ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁੱਠੀ ਭਰ ਖਜੂਰ

04:06 AM Mar 30, 2025 IST
featuredImage featuredImage

ਬਾਲ ਮਨ ’ਤੇ ਪੈਂਦੇ ਨਿਰਮਲ, ਨਿਰਛਲ ਅਤੇ ਚਿਰਸਥਾਈ ਪ੍ਰਭਾਵਾਂ ਬਾਰੇ ਲਿਖੀ ਇਹ ਜਾਨਦਾਰ ਕਹਾਣੀ ਸੂਡਾਨ ਦੇ ਮਹਾਰਥੀ ਗਲਪਕਾਰ ਅਤੇ ਬੀਬੀਸੀ ਦੇ ਅਰਬੀ ਪ੍ਰੋਗਰਾਮਾਂ ਲਈ ਕੰਮ ਕਰਨ ਵਾਲੇ ਪੱਤਰਕਾਰ ਤਈਅਬ ਸਾਲੇਹ ਦੀ ਲਿਖੀ ਹੋਈ ਹੈ। ਮੂਲ ਰੂਪ ਵਿੱਚ ਅਰਬੀ ਵਿੱਚ ਲਿਖਣ ਵਾਲੇ ਇਸ ਗਲਪਕਾਰ ਦੀਆਂ ਕਹਾਣੀਆਂ ਨੂੰ The wedding of Zein and other stories ਸਿਰਨਾਵੇਂ ਹੇਠ, ਅੰਗਰੇਜ਼ੀ ਵਿੱਚ, ਅਨੁਵਾਦ ਡੈਨਿਸ ਜੌਹਨਸਨ ਡੇਵਿਸ ਨੇ ਕੀਤਾ ਹੈ। A Handful of Dates ਨਾਮ ਨਾਲ ਅਨੁਵਾਦਿਤ ਇਸ ਕਹਾਣੀ ਨੂੰ ਪੰਜਾਬੀ ਰੂਪ ਡਾਕਟਰ ਧਨਵੰਤ ਕੌਰ (ਸੰਪਰਕ: 94172-43245) ਨੇ ਦਿੱਤਾ ਹੈ।

Advertisement

 

ਉਨ੍ਹਾਂ ਦਿਨਾਂ ਵਿੱਚ ਮੈਂ ਬਹੁਤ ਘੱਟ ਉਮਰ ਦਾ ਹੋਵਾਂਗਾ। ਉਂਝ ਤਾਂ ਮੈਂ ਉਸ ਵੇਲੇ ਦੀ ਆਪਣੀ ਉਮਰ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕਦਾ, ਪਰ ਏਨਾ ਜ਼ਰੂਰ ਯਾਦ ਹੈ ਕਿ ਉਦੋਂ ਜਦੋਂ ਲੋਕੀਂ ਮੈਨੂੰ ਆਪਣੇ ਦਾਦਾ ਜੀ ਨਾਲ ਵੇਖਦੇ ਤਾਂ ਪਿਆਰ ਨਾਲ ਮੇਰੇ ਸਿਰ ’ਤੇ ਹੱਥ ਫੇਰਦੇ ਅਤੇ ਗੱਲ੍ਹ ’ਤੇ ਪਟੋਕੀ ਮਾਰਦੇ। ਦਾਦਾ ਜੀ ਨਾਲ ਕੋਈ ਇੰਝ ਨਹੀਂ ਸੀ ਪੇਸ਼ ਆਉਂਦਾ। ਮੇਰੇ ਲਈ ਇਹ ਵੀ ਹੈਰਾਨੀ ਦੀ ਗੱਲ ਸੀ ਕਿ ਮੈਂ ਆਪਣੇ ਪਿਤਾ ਜੀ ਨਾਲ ਕਦੇ ਬਾਹਰ ਨਹੀਂ ਸੀ ਗਿਆ। ਦਾਦਾ ਜੀ ਹੀ ਮੈਨੂੰ ਆਪਣੇ ਨਾਲ ਲੈ ਕੇ ਜਾਂਦੇ ਸਨ। ਜਿਨ੍ਹਾਂ ਦਿਨਾਂ ਵਿੱਚ ਮੈਂ ਕੁਰਾਨ ਸਿੱਖਣ ਮਸਜਿਦ ਜਾਣਾ ਹੁੰਦਾ ਸੀ, ਉਨ੍ਹਾਂ ਦਿਨਾਂ ਵਿੱਚ ਉਹ ਮੈਨੂੰ ਕਿਤੇ ਹੋਰ ਨਹੀਂ ਸੀ ਲੈ ਕੇ ਜਾਂਦੇ। ਇਲਾਕੇ ਦੀ ਮਸਜਿਦ, ਨਦੀ ਅਤੇ ਖੇਤ ਸਾਡੇ ਲਈ ਬਹੁਤ ਮਹੱਤਵਪੂਰਨ ਸਨ। ਮੇਰੀ ਉਮਰ ਦੇ ਬੱਚੇ ਮਸਜਿਦ ਜਾ ਕੇ ਕੁਰਾਨ ਸਿੱਖਣ ਤੋਂ ਕਤਰਾਉਂਦੇ ਸਨ, ਪਰ ਮੈਨੂੰ ਇਸ ਕੰਮ ਵਿੱਚ ਕਾਫ਼ੀ ਮਜ਼ਾ ਆਉਂਦਾ ਸੀ। ਕਾਰਨ ਇੱਕੋ ਸੀ, ਮੈਂ ਰੱਟੇ ਲਾਉਣ ਵਿੱਚ ਮਾਹਿਰ ਸਾਂ। ਜਦੋਂ ਵੀ ਲੋਕ ਮਿਲਣ ਆਉਂਦੇ ਸ਼ੇਖ ਸਾਹਿਬ ਮੈਨੂੰ ਖੜ੍ਹਾ ਕਰਕੇ ‘ਦਇਆਵਾਨ ਵਾਲਾ ਪਾਠ’ ਸੁਣਾਉਣ ਲਈ ਕਹਿੰਦੇ। ਉਹ ਲੋਕ ਵੀ ਮੇਰੇ ਸਿਰ ’ਤੇ ਹੱਥ ਫੇਰਦੇ ਅਤੇ ਪਿਆਰ ਨਾਲ ਗੱਲ੍ਹ ’ਤੇ ਪਟੋਕੀ ਮਾਰਦੇ, ਜਿਵੇਂ ਦਾਦਾ ਜੀ ਨਾਲ ਘੁੰਮਦਿਆਂ ਬਾਕੀ ਲੋਕ ਮਾਰਦੇ ਹੁੰਦੇ ਸਨ।
ਮੈਨੂੰ ਮਸਜਿਦ ਨਾਲ ਸੱਚਮੁੱਚ ਲਗਾਓ ਸੀ ਤੇ ਨਦੀ ਨਾਲ ਵੀ। ਸਵੇਰੇ ਮੈਂ ਇੱਕੋ ਬੈਠਕ ਵਿੱਚ ਕੁਰਾਨ ਖ਼ਤਮ ਕਰਕੇ ਲੱਕੜੀ ਦੀ ਬਣੀ ਫੱਟੀ ਉੱਥੇ ਹੀ ਪਟਕਦਾ ਅਤੇ ਕਿਸੇ ਜਿੰਨ ਦੀ ਤਰ੍ਹਾਂ ਮਾਂ ਕੋਲ ਪਹੁੰਚ ਜਾਂਦਾ। ਫਟਾਫਟ ਨਾਸ਼ਤਾ ਕਰਦਾ ਅਤੇ ਨਦੀ ਵਿੱਚ ਤਾਰੀਆਂ ਲਾਉਣ ਲਈ ਭੱਜ ਲੈਂਦਾ। ਇਧਰ ਉਧਰ ਤੈਰਦਿਆਂ ਜਦੋਂ ਮੈਂ ਥੱਕ ਜਾਂਦਾ ਤਾਂ ਨਦੀ ਕਿਨਾਰੇ ਬਹਿ ਜਾਂਦਾ। ਉੱਥੋਂ ਪੂਰਬ ਵੱਲ ਵਹਿੰਦੀ ਜਲਧਾਰਾ ਨੂੰ ਨਿਹਾਰਦਾ, ਜਿਹੜੀ ਕਿੱਕਰਾਂ ਦੇ ਸੰਘਣੇ ਜੰਗਲ ਵਿੱਚ ਜਾ ਕੇ ਅੱਖੋਂ ਓਹਲੇ ਹੋ ਜਾਂਦੀ। ਮੈਂ ਆਪਣੀ ਕਲਪਨਾ ਦੀ ਲਗਾਮ ਢਿੱਲੀ ਕਰਕੇ ਉਸ ਜੰਗਲ ਵਿੱਚ ਰਹਿਣ ਵਾਲੇ ਲੋਕਾਂ ਦੇ ਇੱਕ ਕਬੀਲੇ ਦੀ ਤਸਵੀਰ ਮਨ ਵਿੱਚ ਉਤਾਰਨ ਲੱਗਦਾ। ਸਫ਼ੇਦ ਦਾੜ੍ਹੀ, ਵੱਡਾ ਨੱਕ, ਗਠਵੇਂ ਸਰੀਰ ਅਤੇ ਲੰਬੀ ਕਾਠੀ ਵਾਲੇ ਇਹ ਲੋਕ ਮੈਨੂੰ ਬਿਲਕੁਲ ਆਪਣੇ ਦਾਦਾ ਜੀ ਵਰਗੇ ਲੱਗਦੇ। ਦਾਦਾ ਜੀ ਮੇਰੇ ਅਣਗਿਣਤ ਸਵਾਲਾਂ ਦਾ ਜਵਾਬ ਦੇਣ ਤੋਂ ਪਹਿਲਾਂ ਆਪਣੇ ਸਾਫੇ ਨਾਲ ਨੱਕ ਦੀ ਨੋਕ ਪੂੰਝਣਾ ਨਹੀਂ ਸੀ ਭੁੱਲਦੇ। ਉਨ੍ਹਾਂ ਦੀ ਸੰਘਣੀ ਮੁਲਾਇਮ ਦਾੜ੍ਹੀ ਰੂੰ ਵਾਂਗ ਸਫ਼ੇਦ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਨਾ ਤਾਂ ਕਦੇ ਏਨੀ ਸ਼ੁੱਧ ਸਫ਼ੇਦੀ ਦੇਖੀ ਹੈ ਅਤੇ ਨਾ ਹੀ ਇੰਨੀ ਸੁੰਦਰਤਾ। ਮੇਰੇ ਦਾਦਾ ਜੀ ਕਾਫ਼ੀ ਲੰਮੇ ਸਨ। ਇਲਾਕੇ ਦੇ ਕਿਸੇ ਆਦਮੀ ਨੂੰ ਬਿਨਾਂ ਮੂੰਹ ਉਤਾਂਹ ਚੁੱਕਿਆਂ ਮੈਂ ਉਨ੍ਹਾਂ ਨਾਲ ਗੱਲ ਕਰਦੇ ਨਹੀਂ ਵੇਖਿਆ। ਕਿਸੇ ਘਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਝੁਕਣਾ ਪੈਂਦਾ ਸੀ ਅਤੇ ਉਨ੍ਹਾਂ ਨੂੰ ਝੁਕਦੇ ਵੇਖ ਮੈਨੂੰ ਨਦੀ ਦੁਆਲੇ ਨੱਚਦੀਆਂ ਕਿੱਕਰਾਂ ਦੀਆਂ
ਟਾਹਣੀਆਂ ਯਾਦ ਆ ਜਾਂਦੀਆਂ ਸਨ। ਮੈਂ ਉਨ੍ਹਾਂ ਨੂੰ ਬਹੁਤ ਚੰਗੀਆਂ ਲਗਦੀਆਂ ਸਨ। ਵੱਡੇ ਹੋ ਕੇ ਉਨ੍ਹਾਂ ਦੀ ਤਰ੍ਹਾਂ ਪਤਲਾ, ਲੰਮ-ਸਲੰਮਾ ਅਤੇ ਚੁਸਤ ਬਣਿਆ ਰਹਿਣਾ ਚਾਹੁੰਦਾ ਸਾਂ। ਉਨ੍ਹਾਂ ਵਾਂਗ ਲੰਮੇ ਲੰਮੇ ਕਦਮ ਰੱਖ ਕੇ ਚੱਲਣ ਦੀ ਇੱਛਾ ਰਹਿੰਦੀ ਸੀ।
ਮੈਂ ਯਕੀਨਨ ਉਨ੍ਹਾਂ ਦਾ ਸਭ ਤੋਂ ਪਸੰਦੀਦਾ ਪੋਤਾ ਸਾਂ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਸੀ ਕਿਉਂਕਿ ਮੇਰੇ ਚਚੇਰੇ ਭੈਣ ਭਰਾ ਤਾਂ ਬੇਵਕੂਫ਼ਾਂ ਦੀ ਜਮਾਤ ਸਨ ਜਦੋਂਕਿ ਮੈਂ ਚੁਸਤ ਸਾਂ। ਲੋਕਾਂ ਦਾ ਵੀ ਇਹੀ ਮੰਨਣਾ ਸੀ। ਮੈਂ ਭਲੀਭਾਂਤ ਜਾਣਦਾ ਸੀ ਕਿ ਦਾਦਾ ਜੀ ਨੂੰ ਕਦੋਂ ਮੇਰਾ ਹੱਸਣਾ ਪਸੰਦ ਹੈ ਅਤੇ ਕਦੋਂ ਸ਼ਾਂਤ ਰਹਿਣਾ। ਮੈਂ ਉਨ੍ਹਾਂ ਦੀ ਨਮਾਜ਼ ਦਾ ਵਕਤ ਵੀ ਯਾਦ ਰੱਖਦਾ ਸਾਂ। ਬਿਨਾਂ ਉਨ੍ਹਾਂ ਦੇ ਕਹੇ ਸਮੇਂ ਸਿਰ ਨਮਾਜ਼ ਦਾ ਗਲੀਚਾ ਅਤੇ ਵੁਜ਼ੂ ਲਈ ਪਾਣੀ ਦੀ ਗੜਵੀ ਰੱਖ ਆਉਂਦਾ ਸਾਂ। ਵਿਹਲੇ ਵੇਲੇ ਉਨ੍ਹਾਂ ਨੂੰ ਮੈਥੋਂ ਕੁਰਾਨ ਸੁਣਨਾ ਚੰਗਾ ਲੱਗਦਾ ਸੀ। ਉਸ ਵਕਤ ਮੈਂ ਉਨ੍ਹਾਂ ਦਾ ਚਿਹਰਾ ਦੇਖ ਕੇ ਦੱਸ ਸਕਦਾ ਸਾਂ ਕਿ ਉਹ ਅੰਦਰੋਂ ਕਿੰਨੇ ਖ਼ੁਸ਼ ਹਨ।
ਇੱਕ ਦਿਨ ਮੈਂ ਉਨ੍ਹਾਂ ਨਾਲ ਆਪਣੇ ਗੁਆਂਢੀ ਮਸੂਦ ਦੀ ਗੱਲ ਛੇੜੀ। ਮੈਂ ਦਾਦਾ ਜੀ ਨੂੰ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਗੁਆਂਢੀ ਮਸੂਦ ਨੂੰ ਪਸੰਦ ਨਹੀਂ ਕਰਦੇ।’’
ਉਨ੍ਹਾਂ ਨੇ ਨੱਕ ਜਿਹਾ ਖੁਰਕਦਿਆਂ ਜਵਾਬ ਦਿੱਤਾ, ‘‘ਉਹ ਵਿਹਲੜ ਹੈ, ਮੈਨੂੰ ਇਹੋ ਜਿਹੇ ਲੋਕ ਪਸੰਦ ਨਹੀਂ।’’
ਮੈਂ ਪੁੱਛਿਆ, ‘‘ਵਿਹਲੜ ਕੀ ਹੁੰਦਾ ਹੈ?’’
