ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਵਿਤਾਵਾਂ

04:01 AM Mar 27, 2025 IST
featuredImage featuredImage

ਗ਼ਜ਼ਲ

ਮਨਦੀਪ ਗਿੱਲ ਧੜਾਕ
ਸੁੱਖੀ ਵੱਸੇ ਇਹ ਸੰਸਾਰ ਯਾਰੋ ਕਿੰਨਾ ਚੰਗਾ ਹੈ,
ਕੋਈ ਖਾਵੇ ਨਾ ਏਥੇ ਖ਼ਾਰ ਯਾਰੋ ਕਿੰਨਾ ਚੰਗਾ ਹੈ।

Advertisement

ਸੱਚ ਨੂੰ ਹਰਿਕ ਹੀ ਸੱਚ ਦੱਸੇ, ਰਤਾ ਨਾ ਰੱਖੇ ਪਰਦਾ,
ਸ਼ੀਸ਼ੇ ਵਾਲਾ ਇਹ ਕਿਰਦਾਰ ਯਾਰੋ ਕਿੰਨਾ ਚੰਗਾ ਹੈ।

ਨਾ ਜਾਤ ਦੀ ਕੋਈ ਗੱਲ ਹੋਵੇ, ਨਾ ਹੀ ਮਜ਼ਹਬ ਦਾ ਰੌਲਾ,
ਸਭਨਾਂ ਦਾ ਹੋਵੇ ਸਤਿਕਾਰ ਯਾਰੋ ਕਿੰਨਾ ਚੰਗਾ ਹੈ।

Advertisement

ਖੁੱਲ੍ਹ ਕੇ ਹੱਸੀਏ, ਖੁੱਲ੍ਹ ਕੇ ਰੋਈਏ, ਕਰੀਏ ਦੁੱਖ-ਸੁੱਖ ਸਾਂਝਾ,
ਹੋਵੇ ਨਾ ਦਿਲਾਂ ਦੇ ਵਿੱਚ ਖ਼ਾਰ ਯਾਰੋ ਕਿੰਨਾ ਚੰਗਾ ਹੈ।

ਮਾਂ ਕੋਲੋਂ ਪੁੱਤ ਨਾ ਵਿੱਛੜੇ ਨਾ ਰੁਲੇ ਕੋਈ ਪਰਦੇਸੀਂ,
ਸਭ ਨੂੰ ਮਿਲੇ ਏਥੇ ਰੁਜ਼ਗਾਰ ਯਾਰੋ ਕਿੰਨਾ ਚੰਗਾ ਹੈ।

ਦੁਨੀਆ ਅੰਦਰ ਸ਼ਾਂਤੀ ਹੋਵੇ, ਨਾ ਕਿਸੇ ਦਾ ਕੋਈ ਦੁਸ਼ਮਣ,
ਨਾ ਹੋਣ ਐਟਮੀ ਹਥਿਆਰ ਯਾਰੋ ਕਿੰਨਾ ਚੰਗਾ ਹੈ।
ਸੰਪਰਕ: 99881-11134
* * *

ਗ਼ਜ਼ਲ

ਬਲਵਿੰਦਰ ਬਾਲਮ ਗੁਰਦਾਸਪੁਰ
ਕੋਈ ਬਾਲਮ ਨੂੰ ਸਮਝਾਏ ਜੀਵਨ ਇਸ ਨੂੰ ਕਹਿੰਦੇ।
ਦੀਪ ਹਵਾ ਵਿੱਚ ਬਲਦਾ ਜਾਏ ਜੀਵਨ ਇਸ ਨੂੰ ਕਹਿੰਦੇ।

ਸਭ ਧਰਮਾਂ ਤੋਂ ਉੱਚੀ-ਸੁੱਚੀ ਜੀਵਨ ਦੀ ਪਰਿਭਾਸ਼ਾ ਇਹ,
ਦੂਜੇ ਦੀ ਪੀੜਾ ਤੜਪਾਏ ਜੀਵਨ ਇਸ ਨੂੰ ਕਹਿੰਦੇ।

ਪੂਰਨਤਾ ਦੀ ਟਹਿਣੀ ਉੱਤੇ ਫੁੱਲ ਸਦਾ ਨਈਂ ਖਿੜਦੇ,
ਧੁੱਪ ਤੇ ਛਾਂ ਜਿਉਂ ਆਏ ਜਾਏ ਜੀਵਨ ਇਸ ਨੂੰ ਕਹਿੰਦੇ।

