ਸੋਨੂ ਨਿਗਮ ਨੇ ਮੰਚ ’ਤੇ ਪੱਥਰ ਤੇ ਬੋਤਲਾਂ ਚੱਲਣ ਦੀਆਂ ਖ਼ਬਰਾਂ ਨੂੰ ਕੀਤਾ ਖਾਰਜ
ਨਵੀਂ ਦਿੱਲੀ: ਗਾਇਕ ਸੋਨੂੰ ਨਿਗਮ ਨੇ ਦਿੱਲੀ ਟੈਕਨਾਲੋਜੀ ਯੂਨੀਵਰਸਿਟੀ (ਡੀਟੀਯੂ) ਵਿੱਚ ਕਰਵਾਏ ਸੰਗੀਤ ਸਮਾਗਮ ਦੇ ਮੰਚ ’ਤੇ ਪੱਥਰ ਅਤੇ ਬੋਤਲਾਂ ਸੁੱਟਣ ਦੀਆਂ ਮੀਡੀਆ ’ਚ ਚੱਲ ਰਹੀਆਂ ਖ਼ਬਰਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਸੋਨੂੰ ਨਿਗਮ (51) ਨੇ ਦਿੱਲੀ ਟੈਕਨੀਕਲ ਯੂਨੀਵਰਸਿਟੀ ਦੇ ‘ਇੰਜੀਫੈਸਟ-2025’ ਸਮਾਗਮ ਵਿੱਚ ਹਾਜ਼ਰੀ ਭਰੀ ਸੀ। ‘ਕੱਲ ਹੋ ਨਾ ਹੋ’,‘ਸੂਰਜ ਹੂਆ ਮੱਧਮ’ ਅਤੇ ‘ਸੋਨਿਓ’ ਵਰਗੇ ਗੀਤਾਂ ਨਾਲ ਆਪਣੀ ਪਛਾਣ ਬਣਾਉਣ ਵਾਲੇ ਸੋਨੂੰ ਨਿਗਮ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ ’ਤੇ ਪੋਸਟ ਪਾ ਕੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ। ਸੋਨੂੰ ਨੇ ਆਪਣੇ ਸੰਗੀਤ ਸਮਾਗਮ ਦੀਆਂ ਤਸਵੀਰਾਂ ਅਤੇ ਵੀਡੀਓ ਸਾਂਝਾ ਕਰਦਿਆਂ ਕਿਹਾ ਕਿ ਕਿਸੇ ਨੇ ਮੰਚ ’ਤੇ ‘ਵੇਪ’ ਸੁੱਟ ਦਿੱਤਾ ਸੀ, ਜਿਸ ਕਾਰਨ ਪ੍ਰੋਗਰਾਮ ਨੂੰ ਕੁਝ ਸਮੇਂ ਲਈ ਰੋਕਣਾ ਪਿਆ ਸੀ। ਉਸ ਨੇ ਪੋਸਟ ਦੀ ਸ਼ੁਰੂਆਤ ਵਿੱਚ ਕਿਹਾ ਕਿ ਜਿਵੇਂ ਮੀਡੀਆ ਵਿੱਚ ਕੁਝ ਖ਼ਬਰਾਂ ਵਿੱਚ ਦੱਸਿਆ ਗਿਆ ਹੈ, ਡੀਟੀਯੂ ਵਿੱਚ ਪੱਥਰ ਅਤੇ ਬੋਤਲਾਂ ਸੁੱਟਣ ਦੀ ਘਟਨਾ ਵਾਪਰੀ ਹੈ, ਪਰ ਉੱਥੇ ਅਜਿਹਾ ਕੁਝ ਨਹੀਂ ਵਾਪਰਿਆ। ਸੋਨੂੰ ਨੇ ਕਿਹਾ ਕਿ ਸਟੇਜ ’ਤੇ ਕਿਸੇ ਨੇ ਵੇਪ (ਈ-ਸਿਗਰੇਟ) ਸੁੱਟਿਆ ਸੀ, ਮੈਂ ਪ੍ਰੋਗਰਾਮ ਨੂੰ ਰੋਕ ਦਿੱਤਾ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਚਿਤਾਵਨੀ ਦਿੱਤੀ ਕਿ ਜੇ ਅਜਿਹਾ ਮੁੜ ਵਾਪਰਿਆ ਤਾਂ ਸਮਾਗਮ ਵਿੱਚ ਵਿਚਾਲੇ ਹੀ ਰੋਕ ਦਿੱਤਾ ਜਾਵੇਗਾ। ਉਨ੍ਹਾਂ ਮਜ਼ਾਕ ਵਿੱਚ ਕਿਹਾ ਕਿ ਮੰਚ ’ਤੇ ਸਿਰਫ ਇੱਕ ਹੀ ਚੀਜ਼ ਮਿਲੀ ਅਤੇ ਉਹ ਸੀ ਹੇਅਰਬੈਂਡ। -ਪੀਟੀਆਈ