ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਿੰਨੀ ਕਹਾਣੀਆਂ

04:02 AM Mar 27, 2025 IST
featuredImage featuredImage

ਅਪਣੀ ਤੇ ਪਰਾਈ

ਰਣਜੀਤ ਆਜ਼ਾਦ ਕਾਂਝਲਾ

Advertisement

‘‘ਬੇਬੇ! ਮੇਰੀ ਵਿਚਕਾਰਲੀ ਚਾਚੀ ਕਦੋਂ ਆਊਗੀ?’’ ਅੱਠ ਕੁ ਸਾਲ ਦੀ ਪੋਤੀ ਨੇ ਦਾਦੀ ਨੂੰ ਪੁੱਛਿਆ।
‘‘ਤੇਰਾ ਚਾਚਾ ਨ੍ਹੀਂ ਲਿਆਉਂਦਾ,’’ ਅੱਗੋਂ ਦਾਦੀ ਨੇ ਘੜਿਆ ਘੜਾਇਆ ਜਵਾਬ ਦਿੱਤਾ।
‘‘ਕਿਉਂ ਨ੍ਹੀਂ ਲਿਆਉਂਦਾ ਚਾਚਾ? ਉਹ ਤਾਂ ਮੈਨੂੰ ਕਿੰਨਾ ਲਾਡ-ਪਿਆਰ ਕਰਦੀ ਐ!...!!’’ ਪੋਤੀ ਨੇ ਅੱਗੋਂ ਹੋਰ ਸਵਾਲ ਕਰ ਦਿੱਤਾ।
‘‘...ਮੈਨੂੰ ਨ੍ਹੀਂ ਪਤਾ। ਆਪਣੇ ਚਾਚੇ ਤੋਂ ਹੀ ਪੁੱਛ ਲਈ ਆਥਣੇ ਖੇਤੋਂ ਆਏ ਨੂੰ।’’ ਦਾਦੀ ਪੋਤੀ ਦੀਆਂ ਇਨ੍ਹਾਂ ਗੱਲਾਂ ਤੋਂ ਚਿੜ ਗਈ ਸੀ, ‘‘...ਉਹ ਕਿਵੇਂ ਆਜੂ ਹੁਣ ਏਸ ਘਰ ’ਚ? ਸਾਰੇ ਅੰਗ ਸਾਕ ਵਿੱਚ ਸਾਡਾ ਉਨ੍ਹਾਂ ਨੇ ਨੱਕ ਵੱਢ ’ਤਾ। ਮੇਰਾ ਐਡਾ ਸੋਹਣਾ ਸੁਨੱਖਾ ਜਵਾਨ ਕਮਾਊ ਪੁੱਤ। ਕੀ ਸਰਿਆ ... ਤੋਂ ਆਹ ਚਾਰ ਲੀਰਾਂ! ਨਾ ਕੋਈ ਕਾਰ ਨਾ ਕੋਈ ਹੋਰ ਚੱਜ ਦਾ ਗਹਿਣਾ ਗੱਟਾ ਤੇ ਕੱਪੜਾ ਲੱਤਾ!’’ ਦਾਦੀ ਡਾਹਢੇ ਗੁੱਸੇ ਵਿੱਚ ਝੱਗ ਸੁੱਟ ਰਹੀ ਸੀ। ਪੋਤੀ ਦੇ ਬਾਲ ਮਨ ਵਿੱਚ ‘ਨੱਕ ਵੱਢ ’ਤਾ’ ਵਾਲੀ ਗੱਲ ਘਰ ਕਰ ਗਈ।
ਸਮਾਂ ਅਪਣੀ ਭੌਣੀ ਦੁਆਲੇ ਘੁੰਮਦਾ ਗਿਆ। ਕੁਝ ਦਿਨਾਂ ਪਿੱਛੋਂ ਉਸ ਪੋਤੀ ਦੀ ਭੂਆ ਜਿਹਦਾ ਵਿਆਹ ਹੋਏ ਨੂੰ ਅਜੇ ਚਾਰ ਕੁ ਮਹੀਨੇ ਹੋਏ ਸਨ, ਆਪਣੇ ਪੇਕੇ ਘਰ ਆ ਬੈਠੀ ਸਹੁਰਿਆਂ ਨਾਲ ਲੜ ਕੇ। ਲਗਾਤਾਰ ਕਾਫ਼ੀ ਸਮੇਂ ਤੋਂ ਰਹਿ ਰਹੀ ਭੂਆ ਪ੍ਰਤੀ ਸੋਚ ਕੇ ਦਾਦੀ ਦੀ ਪੋਤੀ ਨੇ ਇੱਕ ਦਿਨ ਅਚੇਤ ਮਨ ਹੀ ਪੁੱਛਿਆ, ‘‘ਬੇਬੇ! ਮੇਰੀ ਭੂਆ ਆਪਣੇ ਸਹੁਰੀਂ ਕਦ ਜਾਊਗੀ ?’’ ‘‘...ਇਹ ਨ੍ਹੀਂ ਜਾਂਦੀ ਹੁਣ ਸਹੁਰੀਂ,’’ ਦਾਦੀ ਨੇ ਕੁਝ ਖਫ਼ਾ ਹੁੰਦੀ ਨੇ ਕਿਹਾ, ‘‘ਉਦੋਂ ਤਾਂ ਕਹਿੰਦੇ ਸਾਨੂੰ ਸੋਹਣੀ ਸੁਨੱਖੀ, ਸਹੁੰਨਰੀ ਲੜਕੀ ਚਾਹੀਦੀ ਐ, ਹੋਰ ਕਾਸੇ ਦੀ ਕੋਈ ਲੋੜ ਨ੍ਹੀਂ। ਹੁਣ ਦਾਜ ਲਈ ਐਡਾ ਮੂੰਹ ਅੱਡ ਰੱਖਿਐ।’’
‘‘ਕਿਉਂ ਬੇਬੇ? ਭੂਆ ਨੇ ਵੀ ਮੇਰੀ ਚਾਚੀ ਵਾਂਗੂੰ ਆਪਣੇ ਸਹੁਰਿਆਂ ਦਾ ਨੱਕ ਵੱਢ ’ਤਾ?’’ ਪੋਤੀ ਦਾ ਪਵਿੱਤਰ ਮਨ ਬੋਲਿਆ। ‘‘ਕਾਹਨੂੰ ਧੀਏ! ਤੇਰੀ ਭੂਆ ਦੇ ਤਾਂ ਖੋਟੇ ਲੇਖ ਲਿਖ ’ਤੇ ਰੱਬ ਨੇ!’’ ਦਾਦੀ ਨੇ ਪੋਤੀ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਤੇ ਡੁਸਕਣ ਲੱਗ ਪਈ।
ਸੰਪਰਕ: 94646-97781
* * *

