰੀ ਦਿੱਤੀ ਹੈ। ਵੱਡਉਮਰੇ ਦੌੜਾਕ ਨੂੰ ਮੇਰੀਆਂ ਸ਼ੁਭ ਇੱਛਾਵਾਂ।
ਇਸੇ ਤਾਰੀਖ਼ ਨੂੰ ਅਰਵਿੰਦਰ ਜੌਹਲ ਨੇ ਆਪਣੇ ਲੇਖ ‘ਇਨਸਾਫ਼! ਹਾਜ਼ਰ ਜਾਂ ਗ਼ੈਰਹਾਜ਼ਰ’ ਵਿੱਚ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ ਦੇ ਘਰੋਂ ਮਿਲੀਆਂ ਅੱਧਸੜੇ ਨੋਟਾਂ ਦੀਆਂ ਬੋਰੀਆਂ ਦਾ ਜ਼ਿਕਰ ਕੀਤਾ ਹੈ। ਪਹਿਲਾਂ ਵੀ ਸਾਡੇ ਮੁਲਕ ਦਾ ਇਹੀ ਦਸਤੂਰ ਰਿਹਾ ਹੈ। ਹੁਣ ਵੀ ਸ਼ਾਇਦ ਕੁਝ ਸਮੇਂ ਬਾਅਦ ਲੋਕ ਇਹ ਮਾਮਲਾ ਭੁੱਲ ਜਾਣਗੇ ਕਿਉਂਕਿ ਉਹ ਵਿਚਾਰੇ ਤਾਂ ਆਪਣੀ ਰੋਟੀ ਰੋਜ਼ੀ ਦੀ ਚਿੰਤਾ ਵਿੱਚ ਹੀ ਰਹਿੰਦੇ ਹਨ ਜੋ ਅੱਜ ਆਜ਼ਾਦੀ ਦੇ 77 ਸਾਲਾਂ ਪਿੱਛੋਂ ਵੀ ਬਰਕਰਾਰ ਹੈ।
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ
ਬਾਬਾ ਫੌਜਾ ਸਿੰਘ
ਐਤਵਾਰ 30 ਮਾਰਚ ਦੇ ‘ਦਸਤਕ’ ਅੰਕ ਵਿੱਚ ਪ੍ਰਿੰ. ਸਰਵਣ ਸਿੰਘ ਦਾ ਲੇਖ ‘ਵੱਡਉਮਰਾ ਦੌੜਾਕ ਬਾਬਾ ਫੌਜਾ ਸਿੰਘ’ ਪੰਜਾਬ ਦੇ ਜੰਮੇ ਅਤੇ ਦੁਨੀਆ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਣ ਵਾਲੇ ਮਹਾਨ ਦੌੜਾਕ ਬਾਬਾ ਫੌਜਾ ਸਿੰਘ ਦੇ ਇੱਕ ਸੌ ਪੰਦਰਵੇਂ ਜਨਮ ਦਿਹਾੜੇ ਨੂੰ ਸਮਰਪਿਤ ਸੀ। ਵਿਸ਼ਵ ਪ੍ਰਸਿੱਧ ਕਥਨ ਹੈ ਕਿ ਜਿਸ ਨੇ ਸਿੱਖਣਾ ਛੱਡ ਦਿੱਤਾ ਉਹ ਬੁੱਢਾ ਹੋ ਗਿਆ ਫਿਰ ਚਾਹੇ ਉਹ ਵੀਹ ਸਾਲ ਦਾ ਹੋਵੇ ਜਾਂ ਅੱਸੀ ਸਾਲ ਦਾ। ਉਮਰ ਨੂੰ ਮਾਤ ਪਾਉਣ ਵਾਲੇ ਬਾਬਾ ਫੌਜਾ ਸਿੰਘ ਦੀ ਜ਼ਿੰਦਗੀ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ। ਬਾਬਾ ਫੌਜਾ ਸਿੰਘ ਤੋਂ ਪ੍ਰੇਰਿਤ ਹੁੰਦੇ ਹੋਏ ਸਾਨੂੰ ਧਨ ਦੌਲਤ ਪਿੱਛੇ ਦੌੜਨ ਦੀ ਬਜਾਏ ਆਪਣੀ ਸਿਹਤ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ ਕਿਉਂਕਿ ਤੰਦਰੁਸਤੀ ਤੋਂ ਵੱਡਾ ਕੋਈ ਧਨ ਨਹੀਂ ਹੁੰਦਾ। ਬਾਬਾ ਜੀ ਇਹ ਦੱਸਣ ਵਿੱਚ ਕਾਮਯਾਬ ਰਹੇ ਹਨ ਕਿ ਲੰਮੀ ਉਮਰ ਭੋਗਣ ਲਈ ਜ਼ਿਆਦਾ ਧਨ ਦੌਲਤ ਅਤੇ ਮੋਟਰ ਗੱਡੀਆਂ ਦੀ ਲੋੜ ਨਹੀਂ ਪੈਂਦੀ। ਮੂੰਗੀ ਦੀ ਦਾਲ ਅਤੇ ਸਾਦੀ ਰੋਟੀ ਨਾਲ ਵੀ ਲੰਮੀ ਉਮਰ ਭੋਗੀ ਜਾ ਸਕਦੀ ਹੈ। ਵਡੇਰੀ ਉਮਰ ਵਿੱਚ ਵੀ ਜ਼ਿੰਦਾਦਿਲੀ ਨਾਲ ਜਿਊਣ ਵਾਲੇ ਫੌਜਾ ਸਿੰਘ ਦੀ ਜ਼ਿੰਦਗੀ ਇਹ ਸੁਨੇਹਾ ਦਿੰਦੀ ਹੈ ਕਿ ਹਰ ਕੰਮ ਦ੍ਰਿੜ੍ਹ ਇਰਾਦੇ, ਸਖ਼ਤ ਮਿਹਨਤ ਅਤੇ ਹੌਸਲੇ ਨਾਲ ਕਰੋ, ਅੱਜ ਨਹੀਂ ਤਾਂ ਕੱਲ੍ਹ ਸਫ਼ਲਤਾ ਸਾਡੇ ਕਦਮ ਜ਼ਰੂਰ ਚੁੰਮੇਗੀ। ਬਿਨਾਂ ਕਿਸੇ ਲਾਲਚ ਤੋਂ ਦੌੜਨ ਵਾਲੇ ਫੌਜਾ ਸਿੰਘ ਲਈ ਦੌੜ ਇੱਕ ਸ਼ੌਕ ਅਤੇ ਜਨੂੰਨ ਬਣ ਗਿਆ ਹੈ। ਸਿੱਖੀ ਅਤੇ ਪੰਜਾਬੀਅਤ ਦਾ ਮਾਣ, ਸਾਦੀ ਜ਼ਿੰਦਗੀ ਅਤੇ ਹਾਸੇ ਠੱਠੇ ਦੇ ਮੁਰੀਦ ਬਾਬਾ ਫੌਜਾ ਸਿੰਘ ਦੀ ਲੰਮੀ ਉਮਰ ਦੀ ਅਰਦਾਸ ਅਤੇ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ। ਡਿੱਗ ਚੁੱਕੇ ਹੌਸਲਿਆਂ ਨੂੰ ਮੁੜ ਬੁਲੰਦ ਕਰਨ ਲਈ ਬਾਬਾ ਫੌਜਾ ਸਿੰਘ ਦੀ ਸੰਘਰਸ਼ਮਈ ਜ਼ਿੰਦਗੀ ਹਮੇਸ਼ਾ ਰਾਹ ਦਸੇਰਾ ਬਣੀ ਰਹੇਗੀ।
ਰਜਵਿੰਦਰ ਪਾਲ ਸ਼ਰਮਾ
ਮਨ ਦੁਖੀ ਹੋਇਆ
ਐਤਵਾਰ 23 ਮਾਰਚ ਦੇ ਪੰਜਾਬ ਪੰਨੇ ’ਤੇ ਗ੍ਰੰਥੀ ਸਿੰਘ ਵੱਲੋਂ ਕਕਾਰ ਤਿਆਗਣ ਦੀ ਖ਼ਬਰ ਪੜ੍ਹ ਕੇ ਮਨ ਬਹੁਤ ਦੁਖੀ ਹੋਇਆ। ਸਾਫ਼ ਨਜ਼ਰ ਆਉਂਦਾ ਹੈ ਕਿ ਉਸ ਨੇ ਇਹ ਫ਼ੈਸਲਾ ਆਰਥਿਕ ਤੌਰ ’ਤੇ ਮਜਬੂਰ ਹੋ ਕੇ ਕੀਤਾ ਹੈ। ਜਿਸ ਤਰ੍ਹਾਂ ਸਾਡੇ ਗ੍ਰੰਥੀ ਸਿੰਘਾਂ ਨੂੰ ਬਹੁਤ ਘੱਟ ਤਨਖ਼ਾਹਾਂ ’ਤੇ ਚੌਵੀ ਘੰਟੇ ਲਈ ਨੌਕਰੀ ’ਤੇ ਰੱਖਿਆ ਜਾਂਦਾ ਹੈ ਉਹ ਬਹੁਤ ਗ਼ਲਤ ਅਤੇ ਦੁੱਖਦਾਈ ਹੈ। ਉਸ ਦਾ ਵੀ ਪਰਿਵਾਰ ਹੈ, ਮਾਂ ਬਾਪ ਅਤੇ ਬੱਚੇ ਹਨ। ਉਨ੍ਹਾਂ ਸਾਰਿਆਂ ਦੀ ਜ਼ਿੰਮੇਵਾਰੀ ਉਸ ’ਤੇ ਹੀ ਹੁੰਦੀ ਹੈ। ਮਹਿਜ਼ ਦਸ ਪੰਦਰਾਂ ਹਜ਼ਾਰ ਦੇ ਕੇ ਪੂਰਾ ਦਿਨ ਕੰਮ ਕਰਾ ਕੇ ਉਸ ਦਾ ਸ਼ੋਸ਼ਣ ਕਰਨਾ ਸਹੀ ਨਹੀਂ ਹੈ। ਜੇ ਇਹ ਸਭ ਇਉਂ ਹੀ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਿਕਲੀਗਰ ਸਿੰਘਾਂ ਵਾਂਗ ਸਾਡੀ ਨੌਜਵਾਨ ਪੀੜ੍ਹੀ ਸਾਡੇ ਤੋਂ ਦੂਰ ਹੋ ਜਾਵੇਗੀ। ਸਿਕਲੀਗਰ ਸਿੱਖ ਸਿੱਖਾਂ ਤੋਂ ਤਾਂ ਦੂਰ ਹੋ ਗਏ, ਪਰ ਸਿੱਖੀ ਨਾਲ ਉਹ ਹਮੇਸ਼ਾ ਜੁੜੇ ਰਹੇ। ਦੂਜੇ ਪਾਸੇ, ਪੰਜਾਬ ਵਿੱਚ ਹਜ਼ਾਰਾਂ ਸਿੱਖ ਪਰਿਵਾਰਾਂ ਨੇ ਇਸਾਈ ਧਰਮ ਅਪਣਾ ਰਹੇ ਹਨ, ਜੇ ਅਸੀਂ ਉਨ੍ਹਾਂ ਨੂੰ ਨਾ ਸੰਭਾਲਿਆ ਤਾਂ ਉਹ ਧਰਮ ਅਤੇ ਗੁਰੂ ਦੋਵਾਂ ਤੋਂ ਦੂਰ ਹੋ ਜਾਣਗੇ। ਸੋ ਸਾਨੂੰ ਵੇਲਾ ਸੰਭਾਲਣ ਦੀ ਲੋੜ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਅਰਬਾਂ ਵਿੱਚ ਹੈ। ਇਹ ਆਪਣੇ ਸਿੰਘਾਂ ਨੂੰ ਹਰ ਗੁਰਦੁਆਰੇ ਵਿੱਚ ਬਣਦੀ ਤਨਖ਼ਾਹ ਮਿਲਣਾ ਯਕੀਨੀ ਬਣਾਵੇ। ਜੇ ਅਸੀਂ ਉਨ੍ਹਾਂ ਪ੍ਰਤੀ ਇਸੇ ਤਰ੍ਹਾਂ ਅਵੇਸਲੇ ਰਹੇ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਸਾਨੂੰ ਪਸ਼ਚਾਤਾਪ ਕਰਨ ਦਾ ਵੀ ਮੌਕਾ ਨਹੀਂ ਮਿਲੇਗਾ।
ਡਾ. ਤਰਲੋਚਨ ਕੌਰ, ਪਟਿਆਲਾ
ਸ਼ਹਾਦਤ ਨੂੰ ਸਲਾਮ