ਕਿੰਨਾ ਸੋਹਣਾ ਤਾਣਾ ਬਾਣਾ ਬੁਣ ਕੇ ਆਲੇ-ਦੁਆਲੇ,
ਮਕੜੀ ਜਾਲ ’ਚ ਫਸਦੀ ਜਾਏ ਜੀਵਨ ਇਸ ਨੂੰ ਕਹਿੰਦੇ।

ਛੱਡ ਕੇ ਅਪਣੀ ਪ੍ਰਬਲਤਾ ਦਾ ਸੱਜਰਾ ਸੁਰਖ਼ ਸਵੇਰਾ,
ਸ਼ਾਮ ਢਲੇ ਸੂਰਜ ਡੁੱਬ ਜਾਏ ਜੀਵਨ ਇਸ ਨੂੰ ਕਹਿੰਦੇ।

ਨੇਰ੍ਹੀ ਬਾਰਿਸ਼ ਦੇ ਵਿੱਚ ਮਾਝੀ ਬੇੜੀ ਠੇਲੀ ਜਾਏ,
ਸਾਹਿਲ ਤਕ ਹੀ ਨਾ ਘਬਰਾਏ ਜੀਵਨ ਇਸ ਨੂੰ ਕਹਿੰਦੇ।

ਸੱਜੇ ਖੱਬੇ ਬਾਹਾਂ ਦੇ ਵਿੱਚ ਸਭ ਨੂੰ ਲੈ ਕੇ ਚੱਲੀਂ,
ਆਪਣੇ ਜਾਂ ਫਿਰ ਹੋਣ ਪਰਾਏ ਜੀਵਨ ਇਸ ਨੂੰ ਕਹਿੰਦੇ।

ਜਿਸ ਨੇ ਇਸ ਨੂੰ ਸਮਝ ਲਿਆ ਹੈ ਉਸ ਦੇ ਮੂੰਹ ’ਤੇ ਤਾਲਾ,
ਜੀਵਨ ਕੋਈ ਸਮਝ ਨਾ ਪਾਏ ਜੀਵਨ ਇਸ ਨੂੰ ਕਹਿੰਦੇ।

ਅਗਰ ਅਚਾਨਕ ਸਹਿਜ ਸੁਭਾਵਕ ਉਹ ਅਪਣੀ ਕਿਰਪਾ ’ਚੋਂ,
ਖ਼ੁਸ਼ੀਆਂ ਝੋਲੀ ਦੇ ਵਿੱਚ ਪਾਏ ਜੀਵਨ ਇਸ ਨੂੰ ਕਹਿੰਦੇ।

ਛੋਟੀ ਲੋਅ ਵਿੱਚ ਵੱਡੀ ਲੋਅ ਵਿੱਚ ਜਾਂ ਫਿਰ ਮੱਧਮ-ਮੱਧਮ,
ਨੇਰ੍ਹੀ ਖ਼ੁਦ ਹੀ ਦੀਪ ਜਗਾਏ ਜੀਵਨ ਇਸ ਨੂੰ ਕਹਿੰਦੇ।

ਸ਼ਮ੍ਹਾ ਦੇ ਸਮਰਪਣ ਅਰਪਣ ਨੂੰ ਅਭਿਵਾਦਨ ਕਰਕੇ,
ਜੇ ਪਰਵਾਨਾ ਖ਼ੁਦ ਸੜ ਜਾਏ ਜੀਵਨ ਇਸ ਨੂੰ ਕਹਿੰਦੇ।

ਤਕਰਾਰ ਬੜਾ ਵਿਭਚਾਰ ਬੜਾ ਸਤਿਕਾਰ ਬੜਾ ਪਿਆਰ ਬੜਾ,
ਬੰਦਾ ਮਨ ਨੂੰ ਖ਼ੁਦ ਸਮਝਾਏ ਜੀਵਨ ਇਸ ਨੂੰ ਕਹਿੰਦੇ।

ਵਿੱਚ ਜਵਾਨੀ ਫੜਕ ਮਸਾਲੇ ਰੀਝਾਂ ਤੜਕੇ ਲਾਏ,
ਜੀਭ ਖੁਰੇ ਮਨ ਲਲਚਾਏ ਜੀਵਨ ਇਸ ਨੂੰ ਕਹਿੰਦੇ।

ਅੱਖਾਂ ਵਿੱਚ ਸੰਪਰਕ ਬਣੇ ਪ੍ਰਸੰਗ ਕਚੀਚੀ ਵੱਟੇ,
ਮਗਰ ਬੁਢਾਪਾ ਬਾਝ ਨਾ ਆਏ ਜੀਵਨ ਇਸ ਨੂੰ ਕਹਿੰਦੇ।

ਪ੍ਰਤਿਭਾ ਦੇ ਪ੍ਰਤਿਸ਼ਠਾ ਵਿੱਚ ਖੜੋਤ ਕਦੇ ਨਾ ਆਵੇ,
ਦਰਿਆ ਕਲ-ਕਲ ਵਹਿੰਦਾ ਜਾਏ ਜੀਵਨ ਇਸ ਨੂੰ ਕਹਿੰਦੇ।