ਲੁਕਿਆ ਦਰਦ

ਜੈਸਮੀਨ ਕੌਰ ਸੰਧੂ
ਅੱਜ ਰਮਨ ਨੂੰ ਅਮਰੀਕਾ ਆਈ ਨੂੰ ਪੰਦਰਾਂ ਸਾਲ ਹੋ ਗਏ ਸੀ। ਉਹ ਸਵੇਰ ਤੋਂ ਹੀ ਉਦਾਸ ਸੀ ਤੇ ਅੱਜ ਕੰਮ ’ਤੇ ਵੀ ਨਹੀਂ ਗਈ ਸੀ। ਬੱਚਿਆਂ ਨੂੰ ਸਕੂਲ ਛੱਡ ਕੇ ਉਹ ਘਰ ਆ ਗਈ ਤੇ ਸੋਫੇ ’ਤੇ ਬੈਠ ਕੇ ਹੁਬਕੀਂ-ਹੁਬਕੀਂ ਰੋਣ ਲੱਗ ਪਈ। ਉਸ ਨੂੰ ਆਪਣੀ ਮਾਂ ਚੇਤੇ ਆ ਰਹੀ ਸੀ, ਜਿਸ ਦਾ ਆਖ਼ਰੀ ਵਾਰੀ ਉਹ ਮੂੰਹ ਵੀ ਨਹੀਂ ਸੀ ਦੇਖ ਸਕੀ। ਰਮਨ ਪੰਦਰਾਂ ਸਾਲ ਪਿੱਛੇ ਚਲੀ ਗਈ ਜਦ ਉਹ ਵਿਆਹ ਕਰਵਾ ਕੇ ਚਾਈਂ-ਚਾਈਂ ਅਮਰੀਕਾ ਆਈ ਸੀ। ਉਸ ਨੂੰ ਸ਼ੁਰੂ ਵਿੱਚ ਵਿਦੇਸ਼ ਬੜਾ ਹੀ ਸੋਹਣਾ ਲੱਗਿਆ, ਪਰ ਜਿਉਂ-ਜਿਉਂ ਸਮਾਂ ਲੰਘਿਆ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਮਸਰੂਫ਼ ਹੋ ਗਈ ਤੇ ਬਿਲਕੁਲ ਗੁਆਚ ਹੀ ਗਈ। ਘਰ ਅਤੇ ਬੱਚਿਆਂ ਦੀ ਜ਼ਿੰਮੇਵਾਰੀ ਨੇ ਰਮਨ ਨੂੰ ਆਪਣਾ ਆਪ ਭੁਲਾ ਦਿੱਤਾ ਸੀ। ਉਹ 15 ਸਾਲਾਂ ’ਚ ਮਸਾਂ ਪੰਜ ਵਾਰ ਆਪਣੇ ਦੇਸ਼ ਆਈ ਹੋਵੇਗੀ। ਉਸ ਨੂੰ ਪਿੰਡ ਬਿਤਾਇਆ ਸਮਾਂ ਬਹੁਤ ਯਾਦ ਆਉਂਦਾ ਤੇ ਕਈ ਵਾਰ ਉਹ ਅੱਖਾਂ ਭਰ ਆਉਂਦੀ। ਹੁਣ ਉਸ ਕੋਲ ਸਮਾਂ ਹੈ ਕਿ ਉਹ ਇੰਡੀਆ ਆ ਸਕੇ ਪਰ ਹੁਣ ਬੱਚੇ ਵੱਡੇ ਹੋ ਗਏ ਹਨ ਤੇ ਉਹ ਆਉਣਾ ਨਹੀਂ ਚਾਹੁੰਦੇ। ਰਮਨ ਨੇ ਬਹੁਤ ਕੋਸ਼ਿਸ਼ ਕੀਤੀ ਕਿ ਬੱਚਿਆਂ ਨੂੰ ਇੰਡੀਆ ਦਾ ਮੋਹ ਰਹੇ, ਪਰ ਉਹ ਬਿਲਕੁਲ ਵਿਦੇਸ਼ੀ ਬਣ ਚੁੱਕੇ ਹਨ। ਉਸ ਨੂੰ ਹੁਣ ਅਹਿਸਾਸ ਹੁੰਦਾ ਹੈ ਆਪਣਿਆਂ ਤੋਂ ਦੂਰ ਰਹਿਣ ਦਾ, ਆਪਣੀ ਧਰਤੀ ਛੱਡਣ ਦਾ। ਉਹ ਹੁਣ ਜਦ ਸੋਚਦੀ ਹੈ ਕਿ ਉਸ ਨੇ ਅਮਰੀਕਾ ਆ ਕੇ ਕੀ ਖੱਟਿਆ ਤਾਂ ਉਸ ਨੂੰ ਸਿਰਫ਼ ਵਿਛੋੜਾ ਤੇ ਬੱਚਿਆਂ ਦਾ ਵਿਦੇਸ਼ੀ ਬਣਨਾ ਹੀ ਲੱਭ ਸਕਿਆ। ਅਚਾਨਕ ਵੱਜੀ ਦਰਵਾਜ਼ੇ ਦੀ ਘੰਟੀ ਨੇ ਉਸ ਦੀਆਂ ਸੋਚਾਂ ਦੀ ਲੜੀ ਤੋੜ ਦਿੱਤੀ। ਦਰਵਾਜ਼ੇ ’ਤੇ ਉਸ ਦੀ ਸਹੇਲੀ ਖੜ੍ਹੀ ਸੀ ਜੋ ਰਮਨ ਦੀ ਮੁਸਕਾਨ ਪਿੱਛੇ ਲੁਕਿਆ ਦਰਦ ਨਾ ਵੇਖ ਸਕੀ।
ਸੰਪਰਕ: 86995-85805
* * *

Advertisement

ਮਜਬੂਰੀ

ਗੁਰਤੇਜ ਸਿੰਘ ਖੁਡਾਲ
ਮੈਲੇ ਅਤੇ ਫਟੇ ਜਿਹੇ ਕੱਪੜਿਆਂ ਵਾਲੀ ਇੱਕ ਬਜ਼ੁਰਗ ਔਰਤ ਪਿਛਲੇ ਕਾਫ਼ੀ ਸਮੇਂ ਤੋਂ ਸਾਡੇ ਦਫ਼ਤਰ (ਅਦਾਲਤਾਂ) ਦੇ ਮੇਨ ਗੇਟ ’ਤੇ ਬੈਠੀ ਆਉਂਦੇ ਜਾਂਦੇ ਲੋਕਾਂ ਤੋਂ ਪੈਸੇ ਮੰਗਦੀ ਸੀ। ਅਦਾਲਤਾਂ ਵਿੱਚ ਬਾਹਰੋਂ ਆਉਣ ਜਾਣ ਵਾਲੇ ਲੋਕ ਅਤੇ ਮੁਲਾਜ਼ਮ ਉਸ ਨੂੰ ਲੋੜਵੰਦ ਸਮਝ ਕੇ ਪੈਸੇ ਦੇ ਜਾਂਦੇ ਸਨ। ਉਸ ਦਾ ਟਾਈਮ ਬਿਲਕੁਲ ਪੱਕਾ ਸੀ। ਉਹ ਸਾਡੇ ਦਫ਼ਤਰ ਆਉਣ ਤੋਂ ਪਹਿਲਾਂ ਮੇਨ ਗੇਟ ’ਤੇ ਬੈਠੀ ਮਿਲਦੀ ਸੀ। ਦੁਪਹਿਰ ਦੇ ਇੱਕ ਵਜੇ ਅੱਧੀ ਛੁੱਟੀ (ਖਾਣੇ ਦਾ ਸਮਾਂ) ਵੇਲੇ ਇਹ ਬਜ਼ੁਰਗ ਔਰਤ ਵੀ ਇੱਕ ਪਾਸੇ ਜਾ ਕੇ ਲੋਕਾਂ ਤੋ ਮੰਗੇ ਹੋਏ ਪੈਸਿਆਂ ਦੀ ਗਿਣਦੀ ਕਰਦੀ ਸੀ। ਉਸ ਦਾ ਪੈਸੇ ਗਿਣਨ ਦਾ ਪੱਕਾ ਟਿਕਾਣਾ ਸਾਡੀ ਚਾਹ ਵਾਲੀ ਕੰਟੀਨ ਕੋਲ ਸੀ। ਅਸੀਂ ਵੀ ਰੋਜ਼ਾਨਾ ਇੱਕ ਵਜੇ ਚਾਹ ਪੀਣ ਜਾਂਦੇ ਤਾਂ ਉਸ ਬਜ਼ੁਰਗ ਮਾਤਾ ਨੂੰ ਵੀ ਇੱਕ ਕੱਪ ਪਿਲਾ ਦਿੰਦੇ ਸੀ। ਉਸ ਨੂੰ ਪੁੱਛ ਲੈਂਦੇ ਕਿ ਮਾਤਾ ਅੱਜ ਕਿੰਨੇ ਪੈਸੇ ਬਣਗੇ। ਫਿਰ ਉਹ ਦੱਸਦੀ ਕਿ ‘‘ਆਜ ਤੋ ਬੇਟਾ ਦੋ ਸੌ ਬਨਾ ਹੈ ਜਾਂ ਤੀਨ ਸੌ ਬਨਾ ਹੈ!’’ ਸਾਡੇ ਸਾਹਮਣੇ ਚਾਹ ਪੀਂਦੀ ਗੱਲਾਂ ਕਰਨ ਲੱਗ ਜਾਂਦੀ ਸੀ। ਅਸੀਂ ਕਿਹਾ, ‘‘ਮਾਤਾ ਤੈਨੂੰ ਹਰ ਰੋਜ਼ ਦੋ ਸੌ, ਤਿੰਨ ਸੌ ਦੇ ਕਰੀਬ ਪੈਸੇ ਇਕੱਠੇ ਹੋ ਜਾਂਦੇ ਹਨ। ਫਿਰ ਤੂੰ ਹਰ ਰੋਜ਼ ਕਿਉਂ ਆਉਂਦੀ ਹੈਂ? ਕਦੇ ਆਰਾਮ ਵੀ ਕਰ ਲਿਆ ਕਰ। ਤੇਰੀ ਉਮਰ ਵੱਡੀ ਹੈ।’’ ‘‘ਬੇਟਾ ਕਿਆ ਬਤਾਊਂ ਯਹਾਂ ਆਨੇ ਸੇ ਪਹਿਲੇ ਮੈਂ ਹਰ ਰੋਜ਼ ਸੁਬ੍ਹਾ ਇੱਕ ਮੰਦਰ ਕੇ ਗੇਟ ਪਰ ਬੈਠ ਕਰ ਭੀ ਮਾਂਗਤੀ ਹੂੰ, ਵਹਾਂ ਵੀ ਮੇਰੇ ਕੋ ਡੇਢ ਦੋ ਸੌ ਬਨ ਜਾਤਾ ਹੈ।’’ ਅਸੀਂ ਸਾਰੇ ਦਫ਼ਤਰ ਵਾਲੇ ਬਹੁਤ ਹੈਰਾਨ ਹੋਏ ਕਿ ਮਾਤਾ ਨੇ ਪੈਸੇ ਕੀ ਕਰਨੇ ਹਨ। ਸਾਨੂੰ ਤਾਂ ਇਹ ਸੀ ਕਿ ਇਹ ਬਜ਼ੁਰਗ ਔਰਤ ਇੱਕ ਵਜੇ ਪੈਸੇ ਗਿਣ ਕੇ, ਚਾਹ ਪੀ ਕੇ ਆਪਣੇ ਘਰ ਚਲੀ ਜਾਂਦੀ ਹੈ ਅਤੇ ਘਰ ਜਾ ਕੇ ਆਰਾਮ ਕਰਦੀ ਹੋਵੇਗੀ। ਮਾਤਾ ਕਹਿੰਦੀ, ‘‘ਨਹੀਂ ਬੇਟਾ, ਅਭੀ ਤੋ ਮੈਨੇ ਬਾਜ਼ਾਰ ਵਾਲੇ ਮੇਨ ਚੌਕ ਮੇਂ ਜਾਕਰ ਬੈਠ ਕਰ ਮਾਂਗਨਾ ਹੈ। ਮੈਂ ਸੁਬ੍ਹਾ ਛੇ ਵਜੇ ਘਰ ਸੇ ਆਤੀ ਹੂੰ ਔਰ ਸ਼ਾਮ ਕੋ ਸਾਤ ਵਜੇ ਘਰ ਜਾਤੀ ਹੂੰ।’’ ਇਹ ਗੱਲ ਸੁਣ ਕੇ ਅਸੀਂ ਸਾਰੇ ਹੈਰਾਨ ਹੋ ਗਏ। ਫਿਰ ਮਾਤਾ ਨੇ ਦੱਸਿਆ ਕਿ ਉੱਥੇ ਵੀ ਉਸ ਨੂੰ ਦੋ ਢਾਈ ਸੌ ਰੁਪਏ ਬਣ ਜਾਂਦੇ ਹਨ। ਅਸੀਂ ਸਾਰਾ ਹਿਸਾਬ ਲਾਇਆ ਕਿ ਮਾਤਾ ਨੂੰ ਹਰ ਰੋਜ਼ ਅੱਠ ਸੌ ਤੋਂ ਲੈ ਕੇ ਹਜ਼ਾਰ ਰੁਪਏ ਤੱਕ ਬਣਦੇ ਹਨ। ਅਸੀਂ ਦੁਬਾਰਾ ਕਿਹਾ, ‘‘ਮਾਤਾ, ਤੂੰ ਕਦੇ ਆਰਾਮ ਵੀ ਕਰ ਲਿਆ ਕਰ, ਤੇਰੀ ਉਮਰ ਬਹੁਤ ਹੈ। ਤੂੰ ਹਰ ਰੋਜ਼ ਆਉਂਦੀ ਹੈਂ, ਕਦੇ ਛੁੱਟੀ ਕਿਉਂ ਨਹੀਂ ਕਰਦੀ?’’
ਫਿਰ ਉਸ ਬਜ਼ੁਰਗ ਮਾਤਾ ਨੇ ਹਕੀਕਤ ਦੱਸੀ, ‘‘ਮੈਂ ਅਪਨੀ ਬੇਟੀ ਕੇ ਪਾਸ ਰਹਿਤੀ ਹੂੁੰ। ਮੇਰੇ ਘਰਵਾਲੇ ਕੀ ਮੌਤ ਹੋ ਗਈ ਹੈ। ਮੇਰਾ ਜਵਾਈ ਕੁਛ ਕਾਮ ਨਹੀਂ ਕਰਤਾ। ਸਾਰਾ ਦਿਨ ਵਿਹਲਾ ਘਰ ਮੈਂ ਪੜਾ ਰਹਿਤਾ ਹੈ। ਮੈਂ ਜਿਤਨੇ ਵੀ ਪੈਸੇ ਲੇਕਰ ਜਾਤੀ ਹੂੰ ਵੋ ਸਭ ਲੇ ਲੇਤਾ ਹੈ। ਦਾਰੂ ਪੀਤਾ ਹੈ, ਨਸ਼ੇ ਕਰਤਾ ਹੈ ਔਰ ਮੀਟ ਖਾਤਾ ਹੈ। ਅਗਰ ਮੈਂ ਕਹੂੰ ਕਿ ਮੈਨੇ ਨਹੀਂ ਜਾਣਾ, ਮੈਂ ਬਿਮਾਰ ਭੀ ਹੋਊਂ ਤੋ ਮੇਰੇ ਕੋ ਪੀਟਤਾ ਹੈ। ਮੈਂ ਕਿਆ ਕਰੂੰ ਬੇਟਾ, ਮੇਰੀ ਮਜਬੂਰੀ ਹੈ ਔਰ ਮੈਂ ਬਹੁਤ ਦੁਖੀ ਹੂੰ।’’
ਮਾਤਾ ਦੀ ਗੱਲ ਸੁਣ ਕੇ ਸਾਨੂੰ ਸਭ ਨੂੰ ਬਹੁਤ ਦੁੱਖ ਤੇ ਪਛਤਾਵਾ ਹੋਇਆ ਕਿ ਅਸੀਂ ਤਾਂ ਇਸ ਬਜ਼ੁਰਗ ਔਰਤ ਨੂੰ ਲੋੜਵੰਦ ਸਮਝ ਕੇ ਉਸ ਦੀ ਮਦਦ ਕਰਦੇ ਸੀ, ਪਰ ਸਾਨੂੰ ਕੀ ਪਤਾ ਸੀ ਕਿ ਸਾਡੇ ਦਿੱਤੇ ਹੋਏ ਦਾਨ ਦੇ ਪੈਸਿਆਂ ਅਤੇ ਸਾਮਾਨ ਨਾਲ ਇੱਕ ਨਿਕੰਮਾ, ਨਸ਼ੇੜੀ ਅਤੇ ਕੰਮਚੋਰ ਆਦਮੀ ਪੂਰੀ ਐਸ਼ ਉਡਾ ਰਿਹਾ ਹੈ।
ਸੰਪਰਕ: 94641-29118
* * *

ਮਤਾ

ਹਰਭਿੰਦਰ ਸਿੰਘ ਸੰਧੂ

ਪੰਚਾਇਤ ਸੈਕਟਰੀ ਨੂੰ ਆਉਂਦਾ ਦੇਖ ਸਰਪੰਚ ਨੇ ਘਰੇ ਚਾਹ ਲਈ ਕਹਿ ਦਿੱਤਾ। ਜਦੋਂ ਪਿੰਡ ਵਿੱਚ ਕੀਤੇ ਜਾਣ ਵਾਲੇ ਕੰਮਾਂ ’ਤੇ ਚਰਚਾ ਕਰਨ ਲੱਗੇ ਤਾਂ ਸਰਪੰਚ ਬੋਲਿਆ, ‘‘ਸੈਕਟਰੀ ਸਾਬ੍ਹ, ਬਾਕੀ ਕੰਮ ਬਾਅਦ ਵਿੱਚ ਹੁੰਦੇ ਰਹਿਣਗੇ, ਸਭ ਤੋਂ ਪਹਿਲਾਂ ਛੱਪੜ ਨੂੰ ਪੱਕਾ ਕਰਨ ਵਾਲਾ ਮਤਾ ਪਾਓ ਤੁਸੀਂ।’’ ਸੈਕਟਰੀ ਥੋੜ੍ਹੇ ਮਖੌਲ ਵਾਲੇ ਲਹਿਜੇ ਨਾਲ ਕਹਿਣ ਲੱਗਾ, ‘‘ਸਰਪੰਚ ਸਾਬ੍ਹ, ਛੱਪੜ ਤਾਂ ਪੱਕਾ ਕਰ ਦਿੰਦੇ ਹਾਂ, ਪਰ ਜੋ ਹਰ ਸਾਲ ਸਾਫ਼ ਸਫ਼ਾਈ ਵਾਲੇ ਬਿੱਲ ਪਾਉਂਦੇ ਹਾਂ ਇਹ ਕੰਮ ਬੰਦ ਹੋ ਜਾਣੈ।’’ ਕੁਝ ਸਕਿੰਟ ਸੋਚਣ ਮਗਰੋਂ ਸਰਪੰਚ ਬੋਲਿਆ, ‘‘ਚਲੋ ਤੁਸੀਂ ਇੰਝ ਕਰੋ, ਪਹਿਲਾਂ ਫਿਰਨੀ ਪੱਕੀ ਕਰਨ ਵਾਲਾ ਹੀ ਮਤਾ ਪਾਵੋ।’’
ਸੰਪਰਕ: 97810-81888
* * *