ਦਾਦਾ ਜੀ ਨੇ ਇੱਕ ਪਲ ਸਿਰ ਝੁਕਾਇਆ ਅਤੇ ਫਿਰ ਦੂਰ ਤੱਕ ਫੈਲੇ ਖੇਤ ਵੱਲ ਦੇਖਦਿਆਂ ਕਿਹਾ, ‘‘ਰੇਗਿਸਤਾਨ ਦੇ ਇਸ ਕੋਨੇ ਤੋਂ ਲੈ ਕੇ ਨੀਲ ਨਦੀ ਦੇ ਤਟ ਤੱਕ ਫੈਲੇ ਇਨ੍ਹਾਂ ਖੇਤਾਂ ਨੂੰ ਵੇਖ ਰਿਹੈਂ। ਖਜੂਰਾਂ ਦੇ ਦਰੱਖਤ ਵੇਖ ਰਿਹੈਂ ਨਾ। ਅਤੇ ਉਹ ਦਿਆਰ, ਸਾਲ੍ਹ ਅਤੇ ਕਿੱਕਰਾਂ ਵੀ। ਇਹ ਸਾਰੇ ਮਸੂਦ ਦੇ ਹਿੱਸੇ ਆਏ ਸਨ। ਪਿਓ ਤੋਂ ਮਿਲੀ ਪੁਸ਼ਤੈਨੀ ਜਾਇਦਾਦ।’’
ਦਾਦਾ ਜੀ ਦੀ ਚੁੱਪ ਦਾ ਫ਼ਾਇਦਾ ਉਠਾਉਂਦਿਆਂ ਮੈਂ ਆਪਣੀ ਨਜ਼ਰ ਉਨ੍ਹਾਂ ਦੁਆਰਾ ਦਿਖਾਏ ਵਿਸ਼ਾਲ ਖੇਤ ਵੱਲ ਕਰ ਲਈ। ਮੈਂ ਮਨ ਹੀ ਮਨ ਸੋਚਣ ਲੱਗਾ, ਦਰਾੜਾਂ ਪਈ ਇਹ ਕਾਲੀ ਧਰਤੀ, ਖਜੂਰ ਦੇ ਇਹ ਦਰੱਖਤ ਜਾਂ ਹੋਰ ਬਾਕੀ ਦਰੱਖਤ, ਕਿਸੇ ਦੇ ਵੀ ਹੋਣ, ਮੇਰੀ ਜਾਣੇ ਜੁੱਤੀ! ਮੈਨੂੰ ਤਾਂ ਬਸ ਏਨਾ ਪਤਾ ਹੈ ਕਿ ਇਹ ਮੇਰੇ ਸੁਪਨਿਆਂ ਦੀ ਰੰਗਭੂਮੀ ਹੈ। ਮੇਰੀ ਖੇਡ ਦਾ ਮੈਦਾਨ।
ਦਾਦਾ ਜੀ ਨੇ ਗੱਲ ਅੱਗੇ ਵਧਾਈ, ‘‘ਹਾਂ, ਮੇਰੇ ਬੱਚੇ ਚਾਲੀ ਸਾਲ ਪਹਿਲਾਂ ਤੱਕ ਇਹ ਸਭ ਕੁਝ ਮਸੂਦ ਦਾ ਸੀ। ਅੱਜ ਇਸ ਦਾ ਦੋ ਤਿਹਾਈ ਮੇਰਾ ਹੈ।’’
ਮੇਰੇ ਲਈ ਇਹ ਨਵੀਂ ਗੱਲ ਸੀ। ਮੈਂ ਹੁਣ ਤੱਕ ਇਹੀ ਸਮਝਦਾ ਸਾਂ ਕਿ ਸ੍ਰਿਸ਼ਟੀ ਦੇ ਬਣਨ ਵੇਲੇ ਤੋਂ ਲੈ ਕੇ ਇਹ ਜ਼ਮੀਨ ਮੇਰੇ ਦਾਦਾ ਜੀ ਦੀ ਹੀ ਸੀ।
‘‘ਇਸ ਪਿੰਡ ਵਿੱਚ ਪੈਰ ਰੱਖਣ ਵੇਲੇ ਮੇਰੇ ਕੋਲ ਇੱਕ ਏਕੜ ਵੀ ਜ਼ਮੀਨ ਨਹੀਂ ਸੀ। ਉਨ੍ਹਾਂ ਦਿਨਾਂ ਵਿੱਚ ਮਸੂਦ ਇਸ ਜਾਇਦਾਦ ਦਾ ਮਾਲਕ ਸੀ। ਹੁਣ ਸਥਿਤੀ ਪਲਟ ਗਈ ਹੈ ਅਤੇ ਮੈਨੂੰ ਲੱਗਦਾ ਹੈ ਕਿ ਮਸੂਦ ਦੇ ਅੱਲਾ ਨੂੰ ਪਿਆਰੇ ਹੋਣ ਤੱਕ ਬਾਕੀ ਦਾ ਇੱਕ ਤਿਹਾਈ ਵੀ ਮੈਂ ਖਰੀਦ ਲਵਾਂਗਾ।’’
ਪਤਾ ਨਹੀਂ ਕਿਉਂ, ਦਾਦਾ ਜੀ ਦੀਆਂ ਇਨ੍ਹਾਂ ਗੱਲਾਂ ਨਾਲ ਮੈਂ ਸਹਿਮ ਗਿਆ ਸਾਂ। ਮੇਰੇ ਮਨ ਵਿੱਚ ਗੁਆਂਢੀ ਮਸੂਦ ਲਈ ਦਇਆ ਆ ਗਈ ਸੀ। ਮੈਂ ਤਾਂ ਦੁਆ ਕਰਨ ਲੱਗਾ ਸਾਂ ਕਿ ਦਾਦਾ ਜੀ ਉਂਝ ਨਾ ਕਰਨ, ਜਿਸ ਦਾ ਉਨ੍ਹਾਂ ਨੇ ਹੁਣੇ ਹੁਣੇ ਜ਼ਿਕਰ ਕੀਤਾ ਸੀ। ਮੈਨੂੰ ਮਸੂਦ ਦਾ ਗੀਤ ਗਾਉਣਾ, ਉਸ ਦੀ ਸੁਰੀਲੀ ਆਵਾਜ਼ ਅਤੇ ਨਦੀ ਦੀ ਕਲ ਕਲ ਧਾਰਾ ਵਰਗਾ ਉਸ ਦਾ ਨਿਰਛੱਲ ਠਹਾਕਾ ਯਾਦ ਆਉਣ ਲੱਗਾ। ਮੇਰੇ ਦਾਦਾ ਜੀ ਤਾਂ ਕਦੇ ਹੱਸਦੇ ਹੀ ਨਹੀਂ ਸਨ।
ਮੈਂ ਦਾਦਾ ਜੀ ਨੂੰ ਪੁੱਛਿਆ ਕਿ ਮਸੂਦ ਨੇ ਆਪਣੀ ਜ਼ਮੀਨ ਵੇਚ ਕਿਉਂ ਦਿੱਤੀ?
