ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਕਾਲ ਬੁੰਗਾ, ਅਕਾਲ ਤਖਤ ਅਤੇ ਜਥੇਦਾਰ

04:07 AM Mar 30, 2025 IST
featuredImage featuredImage

ਗੁਰਦੇਵ ਸਿੰਘ ਸਿੱਧੂ

Advertisement

ਇਤਿਹਾਸਕ ਹਵਾਲਿਆਂ ਤੋਂ ਜਾਣਕਾਰੀ ਮਿਲਦੀ ਹੈ ਕਿ ਜਿਸ ਪਵਿੱਤਰ ਸਥਾਨ ਨੂੰ ਅਜੋਕੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਕਿਹਾ ਜਾਂਦਾ ਹੈ, ਇਸ ਦੇ ਮੁੱਢਲੇ ਸਰੂਪ ਨੂੰ ‘ਅਕਾਲ ਬੁੰਗਾ’ ਸੰਗਿਆ ਦਿੱਤੀ ਗਈ ਸੀ। ਇਸ ਦੀ ਸਥਾਪਨਾ ਬਾਰੇ ਗਿਆਨੀ ਗਿਆਨ ਸਿੰਘ ਅਤੇ ਕੁਝ ਹੋਰ ਲੇਖਕਾਂ ਦਾ ਮਤ ਹੈ ਕਿ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਅੰਮ੍ਰਿਤ ਸਰੋਵਰ ਦੀ ਖੁਦਾਈ ਕਰਵਾ ਰਹੇ ਸਨ ਤਾਂ ਬਾਲ ਹਰਿਗੋਬਿੰਦ ਜੀ ਉਨ੍ਹਾਂ ਦੇ ਨਾਲ ਆਉਂਦੇ ਅਤੇ ਸ੍ਰੀ ਹਰਿਮੰਦਰ ਨੂੰ ਜਾਣ ਵਾਲੇ ਪੁਲ ਤੋਂ ਹਟਵੇਂ ਚਬੂਤਰੇ ਉੱਤੇ ਖੇਡਦੇ। ‘‘ਸੰਮਤ 1656 ਬਿਕਰਮੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਸ ਥੜ੍ਹੇ ਨਾਲ ਆਪਣੇ ਸਾਹਿਬਜ਼ਾਦੇ ਦੀ ਮੁਹੱਬਤ ਵੇਖ ਕੇ ਇਸ ਨੂੰ ਪੱਕਾ ਬਣਵਾ ਦਿੱਤਾ। ... ਸੰਮਤ 1663 ਬਿਕਰਮੀ ਵਿੱਚ ਜਦੋਂ ਗੁਰੂ ਅਰਜਨ ਦੇਵ ਜੀ ਜੋਤੀ ਜੋਤ ਸਮਾ ਗਏ ਅਰ ਛੇਵੇਂ ਗੁਰੂ ਸਾਹਿਬ ਜੀ ਨੂੰ ਗੁਰਿਆਈ ਦੀ ਗੱਦੀ ’ਤੇ ਬਿਠਾਉਣ ਦਾ ਵਕਤ ਆਇਆ ਤਾਂ ਇਸੇ ਚਬੂਤਰੇ ’ਤੇ ਦਸਤਾਰਬੰਦੀ ਦੀ ਰਸਮ ਪੂਰੀ ਕਰਨ ਲਈ ਤਿਆਰੀ ਕੀਤੀ।’’ (ਤਵਾਰੀਖ਼ ਸ੍ਰੀ ਅੰਮ੍ਰਿਤਸਰ, ਪੰਨਾ 71-72)
ਭਾਈ ਕਾਨ੍ਹ ਸਿੰਘ ਨਾਭਾ ਦਾ ਮਤ ਇਸ ਤੋਂ ਭਿੰਨ ਹੈ। ਕਰਤਾ ਮਹਾਨ ਕੋਸ਼ ਨੇ ਲਿਖਿਆ ਹੈ, ‘‘ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੰਮਤ 1665 ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਇੱਕ ਉੱਚਾ ਰਾਜ ਸਿੰਘਾਸਨ (ਸ਼ਾਹੀ ਤਖਤ) ਤਿਆਰ ਕਰਵਾ ਕੇ ਇਸ ਦਾ ਨਾਂ ਅਕਾਲ ਬੁੰਗਾ ਰੱਖਿਆ।’’ ਪਰ ਭਾਈ ਕਾਨ੍ਹ ਸਿੰਘ ਨਾਭਾ ਦੇ ਆਪਣੇ ਸ਼ਬਦਾਂ ਵਿੱਚ ਬੁੰਗੇ ਦੀ ਪਰਿਭਾਸ਼ਾ ‘‘ਸਿੱਖ ਸ਼ਬਦਾਵਲੀ ਵਿੱਚ ਇਹ ਨਾਉਂ ਕੇਵਲ ਉਨ੍ਹਾਂ ਹੀ ਇਮਾਰਤਾਂ ਨੂੰ ਦਿੱਤਾ ਗਿਆ ਜੋ ਰਿਹਾਇਸ਼ ਦੇ ਮਨੋਰਥ ਲਈ ਉਸਾਰੀਆਂ ਗਈਆਂ’’ ਦੀ ਲੋਅ ਵਿੱਚ ਵੇਖਿਆਂ ਰਿਹਾਇਸ਼ੀ ਮਨੋਰਥ ਲਈ ਨਾ ਉਸਾਰਿਆ ਗਿਆ ਹੋਣ ਕਾਰਨ ਸਥਾਪਨਾ ਦੇ ਦਿਨ ਇਸ ਨੂੰ ਬੁੰਗਾ ਕਿਹਾ ਜਾਣਾ ਸਹੀ ਪ੍ਰਤੀਤ ਨਹੀਂ ਹੁੰਦਾ।
ਇਹ ਪ੍ਰਮਾਣਿਤ ਹੈ ਕਿ ਗੁਰੂ ਅਰਜਨ ਦੇਵ ਜੀ ਵੱਲੋਂ ਆਦਿ ਬੀੜ ਦੀ ਰਚਨਾ ਕੀਤੇ ਜਾਣ ਤੋਂ ਲੈ ਕੇ 1635 ਵਿੱਚ ਗੁਰੂ ਹਰਿਗੋਬਿੰਦ ਜੀ ਵੱਲੋਂ ਅੰਮ੍ਰਿਤਸਰ ਨੂੰ ਛੱਡ ਕੇ ਕੀਰਤਪੁਰ ਸਾਹਿਬ ਵਿੱਚ ਟਿਕਾਣਾ ਕਰਨ ਲਈ ਜਾਣ ਦੇ ਸਮੇਂ ਤੱਕ ਆਦਿ ਬੀੜ ਦਾ ਸੁਖਾਸਨ ਗੁਰੂ ਸਾਹਿਬਾਨ ਦੇ ਨਿਵਾਸ ‘ਗੁਰੂ ਕੇ ਮਹਿਲ’ ਵਿੱਚ ਹੁੰਦਾ ਰਿਹਾ। ਲਗਭਗ ਸਾਢੇ ਛੇ ਦਹਾਕੇ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵੰਸ਼ਜਾਂ ਕੋਲ ਰਹਿਣ ਦੌਰਾਨ ਇੱਥੋਂ ਦੇ ਵਿਗੜੇ ਪ੍ਰਬੰਧ ਬਾਰੇ ਸ਼ਹਿਰ ਦੇ ਵਾਸੀਆਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਕੋਲ ਫ਼ਿਕਰਮੰਦੀ ਜ਼ਾਹਿਰ ਕਰਨ ਦੇ ਫਲਸਰੂਪ ਦਸਮ ਪਾਤਸ਼ਾਹ ਨੇ 1699 ਵਿੱਚ ਭਾਈ ਮਨੀ ਸਿੰਘ ਨੂੰ ਇੱਥੇ ਭੇਜਿਆ ਤਾਂ ਸੰਭਾਵਨਾ ਹੈ, ਭਾਈ ਮਨੀ ਸਿੰਘ ਨੇ ਆਦਿ ਬੀੜ ਦੇ ਸੁਖਾਸਨ ਵਾਸਤੇ ਇਤਿਹਾਸਕ ਚਬੂਤਰੇ ਦੇ ਨਾਲ ਲੱਗਵੀਂ ਜੋ ਇਮਾਰਤ ਬਣਾਈ, ਉਸ ਨੂੰ ਅਕਾਲ ਬੁੰਗਾ ਕਿਹਾ ਗਿਆ। ਇਸ ਇਮਾਰਤ ਦੇ ਇੱਕ ਹਿੱਸੇ ਵਿੱਚ ਹੀ ਭਾਈ ਮਨੀ ਸਿੰਘ ਦੀ ਰਿਹਾਇਸ਼ ਹੋਵੇਗੀ। ਭਾਈ ਮਨੀ ਸਿੰਘ ਪਹਾੜੀ ਰਾਜਿਆਂ ਅਤੇ ਮੁਗ਼ਲ ਸੈਨਾ ਵੱਲੋਂ 1704 ਵਿੱਚ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾਏ ਜਾਣ ਬਾਰੇ ਪਤਾ ਲੱਗਣ ਉੱਤੇ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਇੱਕ ਉਦਾਸੀ ਸਾਧੂ ਗੋਪਾਲ ਦਾਸ ਉਰਫ਼ ਗੋਦੜ ਮੱਲ ਨੂੰ ਸੌਂਪ ਕੇ ਆਨੰਦਪੁਰ ਚਲੇ ਗਏ।
ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦੱਖਣ ਤੋਂ ਭੇਜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਉੱਤੇ ਪੁੱਜਣ ਸਾਰ ਸਿੱਖਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਅਤੇ ਉਸ ਦੀਆਂ ਜਿੱਤਾਂ ਦੀ ਲੜੀ ਸ਼ੁਰੂ ਹੋ ਗਈ ਪਰ ਛੇਤੀ ਹੀ ਕਈ ਕਾਰਨਾਂ ਕਰਕੇ ਉਸ ਦਾ ਵਿਰੋਧ ਹੋਣ ਲੱਗਾ। ਇਹ ਹੀ ਕਾਰਨ ਸੀ ਕਿ ਜਦ ਉਹ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਇਆ ਤਾਂ ਕੁਝ ਸਿੱਖ ਸਰਦਾਰਾਂ ਨੇ ਉਸ ਦਾ ਵਿਰੋਧ ਕੀਤਾ। 1769 ਵਿੱਚ ਲਿਖੀ ਪੁਸਤਕ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਦਾ ਕਰਤਾ ਕੇਸਰ ਸਿੰਘ ਛਿੱਬਰ, ਜੋ ਆਪਣੇ ਪਿਤਾ (ਭਾਈ ਮਨੀ ਸਿੰਘ 1721 ਵਿੱਚ ਮੁੜ ਅੰਮ੍ਰਿਤਸਰ ਆਉਣ ਸਮੇਂ ਉਸ ਦੇ ਪਿਤਾ ਨੂੰ ਆਪਣੇ ਨਾਲ ਲਿਆਏ ਸਨ) ਦੇ ਨਾਲ ਕਈ ਸਾਲ ਇੱਥੇ ਰਿਹਾ, ਵੱਲੋਂ ਇਸ ਘਟਨਾ ਦਾ ਜ਼ਿਕਰ ਕਰਦਿਆਂ ‘‘ਝੰਡੇ ਬੁੰਗੇ ਬੰਦਈਏ, ਅਕਾਲ ਬੁੰਗੇ ਅਕਾਲ ਪੁਰਖੀਏ’’ ਅਤੇ ‘‘ਮੇਲਿਓਂ ਪਿਛੇ ਅਕਾਲ ਬੁੰਗੇ ਉਪਰ ਲਗੇ ਰਹਿਣ’’ ਲਿਖੇ ਜਾਣ ਤੋਂ ਇਸ ਸਥਾਨ ਦੇ ਨਾਉਂ ਦੀ ਜਾਣਕਾਰੀ ਮਿਲਦੀ ਹੈ।
ਰਤਨ ਸਿੰਘ ਭੰਗੂ ਲਿਖਤ ਕਾਵਿ-ਗ੍ਰੰਥ ‘ਪ੍ਰਾਚੀਨ ਪੰਥ ਪ੍ਰਕਾਸ਼’ (ਰਚਨਾ 1841) ਵਿੱਚ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਕਰਨ ਵਾਸਤੇ ਇਸ ਸਥਾਨ ਦੇ ਵਸਨੀਕ ਭਾਈ ਗੁਰਬਖਸ਼ ਸਿੰਘ ਦੀ ਚੜ੍ਹਤ ਦੱਸਦਿਆਂ ਲਿਖੀ ਪੰਕਤੀ ‘‘ਅਕਾਲ ਬੁੰਗੇ ਚੜ੍ਹ ਤਖਤ ਬਹਾਯੋ’’ ਤੋਂ ਵੀ ਇਸ ਨਾਂ ਦੀ ਪੁਸ਼ਟੀ ਹੁੰਦੀ ਹੈ ਪਰ ਉਸ ਦੇ ਸਮਕਾਲੀ ਕਵੀ ਗੁਰਮੁਖ ਸਿੰਘ ਨੇ ‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਵਿੱਚ ‘‘ਅਕਾਲ ਤਖਤ ਬਹੁ ਪੂਜ ਚੜਾਇ’’ ਲਿਖ ਕੇ ਇਸ ਦੇ ਬਦਲਵੇਂ ਨਾਂ ਦੀ ਜਾਣਕਾਰੀ ਦਿੱਤੀ ਹੈ। ਗਿਆਨੀ ਗਿਆਨ ਸਿੰਘ ਵੱਲੋਂ 1874 ਵਿੱਚ ਲਿਖੇ ‘ਪੰਥ ਪ੍ਰਕਾਸ਼’ ਵਿੱਚ ਇਸ ਸਥਾਨ ਦਾ ਜ਼ਿਕਰ ਇੱਕ ਥਾਂ ‘‘ਫਿਰ ਅਕਾਲ ਬੁੰਗੇ ਲਗੇ ਦੋਇ ਵਕਤ ਦੀਵਾਨ’’ ਅਤੇ ਦੂਜੀ ਥਾਂ ‘‘ਬੁੰਗੇ ਤਖਤ ਅਕਾਲ ਅਗਾਰੀ ਦੇਵਨ ਜਯੋਂ ਛਬ ਛਾਵੈ’’ ਲਿਖ ਕੇ ਕੀਤਾ ਹੈ ਜਿਸ ਤੋਂ ਇਹ ਦੋਵੇਂ ਨਾਂ ਪ੍ਰਚੱਲਿਤ ਹੋਣ ਦੀ ਪੁਸ਼ਟੀ ਹੁੰਦੀ ਹੈ ਪਰ ਬਾਬਾ ਸੁਮੇਰ ਸਿੰਘ ਭੱਲਾ ਨੇ 1881 ਵਿੱਚ ਰਚਿਤ ਗ੍ਰੰਥ ‘ਗੁਰ ਪਦ ਪ੍ਰੇਮ ਪ੍ਰਕਾਸ਼’ ਵਿੱਚ ‘ਅਕਾਲ ਤਖਤ’ ਸੰਗਿਆ ਵਰਤੀ ਹੈ।
ਭਾਵੇਂ ਅਕਾਲ ਬੁੰਗੇ ਵਾਸਤੇ ਸਿੱਖ ਸ਼ਰਧਾਲੂਆਂ ਨੇ ਨਵਾਂ ਨਾਉਂ ਵਰਤਣਾ ਸ਼ੁਰੂ ਕਰ ਦਿੱਤਾ ਪਰ ਅੰਗਰੇਜ਼ੀ ਹਕੂਮਤ ਦੇ ਸਮੇਂ ਪੰਜਾਬ ਸਰਕਾਰ ਅਤੇ ਬਰਤਾਨਵੀ ਹਿੰਦੋਸਤਾਨ ਦੀ ਸਰਕਾਰ ਵਿੱਚ ਨਿਰੰਤਰ ਹੋਏ ਪੱਤਰ ਵਿਹਾਰ ਵਿੱਚ ਇਸ ਨੂੰ ‘ਅਕਾਲ ਬੁੰਗਾ’ ਹੀ ਲਿਖਿਆ ਮਿਲਦਾ ਹੈ।
ਪੁਰਾਤਨ ਇਤਿਹਾਸਕ ਪੁਸਤਕਾਂ ਵਿੱਚੋਂ ਇਸ ਸਥਾਨ ਦੇ ਮੁਖੀ ਰਹੇ ਵਿਅਕਤੀਆਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਪਹਿਲਾ ਅਜਿਹਾ ਮੁਖੀ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੇ ਥਾਪਿਆ। ਉਸ ਨੇ ਸਿੱਖਾਂ ਵਿੱਚ ਦੁਫੇੜ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਵਾਸਤੇ 30 ਦਸੰਬਰ 1711 ਨੂੰ ਫਰਮਾਨ ਜਾਰੀ ਕਰਕੇ ਚੱਕ ਗੁਰੂ ਦੀ ਜਾਗੀਰ, ਜਿਸ ਵਿੱਚ ਅੰਮ੍ਰਿਤਸਰ ਦੇ ਨਾਲ 12 ਪਿੰਡ ਸ਼ਾਮਲ ਸਨ, ਮਾਤਾ ਸੁੰਦਰੀ ਦੇ ਪਾਲਕ ਪੁੱਤਰ ਅਜੀਤ ਸਿੰਘ ਦੇ ਨਾਂ ਲਗਾ ਦਿੱਤੀ। ਅਜੀਤ ਸਿੰਘ ਦੀ ਮੌਤ ਪਿੱਛੋਂ ਮੁਗ਼ਲ ਬਾਦਸ਼ਾਹ ਫਰੁਖਸੀਅਰ ਨੇ ਇਸ ਇਲਾਕੇ ਦੀ ਸੌਂਪਣਾ ‘ਅਕਾਲ ਪੁਰਖੀਆਂ’ ਵਿੱਚੋਂ ਬਾਵਾ ਕਾਨ੍ਹ ਸਿੰਘ ਤ੍ਰੇਹਨ ਨੂੰ ਕੀਤੀ, ਜੋ ਗੁਰੂ ਗੋਬਿੰਦ ਸਿੰਘ ਜੀ ਨਾਲ ਦੱਖਣ ਜਾਣ ਵਾਲੇ ਜਥੇ ਵਿੱਚ ਸ਼ਾਮਲ ਸੀ ਅਤੇ ਦਸਮੇਸ਼ ਪਿਤਾ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਸਮੇਂ ਬਾਬਾ ਜੀ ਨਾਲ ਭੇਜੇ ਪੰਜ ਸਿੱਖਾਂ ਵਿੱਚੋਂ ਹੋਣ ਦੇ ਬਾਵਜੂਦ ਉਸ ਦਾ ਵਿਰੋਧ ਕਰਨ ਵਾਲਿਆਂ ਵਿੱਚ ਮੋਹਰੀ ਸੀ। ਭਾਵੇਂ ਕਿਸੇ ਲਿਖਤੀ ਗ੍ਰੰਥ ਵਿੱਚ ਅਕਾਲ ਬੁੰਗੇ ਵਿੱਚ ‘ਜਥੇਦਾਰ’ ਪਦ ਹੋਣ ਬਾਰੇ ਜਾਣਕਾਰੀ ਨਹੀਂ ਮਿਲਦੀ ਪਰ ਮੌਖਿਕ ਪਰੰਪਰਾ ਬਾਵਾ ਕਾਨ੍ਹ ਸਿੰਘ ਨੂੰ ਪਹਿਲਾ ਜਥੇਦਾਰ ਮੰਨਦੀ ਹੈ। ਬਾਵਾ ਕਾਨ੍ਹ ਸਿੰਘ ਪਿੱਛੋਂ ਇਸ ਸਮੂਹ ਦੀ ਅਗਵਾਈ ਪਹਿਲਾਂ ਭਾਈ ਦਰਬਾਰਾ ਸਿੰਘ ਦੀਵਾਨ (ਦੇਹਾਂਤ 1734 ਈ.) ਅਤੇ ਫਿਰ ਨਵਾਬ ਕਪੂਰ ਸਿੰਘ (ਦੇਹਾਂਤ 1753 ਈ.) ਨੇ ਕੀਤੀ। ਸ੍ਰੀ ਦਰਬਾਰ ਸਾਹਿਬ ਪਰਿਸਰ ਵਿੱਚ ਰਹਿਣ ਵਾਲੇ ਸਿੱਖਾਂ ਦੀ ਗਿਣਤੀ ਵਧ ਜਾਣ ਕਾਰਨ ਨਵਾਬ ਕਪੂਰ ਸਿੰਘ ਦੇ ਸਮੇਂ ਜਥੇਬੰਦੀ ਦੇ ਦੋ ਹਿੱਸੇ- ਬੁੱਢਾ ਦਲ ਅਤੇ ਤਰੁਣਾ ਦਲ- ਬਣਾਏ ਗਏ ਅਤੇ ਇੱਥੋਂ ਦੀ ਸੁਰੱਖਿਆ ਬੁੱਢਾ ਦਲ ਨੂੰ ਸੌਂਪੀ ਗਈ। ਨਤੀਜੇ ਵਜੋਂ ਬੁੱਢਾ ਦਲ ਦੇ ਚੋਣਵੇਂ ਨੁਮਾਇੰਦੇ ਪੱਕੇ ਤੌਰ ਉੱਤੇ ਅਕਾਲ ਬੁੰਗੇ ਵਿੱਚ ਰਹਿਣ ਲੱਗੇ। ਅਹਿਮਦ ਸ਼ਾਹ ਅਬਦਾਲੀ ਵੱਲੋਂ ਢਾਹੇ ਸ੍ਰੀ ਦਰਬਾਰ ਸਾਹਿਬ ਦੀ ਸ. ਜੱਸਾ ਸਿੰਘ ਆਹਲੂਵਾਲੀਆ ਦੀ ਦੇਖ-ਰੇਖ ਹੇਠ ਪੁਨਰ-ਉਸਾਰੀ ਹੋਣ ਸਮੇਂ ਅਕਾਲ ਬੁੰਗੇ ਦੀ ਇੱਕ ਮੰਜ਼ਿਲੀ ਇਮਾਰਤ ਬਣੀ। (ਬਾਕੀ ਚਾਰ ਮੰਜ਼ਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਤਿਆਰ ਕਰਵਾਈਆਂ।) ਉਸ ਨੇ ਅਕਾਲ ਬੁੰਗੇ ਅਤੇ ਸ੍ਰੀ ਦਰਬਾਰ ਸਾਹਿਬ ਦੋਵਾਂ ਥਾਵਾਂ ਉੱਤੇ ਪਾਠ-ਪੂਜਾ ਨੂੰ ਗੁਰਮਤਿ ਵਿਧੀ-ਵਿਧਾਨ ਅਨੁਸਾਰ ਯਕੀਨੀ ਬਣਾਇਆ। ਸ. ਜੱਸਾ ਸਿੰਘ ਆਹਲੂਵਾਲੀਆ ਦੇ 1783 ਵਿੱਚ ਅਕਾਲ ਚਲਾਣੇ ਪਿੱਛੋਂ ਪ੍ਰਬੰਧਕੀ ਅਤੇ ਵਿਹਾਰਕ ਦੋਵੇਂ ਜ਼ਿੰਮੇਵਾਰੀਆਂ ਅਕਾਲ ਬੁੰਗੇ ਵਿੱਚ ਨਿਵਾਸ ਕਰਨ ਵਾਲੇ ਬੁੱਢਾ ਦਲ ਦੇ ਮੁਖੀ ਦੇ ਮੋਢਿਆਂ ਉੱਤੇ ਪੈ ਗਈਆਂ ਪਰ ਨਿਹੰਗ ਨੈਣਾ ਸਿੰਘ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਕਿਸ ਕਿਸ ਨੇ ਨਿਭਾਈ, ਇਸ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਮਿਲੀ। ਨਿਹੰਗ ਨੈਣਾ ਸਿੰਘ ਦੇ ਸੁਰਗਵਾਸ ਹੋਣ ਪਿੱਛੋਂ ਉਸ ਦੇ ਪੈਰੋਕਾਰ ਅਕਾਲੀ ਫੂਲਾ ਸਿੰਘ ਨੇ ਇਹ ਪਦ ਸੰਭਾਲਿਆ। ਇੱਕ ਪ੍ਰਤਿਬੱਧ ਗੁਰਸਿੱਖ ਹੋਣ ਕਾਰਨ ਉਹ ਗੁਰੂ ਸਾਹਿਬਾਨ ਦੁਆਰਾ ਸਥਾਪਤ ਰਹਿਤ ਮਰਿਆਦਾ ਉੱਤੇ ਸਖ਼ਤੀ ਨਾਲ ਪਹਿਰਾ ਦਿੰਦਾ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਮੁਸਲਮਾਨ ਨਾਚੀ ਮੋਰਾਂ ਨੂੰ ਰਾਣੀ ਬਣਾਉਣ ਪਿੱਛੋਂ ਸ੍ਰੀ ਦਰਬਾਰ ਸਾਹਿਬ ਆਇਆ ਤਾਂ ਅਕਾਲੀ ਫੂਲਾ ਸਿੰਘ ਨੇ ਅਕਾਲ ਬੁੰਗੇ ਤੋਂ ਉਸ ਨੂੰ ਕੁਰਹਿਤੀਆ ਸਿੱਖ ਐਲਾਨ ਕੇ ਕੋੜੇ ਮਾਰਨ ਦੀ ਤਨਖ਼ਾਹ ਲਾਈ। ਬੇਸ਼ੱਕ, ਮਹਾਰਾਜੇ ਦੀ ਨਿਮਰਤਾ ਅਤੇ ਹਾਜ਼ਰ ਸੰਗਤ ਦੀ ਭਾਵਨਾ ਦੀ ਕਦਰ ਕਰਦਿਆਂ ਇਸ ‘ਸਜ਼ਾ’ ਨੂੰ ਅਮਲ ਵਿੱਚ ਨਾ ਲਿਆਂਦਾ ਗਿਆ ਪਰ ਇਸ ਘਟਨਾ ਤੋਂ ਮਹਾਰਾਜੇ ਨੇ ਆਪਣੇ ਸਵੈਮਾਣ ਨੂੰ ਠੇਸ ਪੁੱਜੀ ਮਹਿਸੂਸ ਕੀਤੀ। ਰਾਜ-ਮਦ ਵਿੱਚ ਮੱਤਾ ਵਿਅਕਤੀ ਕਿਵੇਂ ਸਹਿਣ ਕਰ ਸਕਦਾ ਹੈ ਕਿ ਕੋਈ ਹੋਰ, ਉਹ ਭਾਵੇਂ ਧਾਰਮਿਕ ਖੇਤਰ ਵਿੱਚ ਸਿਰਮੌਰ ਹੋਵੇ, ਉਸ ਵੱਲ ਉਂਗਲ ਕਰੇ। ਉਹ ਅਕਾਲੀ ਫੂਲਾ ਸਿੰਘ ਨੂੰ ਨੀਵਾਂ ਵਿਖਾਉਣ ਦੇ ਅਵਸਰ ਢੂੰਡਣ ਲੱਗਾ। ਸੋ ਇੱਕ ਮੌਕੇ ਜਦ ਅਕਾਲੀ ਫੂਲਾ ਸਿੰਘ ਅੰਮ੍ਰਿਤਸਰ ਤੋਂ ਬਾਹਰ ਸੀ, ਮਹਾਰਾਜਾ ਰਣਜੀਤ ਸਿੰਘ ਨੇ ਹਜ਼ੂਰ ਸਾਹਿਬ ਤੋਂ ਅਕਾਲੀ ਗੁਰਮੁਖ ਸਿੰਘ ਦੀ ਅਗਵਾਈ ਵਿੱਚ ਆਏ ਨਿਹੰਗ ਜਥੇ ਨੂੰ ਅਕਾਲ ਬੁੰਗੇ ਵਿੱਚ ਟਿਕਾ ਦਿੱਤਾ। ਸ੍ਰੀ ਦਰਬਾਰ ਸਾਹਿਬ ਵੱਲੋਂ ਅਕਾਲ ਬੁੰਗੇ ਦੇ ਵਾਸੀ ਨਿਹੰਗਾਂ ਨੂੰ ਮਿਲਦੇ ਬੱਝਵੇਂ ਵਿਧਾਨ ਵਿੱਚੋਂ ਕੁਝ ਹਿੱਸਾ ਵੀ ਗੁਰਮੁਖ ਸਿੰਘ ਨੂੰ ਦੇਣ ਦਾ ਹੁਕਮ ਦਿੱਤਾ। ਅੰਮ੍ਰਿਤਸਰ ਵਾਪਸ ਆ ਕੇ ਅਕਾਲੀ ਫੂਲਾ ਸਿੰਘ ਨੂੰ ਇਸ ਘਟਨਾਕ੍ਰਮ ਦਾ ਪਤਾ ਲੱਗਾ ਤਾਂ ਉਸ ਨੇ ਸ੍ਰੀ ਦਰਬਾਰ ਸਾਹਿਬ ਤੋਂ ਮਿਲਦੇ ਬੰਧਾਨ ਦੀ ਰਾਸ਼ੀ ਪ੍ਰਾਪਤ ਕਰਨ ਉੱਤੇ ਜ਼ੋਰ ਪਾਇਆ। ਗੱਲ ਮਹਾਰਾਜਾ ਰਣਜੀਤ ਸਿੰਘ ਕੋਲ ਅੱਪੜੀ। 