ਇੰਟਰਨੈੱਟ ਸੇਵਾਵਾਂ

ਜਗਤਾਰ ਗਰੇਵਾਲ ‘ਸਕਰੌਦੀ’
ਫੋਨ ਦੀ ਘੰਟੀ ਖੜਕੀ ਤਾਂ ਦੇਖਿਆ ਕਿ ਮੇਰੇ ਇੱਕ ਪੁਰਾਣੇ ਜਮਾਤੀ ਦਾ ਫੋਨ ਸੀ। ਪਹਿਲੀ ਜਮਾਤ ਤੋਂ ਲੈ ਕੇ ਦਸਵੀਂ ਤੱਕ ਅਸੀਂ ਸਕੂਲ ਵਿੱਚ ਇਕੱਠੇ ਪੜ੍ਹਦੇ ਰਹੇ ਸੀ। ਪੜ੍ਹਾਈ ਤੋਂ ਬਾਅਦ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਅਤੇ ਉਹ ਪਿੰਡ ਛੱਡ ਕੇ ਪਰਿਵਾਰ ਸਮੇਤ ਸ਼ਹਿਰ ਜਾ ਕੇ ਰਹਿਣ ਲੱਗ ਪਿਆ ਸੀ। ਸਾਡੀ ਆਪਸੀ ਗੱਲ ਬਹੁਤ ਘੱਟ ਹੁੰਦੀ ਸੀ। ਕਦੇ ਕਦਾਈਂ ਮਹੀਨਿਆਂ ਬਾਅਦ ਇੱਕ ਦੋ ਮਿੰਟ ਗੱਲ ਹੋ ਜਾਂਦੀ ਤਾਂ ਵੀ ਹਾਲ-ਚਾਲ ਪੁੱਛ ਕੇ ਹੀ ਗੱਲ ਪੂਰੀ ਹੋ ਜਾਂਦੀ।
ਮੈਂ ਫੋਨ ਚੁੱਕਿਆ ਤਾਂ ਅੱਗਿਉਂ ਆਵਾਜ਼ ਆਈ, ‘‘ਕੀ ਹਾਲ ਐ ਤੇਜਪਾਲ?’’
ਮੈਂ ਕਿਹਾ, ‘‘ਵਧੀਆ ਗਗਨ, ਤੂੰ ਦੱਸ ਕੀ ਬਣਦੈ?’’
ਉਸ ਨੇ ਗੱਲ ਅੱਗੇ ਵਧਾਈ, ‘‘ਵਧੀਆ ਬਾਈ, ਜਿਹੜਾ ਟਾਈਮ ਪਾਸ ਹੋਈ ਜਾਂਦੈ।’’
‘‘ਟਾਈਮ ਪਾਸ? ਟਾਈਮ ਪਾਸ ਤਾਂ ਸਾਡੇ ਵਰਗੇ ਗ਼ਰੀਬ ਲੋਕਾਂ ਦਾ ਹੁੰਦੈ। ਤੁਸੀਂ ਤਾਂ ਸਰਕਾਰੀ ਮੁਲਾਜ਼ਮ ਹੋ। ਨਜ਼ਾਰੇ ਲੁੱਟਦੇ ਹੋ।’’ ਮੈਂ ਹਾਸੇ-ਹਾਸੇ ’ਚ ਆਪਣਾ ਦਰਦ ਵੀ ਫਰੋਲ ਗਿਆ ਤੇ ਉਸ ਦੇ ਕਾਫ਼ੀ ਦੇਰ ਬਾਅਦ ਯਾਦ ਕਰਨ ’ਤੇ ਉਲਾਂਭਾ ਵੀ ਦੇ ਗਿਆ।
ਫਿਰ ਉਸ ਨੇ ਸਕੂਲ ਸਮੇਂ ਦੀਆਂ ਗੱਲਾਂ ਛੇੜ ਲਈਆਂ ਕਿ ਕਿਵੇਂ ਪੰਜਾਬੀ ਵਾਲਾ ਮਾਸਟਰ ਸਾਨੂੰ ਲੱਸੀ ਲੈਣ ਭੇਜ ਦਿੰਦਾ ਸੀ, ਅਸੀਂ ਹਿਸਾਬ ਵਾਲਾ ਪੀਰੀਅਡ ਲੰਘਾ ਕੇ ਸਕੂਲ ਵੜਦੇ ਹੁੰਦੇ ਸੀ; ਕਿਵੇਂ ਟੀਕਿਆਂ ਤੋਂ ਡਰਦੇ ਸਕੂਲ ਦੀਆਂ ਕੰਧਾਂ ਟੱਪ ਜਾਂਦੇ ਤੇ ਪਤਾ ਨਹੀਂ ਹੋਰ ਕਿੰਨੇ ਕੁ ਕਿੱਸੇ। ਭਰ ਜਵਾਨੀ ਵਿੱਚ ਬੇਵਕਤੀ ਮੌਤ ਕਾਰਨ ਛੱਡ ਗਏ ਕੁਝ ਜਮਾਤੀਆਂ ਨੂੰ ਯਾਦ ਕਰ ਕੇ ਦੋਵੇਂ ਭਾਵੁਕ ਵੀ ਹੋਏ। ਗੱਲਾਂ ਕਰਦੇ ਕਰਦੇ ਕਦੋਂ ਦੋ ਘੰਟੇ ਲੰਘ ਗਏ, ਸਾਨੂੰ ਪਤਾ ਵੀ ਨਾ ਲੱਗਿਆ। ਮੈਨੂੰ ਹੈਰਾਨ ਜਿਹੀ ਵੀ ਹੋਈ ਕਿ ਅੱਜ ਗਗਨ ਨੂੰ ਏਨਾ ਸਮਾਂ ਕਿਵੇਂ ਮਿਲ ਗਿਆ ਕਿ ਉਹ ਦੋ ਘੰਟੇ ਤੱਕ ਗੱਲਾਂ ਕਰੀ ਗਿਆ। ਉਸ ਕੋਲ ਤਾਂ ਕਦੇ ਪੰਜ ਮਿੰਟ ਤੋਂ ਵੱਧ ਨਿਕਲੇ ਹੀ ਨਹੀਂ ਸਨ। ਮੈਂ ਇਹ ਸਵਾਲ ਪੁੱਛਣ ਹੀ ਲੱਗਿਆ ਸੀ ਕਿ ਉਹ ਬੋਲ ਪਿਆ, ‘‘ਯਾਰ, ਅੱਜ ਨੈੱਟ ਕਿਉਂ ਨਹੀਂ ਚੱਲ ਰਿਹਾ ਸਵੇਰ ਦਾ?’’
ਸ਼ਾਇਦ ਉਸ ਦਿਨ ਸੋਸ਼ਲ ਮੀਡੀਆ ’ਤੇ ਕੁਝ ਗ਼ਲਤ ਅਫ਼ਵਾਹਾਂ ਫੈਲਣ ਦੇ ਡਰ ਤੋਂ ਸਰਕਾਰ ਵੱਲੋਂ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਨੈੱਟ ਵਾਲੀ ਗੱਲ ਸੁਣ ਕੇ ਮੈਨੂੰ ਸਮਝ ਆ ਗਈ ਕਿ ਸ਼ਾਇਦ ਟਾਈਮ ਪਾਸ ਨਾ ਹੋਣ ਕਰਕੇ ਉਸ ਨੇ ਮੈਨੂੰ ਯਾਦ ਕਰ ਲਿਆ ਤੇ ਏਨੀਆਂ ਗੱਲਾਂ ਕਰ ਲਈਆਂ, ਨਹੀਂ ਤਾਂ ਅੱਜਕੱਲ੍ਹ ਅਸੀਂ ਫੋਨਾਂ ’ਚ ਰੀਲਾਂ ਵੇਖਣ ਵਿੱਚ ਆਪਣਾ ਬਹੁਤਾ ਸਮਾਂ ਗੁਆ ਦਿੰਦੇ ਹਾਂ। ਉਸ ਦੇ ਫੋਨ ਕੱਟਣ ਤੋਂ ਤੁਰੰਤ ਬਾਅਦ ਮੈਂ ਆਪਣੇ ਬਹੁਤ ਕਰੀਬੀ ਰਹਿ ਚੁੱਕੇ ਕਈ ਮਿੱਤਰਾਂ ਨੂੰ ਫੋਨ ਮਿਲਾਇਆ ਪਰ ਸਮਾਂ ਨਾ ਹੋਣ ਕਰਕੇ ਕਿਸੇ ਨਾਲ ਬਹੁਤੀ ਗੱਲ ਨਾ ਕਰ ਸਕਿਆ ਤੇ ਸ਼ਾਇਦ ਉਦੋਂ ਤੱਕ ਇੰਟਰਨੈੱਟ ਸੇਵਾਵਾਂ ਬਹਾਲ ਹੋ ਚੁੱਕੀਆਂ ਸਨ।
ਸੰਪਰਕ: 94630-36033
* * *

ਦੋ ਮੁੱਠਾਂ ਸਰ

ਸਤਨਾਮ ਸ਼ਦੀਦ
ਅੱਸੂ ਮਹੀਨੇ ਦਾ ਪਿਛਲਾ ਪੱਖ ਸੀ; ਭਾਦੋਂ ਮਹੀਨੇ ਦੀ ਗਰਮੀ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ। ਇਸ ਮਹੀਨੇ ਲੋਕਾਂ ਨੇ ਭੋਰਾ ਸੁਖ ਦਾ ਸਾਹ ਲਿਆ ਸੀ।
ਆਥਣ ਦਾ ਵੇਲਾ। ਔਰਤਾਂ ਘਰਾਂ ਵਿੱਚ ਦਾਲ ਪਾਣੀ ਦਾ ਆਹਰ ਕਰ ਰਹੀਆਂ ਸਨ ਕਿ ਗੁਰਦੁਆਰੇ ਦੇ ਸਪੀਕਰ ’ਤੇ ਗਿਆਨੀ ਨੇ ਦੋ ਤਿੰਨ ਵਾਰ ਟਕ-ਟਕ ਕਰਕੇ ਮਾਈਕ ਚੈੱਕ ਕੀਤਾ ਤੇ ਫਤਹਿ ਬੁਲਾ ਕੇ ਆਵਾਜ਼ ਦੇਣੀ ਸ਼ੁਰੂ ਕੀਤੀ। ਚੁੱਲ੍ਹੇ ਵਿੱਚ ਪਾਥੀ ਭੰਨ ਕੇ ਲਾਉਂਦੀ ਸੀਬੋ ਨੇ ਹੱਥ ਜੋੜ ਕੇ ਮੱਥੇ ਨੂੰ ਲਾਉਂਦਿਆਂ ਚਿੰਤਾ ਜਤਾਉਂਦੇ ਕਿਹਾ, ‘‘ਵਾਖਰੂ ਬਾਬਾ, ਕੋਈ ਚੰਗਾ ਹੋਕਾ ਹੀ ਹੋਵੇ।’’
ਬਾਬੇ ਨੇ ਆਵਾਜ਼ ਦਿੰਦਿਆਂ ਕਿਹਾ, ‘‘ਭਾਈ ਗਿੰਦਰ ਸਿੰਘ ਪੁੱਤਰ ਰੁਲਦੂ ਦੀ ਧਰਮ ਪਤਨੀ ਨਬੀਬ ਕੌਰ ਅਕਾਲ ਚਲਾਣਾ ਕਰ ਗਏ ਹਨ ਜਿਨ੍ਹਾਂ ਦਾ ਸਸਕਾਰ ਨਹਿਰ ਵਾਲੇ ਸ਼ਮਸ਼ਾਨਘਾਟ ਵਿਖੇ ਦਸ ਵੀਹ ਮਿੰਟਾਂ ਤੱਕ ਕੀਤਾ ਜਾਵੇਗਾ। ਅੰਤਿਮ ਸੰਸਕਾਰ ’ਤੇ ਪਹੁੰਚਣ ਦੀ ਕਿਰਪਾਲਤਾ ਕਰੋ।”
ਬਾਬੇ ਦੀ ਆਵਾਜ਼ ਪੂਰੀ ਹੁੰਦਿਆਂ ਸੀਬੋ ਦੇ ਹੱਥੋਂ ਪਾਣੀ ਦਾ ਪਤੀਲਾ ਛੁੱਟ ਗਿਆ ਤੇ ਪਾਣੀ ਡੁੱਲ੍ਹਣ ਨਾਲ ਦੂਰ ਤੱਕ ਚਿੱਕੜ ਹੋ ਗਿਆ। ਹੋਕਾ ਸੁਣਦਿਆਂ ਹੀ ਉਸ ਦੀ ਗੁਆਂਢਣ ਛਿੰਦਰ ਵੀ ਆ ਗਈ, ‘‘ਕੁੜੇ ਸੀਬੋ ਆਹ ਤਾਂ ਰੱਬ ਨੇ ਜਵਾਂ ਕਹਿਰ ਹੀ ਢਾਹ ਦਿੱਤਾ ਵਿਚਾਰੇ ਗਿੰਦਰ ’ਤੇ।’’ ਸੀਬੋ ਤੋਂ ਭਰੇ ਗੱਚ ਨਾਲ ਸ਼ਿੰਦਰ ਦੇ ਕਹਿਰ ਵਾਲੀ ਗੱਲ ਦਾ ਜਵਾਬ ਵੀ ਨਾ ਦਿੱਤਾ ਗਿਆ ਤੇ ਉਹ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਦੀ ਕਿੰਨਾ ਚਿਰ ਚੁੱਪ ਰਹਿਣ ਪਿੱਛੋਂ ਬੋਲੀ, ‘‘ਏਡੀ ਜੱਗੋਂ ਤੇਰ੍ਹਵੀਂ ਤਾਂ ਵੈਰੀ ਨਾਲ ਵੀ ਨਾ ਹੋਵੇ। ਪਹਿਲਾ ਬੂਹਾ ਬੱਝਿਆ ਰੱਬ ਨੇ ਉਹ ਨਾ ਰਹਿਣ ਦਿੱਤੀ ਤੇ ਹੁਣ ਆਹ ਦੂਜੀ ਵਾਰ... ਮਾਰ। ਕੋਈ ਇਲਾਜ ਵੱਲੋਂ ਘਾਟ ਰਹਿਣ ਦਿੱਤੀ ਐ ਭਲਾ ਗਿੰਦਰ ਨੇ? ਹੱਥ ਜੋੜ ਜੋੜ ਕੇ ਲੋਕਾਂ ਤੋਂ ਦਸ ਦਸ ਰੁਪਈਏ ’ਕੱਠੇ ਕਰਕੇ ਵੀ ਲਾ ਦਿੱਤੇ।” ਸ਼ਿੰਦਰ ਨੇ ਸੀਬੋ ਦੀ ਗੱਲ ਪੂਰੀ ਹੁੰਦਿਆਂ ਹੀ ਕਿਹਾ।
‘‘ਸੁਣਿਐ ਛੋਟਾ ਨਿਆਣਾ ਹੋਣ ਵਾਲਾ ਸੀ।’’ ‘‘ਨੀ ਆਹੋ ਡੁੱਬੜੀ ਨੇ ਉਹਦੀ ਜਾਨ ਦੀ ਖ਼ਾਤਰ ਆਵਦੀ ਜਾਨ ਦੇ ਦਿੱਤੀ।” ਦੋਹਾਂ ਨੂੰ ਗੱਲਾਂ ਕਰਦੀਆਂ ਸੁਣ, ਨਾਲ ਦੇ ਘਰੋਂ ਬੇਬੇ ਕਰਤਾਰੋ ਨੇ ਉਨ੍ਹਾਂ ਨੂੰ ਆਵਾਜ਼ ਦਿੰਦਿਆਂ ਕਿਹਾ, ‘‘ਕੁੜੇ ਸੀਬੋ ਆ ਜੋ, ਕਹਿੰਦੇ ਸਿੱਧਾ ਸਿਵਿਆਂ ’ਚ ਹੀ ਲਿਜਾਣਗੇ। ਅੱਗੇ ਨ੍ਹੇਰਾ ਹੁੰਦਾ ਜਾਂਦਾ ਏ।” ਬਾਹਰਲਾ ਬੂਹਾ ਭੇੜ ਕੇ ਉਹ ਦੋਵੇਂ ਵੀ ਉਹਦੇ ਮਗਰ ਹੀ ਤੁਰ ਪਈਆਂ। ਰਾਹ ਜਾਂਦਿਆਂ ਪੰਜ ਦਸ ਹੋਰ ਬੰਦੇ ਬੁੜੀਆਂ ਉਨ੍ਹਾਂ ਦੇ ਨਾਲ ਰਲ ਗਏ।
ਸ਼ਮਸ਼ਾਨਘਾਟ ਵੜਦਿਆਂ ਹੀ ਦਸ-ਵੀਹ ਬੰਦੇ ਬੁੜੀਆਂ ਪਹਿਲਾਂ ਹੀ ਅਰਥੀ ਨੂੰ ਉਡੀਕ ਰਹੇ ਸੀ। ‘‘ਕੁੜੇ ਵੇਖ ਲੈ ਨਾ ਉਹ ਵੇਲਾ, ਨਾ ਆਹ ਵੇਲਾ, ਏਸ ਵੇਲੇ ਤਾਂ ਚਿੜੀਆਂ ਜਨੌਰ ਵੀ ਆਵਦੇ ਘਰਾਂ ਨੂੰ ਆ ਜਾਂਦੇ ਨੇ ਤੇ ਇਹ ਚੰਦਰੀ ਜਹਾਨੋਂ ਜਾ ਰਹੀ ਹੈ।” ਇਹ ਕਹਿੰਦਿਆਂ ਬੇਬੇ ਕਰਤਾਰੋ ਆਵਦਾ ਚਿੱਤ ਭੈੜਾ ਕਰ ਆਈ। ‘‘ਬਣੀਆਂ ਦੇ ਨਬੇੜੇ ਐ ਬੇਬੇ। ਨਹੀਂ ਦੁਨੀਆ ਤੋਂ ਜਾਣ ਨੂੰ ਕੀਹਦਾ ਜੀ ਕਰਦਾ ਏ!” ਛਿੰਦਰ ਆਪਣੀ ਗੱਲ ਕਰਕੇ ਹੀ ਹਟੀ ਸੀ ਕਿ ਇੱਕ ਵੱਡੀ ਸਾਰੀ ਚਿੱਟੀ ਵੈਨ ਆਈ ਜਿਸ ਵਿੱਚ ਆਪਣੀ ਪਤਨੀ ਦੀ ਅਰਥੀ ਦੇ ਨਾਲ ਗਿੰਦਰ ਭੁੱਬਾਂ ਮਾਰਦਾ ਉਤਰਿਆ, ‘‘ਉਏ ਰੱਬਾ ਮੈਂ ਕਿਹੜੇ ਸੁੱਤੇ ਸਾਧ ਜਗਾਏ ਆ, ਜਿਹੜਾ ਹੱਥ ਧੋ ਕੇ ਮੇਰੇ ਮਗਰ ਪਿਐਂ ਤੂੰ?” ਦੋ ਤਿੰਨ ਬੰਦਿਆਂ ਨੇ ਉਸ ਨੂੰ ਸੰਭਾਲਿਆ ਅਤੇ ਕੁਝ ਨੇ ਅਰਥੀ ਨੂੰ ਫੜ ਕੇ ਥੜ੍ਹੀ ਉੱਤੇ ਮੂੰਹ ਦਿਖਾਉਣ ਲਈ ਰੱਖ ਦਿੱਤਾ।
‘‘ਭਲਿਓ, ਹੁਣ ਮੂੰਹ ਵਿਖਾਉਣ ਦਾ ਵੇਲਾ ਕਿੱਥੇ ਆ। ਤੁਸੀਂ ਚਿਖਾ ਵਿੱਚ ਰੱਖੋ, ਕੁਵੇਲਾ ਤਾਂ ਅੱਗੇ ਬਹੁਤ ਹੋਇਆ ਪਿਐ।” ਵਿੱਚੋਂ ਹੀ ਕਿਸੇ ਸਿਆਣੇ ਨੇ ਆਖਿਆ। ਅਰਥੀ ਨੂੰ ਚਿਖਾ ਵਾਸਤੇ ਚੁੱਕਣ ਹੀ ਲੱਗੇ ਸੀ ਕਿ ਪੇਕਿਆਂ ਦੇ ਦੋ ਤਿੰਨ ਬੰਦੇ ਬੁੜੀਆਂ ਜਿਨ੍ਹਾਂ ਵਿੱਚ ਉਹਦਾ ਭਰਾ ਤੇ ਭਰਜਾਈ ਸਨ, ਮਾਂ ਪਿਉ ਤਾਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਗਏ ਸੀ। ਭਰਾ ਆਪਣੀ ਭੈਣ ਦੀ ਅਰਥੀ ਉੱਤੇ ਡਿੱਗ ਡਿੱਗ ਜਾਵੇ, ਆਖ਼ਰ ਨਾਲ ਦਾ ਜੰਮਿਆ ਸੀ।
ਅਰਥੀ ਨੂੰ ਚਿਖਾ ਵਿੱਚ ਚਿਣ ਕੇ ਜਦੋਂ ਅੱਗ ਦੇਣ ਦੀ ਵਾਰੀ ਆਈ ਤਾਂ ਕਹਿੰਦੇ ਸਰ ਤਾਂ ਹੈਨੀ। ਜਦੋਂ ਕੁਝ ਸਿਆਣੇ ਬੰਦਿਆਂ ਨੇ ਪੁੱਛਿਆ ਤਾਂ ਮੁੰਡੇ ਕਹਿਣ ਲੱਗੇ ਬਈ ਸਰ ਤਾਂ ਮਿਲਿਆ ਨਹੀਂ, ਅਸੀਂ ਤਾਂ ਦੂਜੇ ਦੋਵੇਂ ਸ਼ਮਸ਼ਾਨਘਾਟਾਂ ’ਚ ਵੀ ਪੁੱਛ ਆਏ ਹਾਂ, ਉਹ ਕਹਿੰਦੇ ਸਾਡੇ ਕੋਲ ਵੀ ਦੋ-ਦੋ ਪੂਲੀਆਂ ਹੀ ਆ, ਆਸੇ ਪਾਸੇ ਵੀ ਬਹੁਤ ਭਾਲ ਲਿਆ ਪਰ ਕਿਤੋਂ ਨੀ ਮਿਲਿਆ।
ਇਨ੍ਹਾਂ ਗੱਲਾਂ ਦੇ ਚੱਲਦਿਆਂ ਦੋ‌ ਮੁੰਡੇ ਨਾਲ ਦੇ ਖੇਤ ਵਿੱਚੋਂ ਚੁੱਕ ਕੇ ਲਿਆਂਦੀ ਗੱਠਾਂ ਦੀ ਪਰਾਲੀ ਨਾਲ ਚਿਤਾ ਨੂੰ ਅੱਗ ਦੇਣ ਹੀ ਲੱਗੇ ਸੀ ਕਿ ਘੁੱਦਾ ਜੀਹਨੂੰ ਸਾਰੇ ਕਮਲਾ ਕਹਿੰਦੇ ਸੀ ਦੋ ਮੁੱਠਾਂ ਸਰ ਆਪਣੇ ਹੱਥ ਵਿੱਚ ਫੜੀ ਆਉਂਦਾ ਦਿਸ ਪਿਆ। ਉਸ ਨੇ ਆਉਂਦਿਆਂ ਹੀ ਗਿੰਦਰ ਨੂੰ ਸਰ ਫੜਾਉਂਦਿਆਂ ਕਿਹਾ, ‘‘ਲੈ ਬਾਈ ਸਰ। ਮੈਂ ਆਵਦੇ ਕੋਠੇ ਦੀ ਛੱਤ ’ਚੋਂ ਕੱਢ ਲਿਆਇਆ।’’ ਘੁੱਦੇ ਦੇ ਇਨ੍ਹਾਂ ਬੋਲਾਂ ਨਾਲ ਗਿੰਦਰ ਸਮੇਤ ਕੋਲ ਖੜ੍ਹੇ ਲੋਕਾਂ ਦੀ ਧਾਹ ਨਿਕਲ ਗਈ।
ਸੰਪਰਕ: 99142-98580

Advertisement