‘ਜ਼ਨਾਨੀ’ ਦਾਦਾ ਜੀ ਦੇ ਇਸ ਸ਼ਬਦ ਦੇ ਉਚਾਰਨ ਤੋਂ ਮੈਨੂੰ ਇੰਝ ਲੱਗਾ ਜਿਵੇਂ ਜ਼ਨਾਨੀ ਕੋਈ ਭਿਆਨਕ ਸ਼ੈਅ ਹੋਵੇ। ‘‘ਮਸੂਦ ਨੇ ਕਈ ਵਿਆਹ ਕੀਤੇ। ਜਦੋਂ ਵੀ ਉਹ ਸ਼ਾਦੀ ਕਰਦਾ, ਮੈਨੂੰ ਇੱਕ ਦੋ ਏਕੜ ਵੇਚ ਦਿੰਦਾ।’’
ਮੈਂ ਫਟਾਫਟ ਜੋੜ ਲਿਆ ਕਿ ਮਸੂਦ ਨੇ ਕਰੀਬਨ 90 ਔਰਤਾਂ ਨਾਲ ਸ਼ਾਦੀ ਕੀਤੀ ਹੋਵੇਗੀ। ਫਿਰ ਮੈਨੂੰ ਉਸ ਦੀਆਂ ਤਿੰਨ ਬੀਵੀਆਂ ਦੀ ਯਾਦ ਆਈ। ਮਸੂਦ ਦਾ ਖਸਤਾ ਹਾਲ ਚਿਹਰਾ, ਉਸ ਦਾ ਲੰਗੜਾਉਂਦਾ ਗਧਾ, ਉਸ ’ਤੇ ਪਾਈ ਟੁੱਟੀ ਕਾਠੀ ਅਤੇ ਪਾਟੀਆਂ ਬਾਹਾਂ ਵਾਲਾ ਉਸ ਦਾ ਕੁੜਤਾ। ਸਭ ਕੁਝ ਅੱਖਾਂ ਸਾਹਮਣੇ ਘੁੰਮ ਗਿਆ। ਪਰ ਜਿਉਂ ਹੀ ਮੈਂ ਉਸ ਨੂੰ ਆਪਣੇ ਵੱਲ ਆਉਂਦੇ ਵੇਖਿਆ ਮੇਰੇ ਜ਼ਿਹਨ ਵਿੱਚ ਤਰਥੱਲੀ ਮਚਾਉਂਦਾ ਖ਼ਿਆਲ ਕਾਫ਼ੂਰ ਹੋ ਗਿਆ ਅਤੇ ਮੇਰੀ ਨਜ਼ਰ ਦਾਦਾ ਜੀ ਨਾਲ ਮਿਲ ਗਈ।
ਮਸੂਦ ਨੇ ਕਿਹਾ, ‘‘ਅੱਜ ਅਸੀਂ ਖਜੂਰ ਦੀ ਫਸਲ ਕੱਟਾਂਗੇ। ਤੁਸੀਂ ਉੱਥੇ ਆਉਣਾ ਚਾਹੋਗੇ?’’
ਦਰਅਸਲ, ਉਹ ਚਾਹੁੰਦਾ ਨਹੀਂ ਸੀ ਕਿ ਦਾਦਾ ਜੀ ਉੱਥੇ ਜਾਣ ਪਰ ਦਾਦਾ ਜੀ ਤਾਂ ਉੱਛਲ ਹੀ ਪਏ। ਮੈਂ ਵੇਖਿਆ ਕਿ ਉਨ੍ਹਾਂ ਦੀਆਂ ਅੱਖਾਂ ਪਲ ਭਰ ਲਈ ਕਾਫ਼ੀ ਤੇਜ਼ੀ ਨਾਲ ਚਮਕੀਆਂ। ਉਨ੍ਹਾਂ ਨੇ ਮੇਰਾ ਹੱਥ ਫੜ ਕੇ ਖਿੱਚਿਆ ਅਤੇ ਅਸੀਂ ਮਸੂਦ ਦੀ ਖਜੂਰ ਦੀ ਫ਼ਸਲ ਵੱਲ ਚੱਲ ਪਏ।
ਉੱਥੇ ਕਿਸੇ ਨੇ ਮੇਰੇ ਦਾਦਾ ਜੀ ਲਈ ਖੱਲ ਨਾਲ ਢਕੀ ਤਪਾਈ ਲਿਆ ਦਿੱਤੀ। ਮੈਂ ਖੜ੍ਹਾ ਰਿਹਾ। ਉੱਥੇ ਕਾਫ਼ੀ ਲੋਕ ਸਨ। ਮੈਂ ਸਭ ਨੂੰ ਜਾਣਦਾ ਸੀ। ਪਰ ਪਤਾ ਨਹੀਂ ਕਿਉਂ, ਸਿਰਫ਼ ਮਸੂਦ ਨੂੰ ਹੀ ਨਿਹਾਰਦਾ ਰਿਹਾ। ਭੀੜ-ਭੜੱਕੇ ਤੋਂ ਪਰ੍ਹੇ, ਇਕੱਲਾ ਖੜ੍ਹਾ ਮਸੂਦ! ਜਿਵੇਂ ਇੱਥੇ ਉਸ ਦਾ ਕੁਝ ਲੈਣਾ ਦੇਣਾ ਹੀ ਨਾ ਹੋਵੇ। ਅਸਲ ਵਿੱਚ ਖਜੂਰ ਦੀ ਇਹ ਫ਼ਸਲ ਉਸ ਦੀ ਆਪਣੀ ਸੀ। ਉਚਾਈ ਤੋਂ ਚਰਮਰਾ ਕੇ ਡਿੱਗਦੇ ਖਜੂਰਾਂ ਦੇ ਗੁੱਛਿਆਂ ਦੀ ਆਵਾਜ਼ ਕਦੇ ਕਦੇ ਮਸੂਦ ਦਾ ਧਿਆਨ ਖਿੱਚ ਲੈਂਦੀ। ਇੱਕ ਵਾਰ ਤਾਂ ਉਹ ਦਰੱਖਤ ਦੇ ਸਿਰੇ ’ਤੇ ਟਿਕ ਕੇ ਬੈਠੇ ਮੁੰਡੇ ’ਤੇ ਚੀਕਿਆ ਵੀ, ‘‘ਧਿਆਨ ਨਾਲ, ਖਜੂਰ ਦਾ ਕਲੇਜਾ ਨਹੀਂ ਚੀਰਨਾ।’’