ਵਿੱਚ ਜਨਾਜ਼ੇ ਇੱਕ ਖ਼ਾਮੋਸੀ ਹੰਝੂਆਂ ਦੇ ਪਰਨਾਲੇ,
ਬਾਲਮ ਦੀ ਹੈ ਅਰਥੀ ਜਾਏ ਜੀਵਨ ਇਸ ਨੂੰ ਕਹਿੰਦੇ।
ਸੰਪਰਕ: 98156-25409
* * *

ਗ਼ਜ਼ਲ

ਰਣਜੀਤ ਕੌਰ ਰਤਨ
ਜੀਵਨ ਦਾ ਸੱਚ ਭੁੱਲੇ ਹੋਏ, ਬਣ ਬੈਠੇ ਅਣਜਾਣੇ,
ਖੌਰੇ ਚਿੱਟੇ ਵਿੱਚ ਕਦ ਵਟਣੇ, ਸੂਹੇ ਰੱਤੇ ਬਾਣੇ।

ਭੌਰੇ ਉੱਡੇ ਮਾਰ ਉਡਾਰੀ, ਹੱਥ ਕਦੇ ਨਾ ਆਵਣ,
ਕਿਸਮਤ ਵਿੱਚੋਂ ਕਦ ਮੁੱਕ ਜਾਣੇ, ਕੋਠੀ, ਪਾਣੀ ਦਾਣੇ।

ਆਪੇ ਬੂਟੇ ਲਾਵੇ ਮਾਲੀ, ਆਪੇ ਬਾਗ਼ ਉਜਾੜੇ,
ਭੋਰਾ ਤਰਸ ਨਹੀਂ ਏ ਦੇਖੋ, ਰੋਂਦੇ ਬਾਲ ਨਿਆਣੇ।

ਕੀਤੇ ਘੋਰ ਗੁਨਾਹਾਂ ਦੀ, ਕੀ ਮਿਲ ਜਾਵੇਗੀ ਮਾਫ਼ੀ,
ਗਲ਼ ਵਿੱਚ ਪੱਲਾ ਪਾਈ ਬੈਠੇ ਦੇਖੇ ਨੇ ਜਰਵਾਣੇ।

ਸੁੱਕੇ ਪੱਤੇ ਵਾਂਗੂੰ ਝੜ ਗਏ, ਉੱਡੇ ਸੰਗ ਵਰੋਲੇ,
ਕਿੱਥੇ ਬੀਜੇ ਕਿੱਥੇ ਉੱਗੇ, ਕਿੱਧਰ ਉਸ ਲੈ ਜਾਣੇ।

ਦੇਸ਼ ਮਿਰੇ ਦੇ ਹਾਕਮ ਤਾਈਂ, ਭੋਰਾ ਲੱਜ ਹਯਾ ਨਾ,
ਪੂਰਾ ਦੇਸ਼ ਰਜਾਵਣ ਵਾਲੇ, ਬੈਠੇ ਭੁੱਖਣ ਭਾਣੇ।

ਭੁੱਖ ਹੜਤਾਲਾਂ ਰੋਸ ਮੁਜ਼ਾਹਰੇ, ਸਾਡੇ ਹਿੱਸੇ ਕਿਉਂ ਨੇ?
ਕੈਸੇ ਤੇਰੇ ਰੰਗ ਵਿਧਾਤਾ, ਸੋਚਣ ਨਿੰਮੋਝਾਣੇ।
* * *