1814 ਦੀ ਲੋਹੜੀ-ਮਾਘੀ ਦੇ ਦਿਨੀਂ ਜਦ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਵਿੱਚ ਸੀ, ਉਸ ਨੇ 15 ਜਨਵਰੀ 1814 ਦੇ ਦਿਨ ਦੋਵਾਂ ਧਿਰਾਂ ਨੂੰ ਗੋਬਿੰਦਗੜ੍ਹ ਕਿਲੇ ਵਿੱਚ ਬੁਲਾਇਆ ਅਤੇ ਅਕਾਲੀ ਫੂਲਾ ਸਿੰਘ ਨੂੰ ਹੁਕਮ ਦਿੱਤਾ ਕਿ ਦੂਜੇ ਨਿਹੰਗ ਜਥੇ ਲਈ ਨਿਰਧਾਰਿਤ ਰਾਸ਼ੀ ਵਿੱਚੋਂ ਹਿੱਸਾ ਲੈਣ ਵਾਸਤੇ ਉਨ੍ਹਾਂ ਨੂੰ ਤੰਗ ਨਾ ਕਰੇ। ਨਾਲ ਹੀ ਤਾੜਨਾ ਕੀਤੀ ਕਿ ਜੇਕਰ ਮੁੜ ਸ਼ਿਕਾਇਤ ਮਿਲੀ ਤਾਂ ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚੋਂ ਕੱਢ ਦਿੱਤਾ ਜਾਵੇਗਾ। ਇਸ ਪਿੱਛੋਂ ਦਿਨੋਂ-ਦਿਨ ਨਿਹੰਗ ਗੁਰਮੁਖ ਸਿੰਘ ਦਾ ਜ਼ੋਰ ਵਧਦਾ ਗਿਆ। ਆਖ਼ਰ ਅਕਾਲੀ ਫੂਲਾ ਸਿੰਘ ਨੂੰ ਆਪਣਾ ਵੱਖਰਾ ਟਿਕਾਣਾ ਬਣਾਉਣਾ ਪਿਆ ਜਿਸ ਨਾਲ ਅਕਾਲ ਬੁੰਗੇ ਅਥਵਾ ਅਕਾਲ ਤਖਤ ਉੱਤੋਂ ਬੁੱਢਾ ਦਲ ਦਾ ਗਲਬਾ ਖ਼ਤਮ ਹੋ ਗਿਆ। ਜਦ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਦੇਖ-ਰੇਖ ਗਿਆਨੀ ਸੰਤ ਸਿੰਘ ਨੂੰ ਸੌਂਪ ਦਿੱਤੀ ਤਾਂ ਨਿਹੰਗ ਗੁਰਮੁਖ ਸਿੰਘ ਦੀ ਜ਼ਿੰਮੇਵਾਰੀ ਕੇਵਲ ਇਸ ਅਸਥਾਨ ਉੱਤੇ ਪਾਠ-ਪੂਜਾ ਦਾ ਨਿੱਤ-ਕ੍ਰਮ ਅਤੇ ਅੰਮ੍ਰਿਤ ਛਕਾਉਣ ਦੀ ਰਸਮ ਵਿਧੀ-ਪੂਰਬਕ ਜਾਰੀ ਰੱਖਣ ਤੱਕ ਸੀਮਿਤ ਹੋ ਗਈ।
ਇਸ ਪਾਵਨ ਅਸਥਾਨ ਦਾ ‘ਜਥੇਦਾਰ’ ਪਦ ਨਾ ਹੋਣ ਦੀ ਪੁਸ਼ਟੀ ਇਸ ਤੱਥ ਤੋਂ ਵੀ ਹੁੰਦੀ ਹੈ ਕਿ 18 ਮਾਰਚ 1887 ਈਸਵੀ ਨੂੰ ‘ਤਖਤ ਅਕਾਲ ਬੁੰਗਾ ਸਾਹਿਬ’ ਤੋਂ ਗੁਰਮੁਖ ਸਿੰਘ ਨੂੰ ਪੰਥ ਵਿੱਚੋਂ ਛੇਕਣ ਦਾ ਹੁਕਮਨਾਮਾ ਕਿਸੇ ਜਥੇਦਾਰ ਦੇ ਨਾਂ ਹੇਠ ਨਹੀਂ, ਸ੍ਰੀ ਦਰਬਾਰ ਸਾਹਿਬ ਪਰਿਸਰ ਵਿੱਚ ਸਥਿਤ ਵਿਭਿੰਨ ਗੁਰਦੁਆਰਿਆਂ ਦੇ ਪੁਜਾਰੀਆਂ, ਗ੍ਰੰਥੀਆਂ ਅਤੇ ਹੋਰ ਸੇਵਾਦਾਰਾਂ ਵੱਲੋਂ ਜਾਰੀ ਕੀਤਾ ਗਿਆ ਸੀ ਜਿਨ੍ਹਾਂ ਦਾ ਵੇਰਵਾ ਹੁਕਮਨਾਮੇ ਦੇ ਪਹਿਲੇ ਵਾਕ ਵਿੱਚ ਇਉਂ ਦਰਜ ਸੀ, ‘‘ਹਮ ਜੁਮਲੇ ਸਿੰਘਾਨ ਪੁਜਾਰੀਅਨ ਤਖਤ ਸ੍ਰੀ ਅਕਾਲ ਬੁੰਗਾ ਜੀ ਸਾਹਿਬ ਵ ਸ੍ਰੀ ਦਰਬਾਰ ਸਾਹਿਬ ਵ ਬਾਬਾ ਅਟੱਲ ਰਾਇ ਸਾਹਿਬ ਜੀ ਵ ਝੰਡਾ ਬੁੰਗਾ ਸਾਹਿਬ ਵ ਬੁੰਗਾ ਸਾਹਿਬ ਜੀ ਨੇ ਮੁਲਾਹਜ਼ੇ ਕਾਰਰਵਾਈ ਗੁਰਮੁਖ ਸਿੰਘ ਸਕਤ੍ਰਿ ਕਾ ਕੀਆ।’’ ਵੀਹਵੀਂ ਸਦੀ ਦੇ ਆਰੰਭ ਤੋਂ ਹੀ ਗੁਰਮੁਖੀ ਅਖ਼ਬਾਰਾਂ ਅਤੇ ਸਿੱਖਾਂ ਦੀਆਂ ਇਕੱਤਰਤਾਵਾਂ ਵਿੱਚ ਦਰਬਾਰ ਸਾਹਿਬ ਪਰਿਸਰ ਵਿੱਚ ਕੀਤੀਆਂ ਜਾਣ ਵਾਲੀਆਂ ਬ੍ਰਾਹਮਣੀ ਰੀਤਾਂ ਨੂੰ ਹਟਾਉਣ ਬਾਰੇ ਉਠਾਈ ਜਾ ਰਹੀ ਮੰਗ ਤੋਂ ਸਿੱਖ ਸੰਗਤ ਨੂੰ ਦੂਰ ਰੱਖਣ ਦੇ ਉਪਾਅ ਵਜੋਂ 1904 ਵਿੱਚ ਸਨਾਤਨੀ ਸਿੱਖਾਂ ਵੱਲੋਂ ਜ਼ੋਰ ਪਾਉਣ ਉੱਤੇ ਜੋ ਹੁਕਮਨਾਮਾ ਕਿ ‘‘ਸ੍ਰੀ ਹਰਿਮੰਦਰ ਸਾਹਿਬ ਵਿੱਚ ਕੇਵਲ ਉਨ੍ਹਾਂ ਲੋਕਾਂ ਨੂੰ ਹੀ ਸਿਰੋਪਾ ਦਿੱਤਾ ਜਾਵੇਗਾ ਜੋ ਆਪਣੇ ਮ੍ਰਿਤਕਾਂ ਦੀਆਂ ਰਸਮਾਂ ਸਨਾਤਨ ਧਰਮ ਅਨੁਸਾਰ ਕਰਨਗੇ’’ ਵੀ ਪਿਛਲੇ ਹੁਕਮਨਾਮੇ ਵਾਂਗ ਗ੍ਰੰਥੀਆਂ ਅਤੇ ਪੁਜਾਰੀਆਂ ਨੇ ਰਲ ਕੇ ਜਾਰੀ ਕੀਤਾ।
ਨਿਹੰਗ ਗੁਰਮੁਖ ਸਿੰਘ ਦੀ ਇਸ ਅਸਥਾਨ ਦੇ ਮੁਖੀ ਵਜੋਂ ਨਿਯੁਕਤੀ ਹੋਣ ਪਿੱਛੋਂ ਇਹ ਪਦ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਪੁਜਾਰੀਆਂ, ਗ੍ਰੰਥੀਆਂ ਅਤੇ ਹੋਰ ਸੇਵਾਦਾਰਾਂ ਦੇ ਪਦਾਂ ਵਾਂਗ ਪਿਤਾ-ਪੁਰਖੀ ਬਣ ਗਿਆ। 1920 ਵਿੱਚ ਨਿਹੰਗ ਗੁਰਮੁਖ ਸਿੰਘ ਦਾ ਪੋਤਾ ਨਿਹੰਗ ਤੇਜਾ ਸਿੰਘ ਮੁਖੀ ਦੀ ਜ਼ਿੰਮੇਵਾਰੀ ਨਿਭਾ ਰਿਹਾ ਸੀ। 12 ਅਕਤੂਬਰ ਦੇ ਦਿਨ ਖਾਲਸਾ ਬਰਾਦਰੀ ਦੇ ਜਥੇ ਦੇ ਆਉਣ ਬਾਰੇ ਜਾਣ ਕੇ ਜਦ ਇਸ ਅਸਥਾਨ ਦੇ ਸਭ ਸੇਵਕ ਡਿਊਟੀ ਛੱਡ ਕੇ ਭੱਜ ਗਏ ਸਨ ਤਾਂ ਸੰਗਤ ਵਿੱਚੋਂ ਜਥੇਦਾਰ ਕਰਤਾਰ ਸਿੰਘ ਝੱਬਰ ਦੇ ਕਹਿਣ ਉੱਤੇ ਜਥੇਦਾਰ ਤੇਜਾ ਸਿੰਘ ਭੁੱਚਰ ਨੂੰ ਇਸ ਅਸਥਾਨ ਦੀ ਸੇਵਾ ਸੌਂਪ ਕੇ ਉਸ ਨੂੰ ‘ਜਥੇਦਾਰ’ ਕਿਹਾ ਗਿਆਂ ਤਾਂ ਇਸ ਦਿਨ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਪਦ ਹੋਂਦ ਵਿੱਚ ਆਇਆ।
ਸੰਪਰਕ: 94170-49417

Advertisement
Advertisement