ਉਹ ਮੁੰਡਾ ਲੰਮੀ ਧਾਰ ਦੇ ਟਕੂਏ ਨਾਲ ਖਜੂਰਾਂ ਦੇ ਗੁੱਛਿਆਂ ’ਤੇ ਵਾਰ ਕਰੀ ਜਾ ਰਿਹਾ ਸੀ।
ਮਸੂਦ ਦੀ ਗੱਲ ਵੱਲ ਕਿਸੇ ਨੇ ਧਿਆਨ ਨਾ ਦਿੱਤਾ। ਖਜੂਰ ਦੇ ਦਰੱਖਤ ਦੇ ਸਿਰੇ ’ਤੇ ਬੈਠਾ, ਖਜੂਰ ਨਾਲ ਚਿਪਕਿਆ ਮੁੰਡਾ ਕੰਮ ਵਿੱਚ ਲੱਗਾ ਰਿਹਾ। ਆਪਣੇ ਟਕੂਏ ਨਾਲ ਉਹ ਧੜਾਧੜ ਇੱਕ ਟਾਹਣੀ ’ਤੇ ਉਦੋਂ ਤੱਕ ਵਾਰ ਕਰਦਾ ਰਿਹਾ, ਜਦੋਂ ਤੱਕ ਖਜੂਰਾਂ ਦਾ ਉਹ ਝੁਰਮਟ ਡਿੱਗ ਨਾ ਪਿਆ। ਉਸ ਦਾ ਡਿੱਗਣਾ ਤਾਂ ਇੰਝ ਸੀ ਜਿਵੇਂ ਕੋਈ ਚੀਜ਼ ਆਸਮਾਨ ਨਾਲੋਂ ਟੁੱਟ ਕੇ ਡਿੱਗੀ ਹੋਵੇ।
ਮੇਰੇ ਜ਼ਿਹਨ ਵਿੱਚ ਮਸੂਦ ਦੇ ਸ਼ਬਦ, ਖਜੂਰ ਦਾ ਕਲੇਜਾ, ਘਰ ਕਰ ਗਏ ਸਨ। ਮੈਂ ਖਜੂਰ ਦੇ ਦਰੱਖਤ ਦਾ ਇੱਕ ਅਜਿਹਾ ਅਕਸ ਬਣਾਉਣ ਲੱਗਾ ਜਿਹੜਾ ਜਿਊਂਦਾ ਜਾਗਦਾ ਹੋਵੇ, ਜਿਵੇਂ ਉਸ ਵਿੱਚ ਧੜਕਦਾ ਦਿਲ ਹੋਵੇ। ਮੈਨੂੰ ਮਸੂਦ ਦੀ ਉਹ ਗੱਲ ਯਾਦ ਆਉਣ ਲੱਗੀ ਜੋ ਉਸ ਨੇ ਕਦੇ ਮੈਨੂੰ ਛੋਟੇ ਹੁੰਦਿਆਂ ਖਜੂਰ ਦੀ ਇੱਕ ਟਾਹਣੀ ਨਾਲ ਖੇਡਦੇ ਵੇਖ ਕੇ ਕਹੀ ਸੀ। ਉਸ ਨੇ ਕਿਹਾ ਸੀ, ‘‘ਮੇਰੇ ਬੱਚੇ ਖਜੂਰ ਦੇ ਦਰੱਖਤ ਵੀ ਇਨਸਾਨਾਂ ਦੀ ਤਰ੍ਹਾਂ ਸੁੱਖ ਦੁੱਖ ਮਹਿਸੂਸਦੇ ਨੇ।’’ ਮੈਨੂੰ ਅੰਦਰ ਹੀ ਅੰਦਰ ਬਿਨਾਂ ਵਜ੍ਹਾ ਇੱਕ ਘੁਟਣ ਜਿਹੀ ਹੋਈ ਸੀ।
ਮੈਂ ਜਦੋਂ ਸਾਹਮਣੇ ਫੈਲੇ ਖੇਤ ਵੱਲ ਵੇਖਿਆ ਤਾਂ ਮੇਰੇ ਹਮਉਮਰ ਸਾਥੀ ਖਜੂਰ ਦੇ ਦਰੱਖਤਾਂ ਦੇ ਇਰਦ ਗਿਰਦ ਕੀੜੀਆਂ ਵਾਂਗ ਜਮ੍ਹਾਂ ਸਨ। ਉਹ ਖਜੂਰਾਂ ਇਕੱਠੀਆਂ ਕਰ ਰਹੇ ਸਨ ਅਤੇ ਉਨ੍ਹਾਂ ਵਿੱਚੋਂ ਜ਼ਿਆਦਾ ਖਾਈ ਜਾ ਰਹੇ ਸਨ। ਖਜੂਰਾਂ ਨੂੰ ਇਕੱਠੀਆਂ ਕਰ ਉਨ੍ਹਾਂ ਦਾ ਢੇਰ ਬਣਾਇਆ ਜਾ ਰਿਹਾ ਸੀ। ਮੈਂ ਦੇਖਿਆ ਲੋਕ ਆਉਂਦੇ ਤੇ ਖਜੂਰਾਂ ਨੂੰ ਮਾਪਣ ਵਾਲੇ ਕਨਸਤਰ ਵਿੱਚ ਪਾ ਕੇ ਬੋਰੀਆਂ ਵਿੱਚ ਭਰੀ ਜਾਂਦੇ। ਮੈਂ ਬੋਰੀਆਂ ਦੀ ਗਿਣਤੀ ਕੀਤੀ। ਪੂਰੀਆਂ ਤੀਹ ਸਨ। ਹੁਣ ਭੀੜ ਖਿੰਡ ਗਈ। ਉੱਥੇ ਸਿਰਫ਼ ਇੱਕ ਵਪਾਰੀ ਹੁਸੈਨ, ਸਾਡੇ ਪੂਰਬ ਵਾਲੇ ਪਾਸੇ ਦੇ ਖੇਤ ਦਾ ਮਾਲਕ ਮੂਸਾ ਅਤੇ ਹੋਰ ਦੋ ਲੋਕ ਬਚੇ ਸਨ ਜਿਨ੍ਹਾਂ ਨੂੰ ਮੈਂ ਕਦੇ ਵੇਖਿਆ ਨਹੀਂ ਸੀ। ਮੈਨੂੰ ਇੱਕ ਹਲਕੀ ਜਿਹੀ ਸੀਟੀ ਦੀ ਆਵਾਜ਼ ਸੁਣੀ। ਦੇਖਿਆ, ਦਾਦਾ ਜੀ ਸੁੱਤੇ ਪਏ ਸਨ। ਮੇਰਾ ਧਿਆਨ ਮਸੂਦ ਵੱਲ ਗਿਆ। ਉਹ ਉੱਥੇ ਹੀ, ਉਸੇ ਤਰ੍ਹਾਂ ਖੜ੍ਹਾ ਸੀ। ਫ਼ਰਕ ਸੀ ਤਾਂ ਸਿਰਫ਼ ਇੱਕ ਡੰਡਲ ਦਾ, ਜਿਸ ਨੂੰ ਉਹ ਮੂੰਹ ਵਿੱਚ ਚਬਾਈ ਜਾ ਰਿਹਾ ਸੀ। ਚਬਾਉਣ ਦਾ ਅੰਦਾਜ਼ ਖਾਣ ਤੋਂ ਬੇਜ਼ਾਰ ਉਸ ਵਿਅਕਤੀ ਵਰਗਾ ਸੀ, ਜਿਸ ਨੂੰ ਇਹ ਪਤਾ ਨਹੀਂ ਲੱਗਦਾ ਕਿ ਉਹ ਮੂੰਹ ਵਿੱਚ ਪਈ ਗਰਾਹੀ ਦਾ ਕੀ ਕਰੇ।
ਮੇਰੇ ਦਾਦਾ ਜੀ ਅਚਾਨਕ ਜਾਗੇ ਤੇ ਹੜਬੜਾ ਕੇ ਖੜ੍ਹੇ ਹੋ ਗਏ। ਫਿਰ ਖਜੂਰ ਦੀਆਂ ਬੋਰੀਆਂ ਵੱਲ ਚੱਲ ਪਏ। ਉਨ੍ਹਾਂ ਦੇ ਪਿੱਛੇ ਪਿੱਛੇ ਵਪਾਰੀ ਹੁਸੈਨ, ਸਾਡੇ ਗੁਆਂਢ ਵਾਲੇ ਖੇਤ ਦਾ ਮਾਲਕ ਮੂਸਾ ਅਤੇ ਉਹ ਦੋਵੇਂ ਅਜਨਬੀ ਸਨ। ਮੈਂ ਮਸੂਦ ਨੂੰ ਆਪਣੇ ਵੱਲ ਆਉਂਦੇ ਵੇਖਿਆ। ਧੀਮੀ ਚਾਲੇ ਆਉਂਦਾ ਮਸੂਦ ਇਧਰ ਆਉਣਾ ਤਾਂ ਨਹੀਂ ਚਾਹੁੰਦਾ ਸੀ ਪਰ ਉਸ ਦੇ ਪੈਰ ਜਬਰੀ ਉਸ ਨੂੰ ਖਿੱਚੀ ਆ ਰਹੇ ਸਨ। ਲੋਕਾਂ ਨੇ ਇੱਕ ਘੇਰਾ ਬਣਾ ਕੇ ਖਜੂਰ ਦੀਆਂ ਬੋਰੀਆਂ ਨੂੰ ਘੇਰਿਆ ਹੋਇਆ ਸੀ। ਉਹ ਖਜੂਰ ਪਰਖ ਰਹੇ ਸਨ। ਕੋਈ ਇੱਕ ਉਠਾ ਕੇ ਖਾਂਦਾ, ਕੋਈ ਦੋ। ਮੇਰੇ ਦਾਦਾ ਜੀ ਨੇ ਮੈਨੂੰ ਮੁੱਠੀ ਭਰ ਕੇ ਦਿੱਤੇ। ਮੈਂ ਉਨ੍ਹਾਂ ਨੂੰ ਚਬਾਉਣਾ ਸ਼ੁਰੂ ਕਰ ਦਿੱਤਾ। ਮਸੂਦ ਨੇ ਆਪਣੀਆਂ ਦੋਵਾਂ ਹਥੇਲੀਆਂ ’ਤੇ ਖਜੂਰ ਰੱਖੇ, ਨੱਕ ਕੋਲ ਲੈ ਗਿਆ ਅਤੇ ਫਿਰ ਉਨ੍ਹਾਂ ਨੂੰ ਵਾਪਸ ਰੱਖ ਦਿੱਤਾ।
ਫਿਰ ਮੈਂ ਵੇਖਿਆ ਕਿ ਉਹ ਆਪਸ ਵਿੱਚ ਬੋਰੀਆਂ ਵੰਡ ਰਹੇ ਸਨ। ਵਪਾਰੀ ਹੁਸੈਨ ਨੇ ਦਸ ਲਈਆਂ। ਦੋਵਾਂ ਅਜਨਬੀਆਂ ਨੇ ਪੰਜ ਪੰਜ। ਸਾਡੇ ਗੁਆਂਢੀ, ਪੂਰਬ ਵਾਲੇ ਖੇਤ ਦੇ ਮਾਲਕ ਮੂਸਾ ਨੇ ਪੰਜ ਬੋਰੀਆਂ ਲਈਆਂ ਅਤੇ ਦਾਦਾ ਜੀ ਨੇ ਵੀ ਪੰਜ। ਮੈਨੂੰ ਕੁਝ ਸਮਝ ਨਾ ਆਇਆ। ਮੈਂ ਸਿਰਫ਼ ਮਸੂਦ ਦੀਆਂ ਅੱਖਾਂ ਵੱਲ ਵੇਖਦਾ ਰਿਹਾ। ਸੱਜੇ ਖੱਬੇ ਘੁੰਮਦੀਆਂ ਉਸ ਦੀਆਂ ਅੱਖਾਂ ਦੀ ਬੇਚੈਨੀ ਉਨ੍ਹਾਂ ਦੋ ਚੂਹੀਆਂ ਵਰਗੀਆਂ ਸੀ, ਜਿਨ੍ਹਾਂ ਨੂੰ ਘਰ ਦਾ ਰਸਤਾ ਭੁੱਲ ਗਿਆ ਹੋਵੇ।
