ਸੈਫ਼ ਤੰਦੁਰਸਤ ਹੋ ਕੇ ਕੰਮ ’ਤੇ ਪਰਤ ਆਇਐ: ਸੋਹਾ
ਮੁੰਬਈ: ਅਦਾਕਾਰਾ ਸੋਹਾ ਅਲੀ ਖ਼ਾਨ ਨੇ ਕਿਹਾ ਕਿ ਉਸ ਦਾ ਭਰਾ ਸੈਫ਼ ਅਲੀ ਖ਼ਾਨ ਤੰਦਰੁਸਤ ਹੋਣ ਮਗਰੋਂ ਆਪਣੇ ਕੰਮ ’ਤੇ ਪਰਤ ਆਇਆ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਵਿੱਚ ਹਮਲਾਵਰ ਨੇ ਅਦਾਕਾਰ ਦੀ ਰਿਹਾਇਸ਼ ’ਤੇ ਚਾਕੂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਸੀ। 54 ਸਾਲਾ ਅਦਾਕਾਰ ’ਤੇ ਇਹ ਹਮਲਾ 16 ਜਨਵਰੀ ਨੂੰ ਮੁੰਬਈ ਦੇ ਬਾਂਦਰਾ ਸਥਿਤ ਉਸ ਦੀ ਰਿਹਾਇਸ਼ ’ਤੇ ਕੀਤਾ ਗਿਆ ਸੀ। ਹਮਲਾਵਰ ਨੇ ਅਦਾਕਾਰ ਦੇ ਛੇ ਵਾਰ ਚਾਕੂ ਮਾਰਿਆ ਸੀ। ਇਸ ਕਾਰਨ ਜ਼ਖ਼ਮੀ ਹਾਲਤ ਵਿੱਚ ਸੈਫ਼ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਬਾਅਦ ’ਚ ਪੁਲੀਸ ਨੇ ਚਾਕੂ ਮਾਰਨ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸੈਫ਼ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਜਿੱਥੋਂ ਇਲਾਜ ਮਗਰੋਂ ਉਸ ਨੂੰ 21 ਜਨਵਰੀ ਨੂੰ ਛੁੱਟੀ ਕਰ ਦਿੱਤੀ ਗਈ ਸੀ। ਸੋਹਾ ਨੇ ਕਿਹਾ ਕਿ ਇਸ ਘਟਨਾ ਨੇ ਸਾਰੇ ਪਰਿਵਾਰ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ। ਇਸ ਸਬੰਧੀ ਗੱਲਬਾਤ ਕਰਦਿਆਂ ਅਦਾਕਾਰਾ ਨੇ ਕਿਹਾ ਕਿ ਸੈਫ਼ ਹੁਣ ਤੰਦਰੁਸਤ ਹੋ ਗਿਆ ਹੈ ਅਤੇ ਉਹ ਆਪਣੇ ਕੰਮ ’ਤੇ ਪਰਤ ਆਇਆ ਹੈ। ਉਸ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ। ਸੋਹਾ ਅਲੀ ਖ਼ਾਨ ਅਗਲੀ ਫਿਲਮ ‘ਛੋਰੀ 2’ ਵਿੱਚ ਨਜ਼ਰ ਆਵੇਗੀ। ਇਹ ਫਿਲਮ ਓਟੀਟੀ ਪਲੈਟਫਾਰਮ ਪ੍ਰਾਈਮ ਵੀਡੀਓ ’ਤੇ ਅਪਰੈਲ 11 ਨੂੰ ਰਿਲੀਜ਼ ਹੋਵੇਗੀ। -ਪੀਟੀਆਈ