ਉਮਰਾਂ ’ਚ ਕੀ ਰੱਖਿਐ: ਸਲਮਾਨ
ਮੁੰਬਈ:
ਇਸ ਸਾਲ 60 ਸਾਲ ਦੇ ਹੋ ਰਹੇ ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਕਿਹਾ ਕਿ ਉਮਰ ਮਾਅਨੇ ਨਹੀਂ ਰੱਖਦੀ। ਉਸ ਦਾ ਕਹਿਣਾ ਹੈ ਕਿ ਉਤਸ਼ਾਹ ਤੇ ਅਨੁਭਵ ਦੁਨੀਆਂ ਵਿੱਚ ਸਭ ਤੋਂ ਵਧੀਆ ਮਿਸ਼ਰਨ ਹਨ। ਗੱਲ ਚਾਹੇ ਫਿਟਨੈੱਸ ਦੀ ਹੋਵੇ ਜਾਂ ਫਿਰ ਕੰਮ ਨਾਲ ਸਬੰਧਤ, ਚੀਜ਼ਾਂ ਪਹਿਲਾਂ ਨਾਲੋਂ ਵੱਧ ਬਿਹਤਰ ਤੇ ਆਸਾਨ ਹੋ ਗਈਆਂ ਹਨ। ਸਲਮਾਨ ਦੀ ਨਵੀਂ ਫਿਲਮ ‘ਸਿਕੰਦਰ’ ਐਤਵਾਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਸ ਵਿੱਚ ਆਪਣੇ ਜਵਾਨੀ ਦੇ ਦਿਨਾਂ ਦੇ ਮੁਕਾਬਲੇ ਵੱਧ ਉਤਸ਼ਾਹ ਹੈ। ਸਲਮਾਨ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘60 ਜਾਂ ਫਿਰ ਕੋਈ ਵੀ ਉਮਰ ਮਾਅਨੇ ਨਹੀਂ ਰੱਖਦੀ। ਅੱਜ, ਜਿਸ ਤਰ੍ਹਾਂ ਮੈਂ ਸਿਖਲਾਈ ਲੈਂਦਾ ਹਾਂ ਜਾਂ ਜੋ ਕੁੱਝ ਵੀ ਕਰਦਾ ਹਾਂ, ਉਹ ਮੈਂ 20, 30 ਜਾਂ 40 ਸਾਲ ਦੀ ਉਮਰ ਦੇ ਮੁਕਾਬਲੇ ਬਿਹਤਰ ਢੰਗ ਨਾਲ ਕਰਦਾ ਹਾਂ। ਮੈਨੂੰ ਤਾਂ ਇਹ ਬਿਲਕੁਲ ਵੀ ਮਹਿਸੂਸ ਨਹੀਂ ਹੁੰਦਾ।’’ ਸਲਮਾਨ ਖ਼ਾਨ ਨੇ 1988 ਵਿੱਚ ਫਿਲਮ ‘ਬੀਵੀ ਹੋ ਤੋ ਐਸੀ’ ਵਿੱਚ ਸਹਾਇਕ ਕਲਾਕਾਰ ਦੀ ਭੂਮਿਕਾ ਨਿਭਾਅ ਕੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ ਪਰ ਅਗਲੇ ਸਾਲ ਹੀ ਫਿਲਮ ‘ਮੈਨੇ ਪਿਆਰ ਕੀਆ’ (1989) ਨਾਲ ਉਸ ਨੂੰ ਵੱਡੀ ਸਫਲਤਾ ਮਿਲੀ ਅਤੇ ਇਸ ਨੇ ਉਸ ਨੂੰ ਬੁਲੰਦੀਆਂ ’ਤੇ ਪਹੁੰਚਾ ਦਿੱਤਾ। ਸਲਮਾਨ ਇਸ ਸਾਲ 27 ਦਸੰਬਰ ਨੂੰ 60 ਸਾਲ ਦਾ ਹੋ ਜਾਵੇਗਾ। -ਪੀਟੀਆਈ