ਐਤਵਾਰ 23 ਮਾਰਚ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਪੰਨੇ ਉੱਤੇ ਪਾਕਿਸਤਾਨ ਦੀ ਉੱਘੀ ਲੇਖਿਕਾ ਅਫਜ਼ਲ ਤੌਸੀਫ਼ ਦਾ ਲੇਖ ‘ਭਗਤ ਸਿੰਘ ਯੁਗਾਂ ਤੱਕ ਜਿਊਂਦਾ ਰਹੇਗਾ’ (ਅਨੁਵਾਦ: ਅਜਮੇਰ ਸਿੱਧੂ) ਪੜ੍ਹਿਆ। ਇਨਕਲਾਬੀ ਦੇਸ਼ਭਗਤਾਂ ਬਾਰੇ ਪੜ੍ਹ ਕੇ ਦਿਲ ਜ਼ਾਰੋ-ਜ਼ਾਰ ਰੋਇਆ ਅਤੇ ਨਿਹਾਲ ਹੋਇਆ। ਸਾਡਾ ਦੇਸ਼ ਭਗਤ ਸਿੰਘ ਅਤੇ ਸਾਥੀਆਂ ਦਾ ਸਦਾ ਲਈ ਰਿਣੀ ਰਹੇਗਾ। ਉਨ੍ਹਾਂ ਅਤੇ ਹੋਰ ਦੇਸ਼ਭਗਤਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦ ਦੇਸ਼ ਵਿੱਚ ਸਾਹ ਲੈ ਰਹੇ ਹਨ। ਇਤਿਹਾਸ ’ਚ ਸੁਨਹਿਰੀ ਅੱਖਰਾਂ ’ਚ ਆਪਣੇ ਨਾਂ ਦਰਜ ਕਰਾ ਗਏ ਦੇਸ਼ਭਗਤਾਂ ਨੂੰ ਕਿਵੇਂ ਭੁੱਲਿਆ ਜਾ ਸਕਦਾ ਹੈ। ਲਾਹੌਰ ਵਿੱਚ ਹੋਈ ਉਨ੍ਹਾਂ ਦੀ ਸ਼ਹਾਦਤ ਦੀਆਂ ਯਾਦਾਂ ਦਿਲ ਵਿੱਚ ਦੇਸ਼ਭਗਤੀ ਦਾ ਜਜ਼ਬਾ ਪੈਦਾ ਕਰਦੀਆਂ ਹਨ। ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ।
ਅਨਿਲ ਕੌਸ਼ਿਕ, ਕਿਊੜਕ (ਕੈਥਲਾ,ਹਰਿਆਣਾ)
ਸਮਝੌਤੇ ਦੇ ਲਾਭ ਹਾਨੀਆਂ
ਐਤਵਾਰ, 16 ਮਾਰਚ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਫਰੈਂਡ ਹੁਣ ਸਟਾਰਲਿੰਕ ਦੀ ਮੁੱਠੀ ਵਿੱਚ’ ਭਾਰਤ ਦੀਆਂ ਦੋ ਵੱਡੀਆਂ ਟੈਲੀਕਾਮ ਕੰਪਨੀਆਂ ‘ਏਅਰਟੈੱਲ’ ਤੇ ‘ਜੀਓ’ ਦੇ ਅਮਰੀਕੀ ਸਟਾਰਲਿੰਕ ਕੰਪਨੀ ‘ਸਪੇਸਐਕਸ’ ਨਾਲ ਸਮਝੌਤੇ ਦੇ ਲਾਭ ਤੇ ਸੀਮਾਵਾਂ ਦੀ ਚਰਚਾ ਕਰਦਾ ਹੈ। ਕੌਮੀ ਸੁਰੱਖਿਆ ਅਤੇ ਭੂ-ਸਿਆਸੀ ਸੰਦਰਭ ਵਿੱਚ ਬਦਲੇ ਹਾਲਾਤ ਦੇ ਮੱਦੇਨਜ਼ਰ ਭਾਰਤ ਸਰਕਾਰ ਸਟਾਰਲਿੰਕ ਬਾਰੇ ਕੀ ਫ਼ੈਸਲਾ ਲੈਂਦੀ ਹੈ, ਇਹ ਵੇਖਣ ਵਾਲੀ ਗੱਲ ਹੋਵੇਗੀ।
ਮਾਸਟਰ ਤਰਸੇਮ ਸਿੰਘ ਡਕਾਲਾ, ਪਟਿਆਲਾ