‘‘ਤੂੰ ਅਜੇ ਵੀ 50 ਪੌਂਡ (ਸੂਡਾਨੀ) ਦਾ ਕਰਜ਼ਦਾਰ ਐਂ।’’ ਦਾਦਾ ਜੀ ਨੇ ਮਸੂਦ ਨੂੰ ਕਿਹਾ, ‘‘ਤੇ ਆਪਾਂ ਇਸ ਬਾਰੇ ਬਾਅਦ ਵਿੱਚ ਗੱਲ ਕਰਾਂਗੇ।’’
ਹੁਸੈਨ ਨੇ ਆਪਣੇ ਸਹਿਯੋਗੀਆਂ ਨੂੰ ਬੁਲਾਇਆ। ਉਹ ਗਧਿਆਂ ਨੂੰ ਲੈ ਆਏ। ਦੋਵਾਂ ਅਜਨਬੀਆਂ ਕੋਲ ਊਠ ਸਨ। ਖਜੂਰ ਦੀਆਂ ਬੋਰੀਆਂ ਨੂੰ ਲੱਦਿਆ ਗਿਆ। ਇੱਕ ਗਧੇ ਨੇ ਹੌਂਕਣਾ ਸ਼ੁਰੂ ਕਰ ਦਿੱਤਾ। ਬੇਚੈਨ ਊਠਾਂ ਦੇ ਮੂੰਹ ਵਿੱਚ ਝੱਗ ਆ ਗਈ ਅਤੇ ਉਹ ਵੀ ਸ਼ਿਕਾਇਤੀ ਆਵਾਜ਼ ਵਿੱਚ ਸ਼ੋਰ ਮਚਾਉਣ ਲੱਗੇ। ਮੈਂ ਆਪਣੇ ਆਪ ਨੂੰ ਮਸੂਦ ਦੀ ਤਰਫ਼ ਖਿੱਚਿਆ ਜਾਂਦਾ ਮਹਿਸੂਸ ਕਰ ਰਿਹਾ ਸਾਂ। ਇੰਝ ਲੱਗ ਰਿਹਾ ਸੀ ਜਿਵੇਂ ਮੇਰੇ ਹੱਥ ਉਸ ਵੱਲ ਵਧ ਰਹੇ ਹੋਣ, ਮਸੂਦ ਦੀ ਪੋਸ਼ਾਕ ਦਾ ਕਿਨਾਰਾ ਛੂਹਣਾ ਚਾਹੁੰਦੇ ਹੋਣ। ਮੈਂ ਮਸੂਦ ਦੇ ਗਲੇ ਵਿੱਚੋਂ ਉਹ ਆਵਾਜ਼ ਸੁਣ ਸਕਦਾ ਸਾਂ, ਜਿਹੜੀ ਛੁਰੀ ਨਾਲ ਹਲਾਲ ਕਰਦੇ ਵਕਤ ਮੇਮਣੇ ਦੀ ਹੁੰਦੀ ਹੈ। ਪਤਾ ਨਹੀਂ ਕਿਉਂ ਮੈਨੂੰ ਛਾਤੀ ਵਿੱਚ ਤੇਜ਼ ਦਰਦ ਮਹਿਸੂਸ ਹੋਇਆ। ਮੈਂ ਦੂਰ ਭੱਜਣ ਲੱਗਾ। ਦਾਦਾ ਜੀ ਦੀ ਪੁਕਾਰ ਸੁਣ ਕੇ ਇੱਕ ਪਲ ਝਿਜਕਿਆ ਅਤੇ ਫਿਰ ਆਪਣਾ ਰਾਹ ਫੜ ਲਿਆ। ਉਸ ਵਕਤ ਮੈਨੂੰ ਲੱਗਾ ਕਿ ਮੈਨੂੰ ਉਨ੍ਹਾਂ ਨਾਲ ਘ੍ਰਿਣਾ ਹੈ। ਮੈਂ ਆਪਣੀ ਰਫ਼ਤਾਰ ਵਧਾ ਦਿੱਤੀ। ਇੰਝ ਲੱਗ ਰਿਹਾ ਸੀ ਜਿਵੇਂ ਮੈਂ ਆਪਣੇ ਅੰਦਰ ਕੋਈ ਭੇਤ ਛੁਪਾਈ ਬੈਠਾ ਹਾਂ, ਜਿਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹਾਂ। ਮੈਂ ਨਦੀ ਦੇ ਤੱਟ ’ਤੇ ਉਸ ਜਗ੍ਹਾ ਪਹੁੰਚਿਆ, ਜਿੱਥੇ ਦਰੱਖ਼ਤਾਂ ਦੇ ਜੰਗਲ ਪਿੱਛੇ ਨਦੀ ਮੁੜਦੀ ਸੀ। ਫਿਰ ਪਤਾ ਨਹੀਂ ਕਿਉਂ, ਮੈਂ ਗਲੇ ਵਿੱਚ ਆਪਣੀਆਂ ਉਂਗਲਾਂ ਫੇਰੀਆਂ ਅਤੇ ਖਾਧੀਆਂ ਖਜੂਰਾਂ ਨੂੰ ਉਗਲ ਦਿੱਤਾ।

Advertisement

Advertisement