ਗ਼ਜ਼ਲ

ਬਿੰਦਰ ਸਿੰਘ ਖੁੱਡੀ ਕਲਾਂ
ਉਨ੍ਹਾਂ ਨੂੰ ਬੇਈਮਾਨੀ ਮਾਰ ਗਈ।
ਸਾਨੂੰ ਸਾਡੀ ਚੁੱਪ ਤਾਰ ਗਈ।

ਉਨ੍ਹਾਂ ਦੀ ਫ਼ਿਤਰਤ ਵਿੱਚ ਧੋਖਾ ਸੀ,
ਸਾਡੀ ਹਿੰਮਤ ਸਭ ਕੁਝ ਸਹਾਰ ਗਈ।

ਉਹ ਕੀ ਜਾਣਨਗੇ ਸਾਰ ਰਿਸ਼ਤਿਆਂ ਦੀ,
ਮਾਇਆ ਜਿਨ੍ਹਾਂ ਦਾ ਬਣ ਪਰਿਵਾਰ ਗਈ।

ਪੁੱਤਰ ਚੋਰੀ ਦੇ ਗੱਭਰੂ ਹੋਏ ਨੇ,
ਟੁੱਟ ਤੜਾਗੀ ਅੱਧ ਵਿਚਕਾਰ ਗਈ।

ਬਿੰਦਰ ਮੈਂ ਸੁਣਿਐ ਧੋਖੇਬਾਜ਼ਾਂ ਦੀ,
ਬੇੜੀ ਨਾ ਆਰ ਗਈ ਨਾ ਪਾਰ ਗਈ।
ਸੰਪਰਕ: 98786-05965
* * *

ਬਾਪੂ ਦਾ ਕਰਜ਼

ਜਸਪਾਲ ਸਿੰਘ ਜੌਲੀ
ਬਾਪੂ ਸਾਡੇ ਲਈ, ਕੀ ਕੀ ਨਹੀਂ ਰਹਿੰਦਾ ਕਰਦਾ
ਪਾਈ ਪਾਈ ਜੋੜ, ਜੀਵਨ ਭਰ ਰਹਿੰਦਾ ਮਰਦਾ
ਹੱਥਾਂ ਵਿੱਚ ਪੈ ਜਾਂਦੇ ਅੱਟਣ, ਪੈਰੀਂ ਬਿਆਈਆਂ
ਪਰ ਕਦੇ ਵੀ ਕੋਈ, ਝੋਰਾ ਲਾਇਆ ਨਾ
ਬਾਪੂ ਤੇਰਾ ਜਾਣਾ, ਕਦੇ ਕਰਜ਼ ਚੁਕਾਇਆ ਨਾ

ਸਾਈਕਲ ਚੁੱਕ, ਨਿੱਤ ਕੰਮ ਕਾਰ ’ਤੇ ਜਾਣਾ
ਵਾਪਸੀ ’ਤੇ ਖਾਣ ਲਈ, ਜ਼ਰੂਰ ਕੁਝ ਲਿਆਣਾ
ਝੋਲਾ ਦੇਖ, ਗੋਡੇ ਗੋਡੇ ਚਾਅ ਚੜ੍ਹ ਜਾਣਾ
ਪਰ ਬਾਹਰੋਂ, ਕਦੇ ਖਾਲੀ ਆਇਆ ਨਾ
ਬਾਪੂ ਤੇਰਾ ਜਾਣਾ, ਕਦੇ ਕਰਜ਼ ਚੁਕਾਇਆ ਨਾ

ਸਬਰ ਸੰਤੋਖ, ਅੰਦਰ ਕੁੱਟ ਕੁੱਟ ਭਰਿਆ
ਕਿਸੇ ਨੂੰ ਰੱਜ ਦੇਖ, ਕਦੇ ਹਉਕਾ ਨਹੀਂ ਭਰਿਆ
ਰੁੱਖੀ ਮਿੱਸੀ ਖਾ ਕੇ, ਮੰਨੇ ਮਾਲਕ ਦਾ ਭਾਣਾ
ਪਰ ਕਦੇ, ਕਿਸੇ ਅੱਗੇ ਹੱਥ ਫੈਲਾਇਆ ਨਾ
ਬਾਪੂ ਤੇਰਾ ਜਾਣਾ, ਕਦੇ ਕਰਜ਼ ਚੁਕਾਇਆ ਨਾ

ਕਿੰਨਾ ਖੁਸ਼ਨਸੀਬ ਹਾਂ, ਐਸੀ ਰੱਬੀ ਰੂਹ ਦਾ ਜਾਇਆ
ਖ਼ੁਦ ਅੰਗੂਠਾ ਛਾਪ, ਸਾਨੂੰ ਪੜ੍ਹਨ ਸਕੂਲੇ ਪਾਇਆ
ਸਾਨੂੰ ਪੈਰਾਂ ਸਿਰ ਕਰਨ ਲਈ, ਕੀਤੀ ਘਾਲ ਕਮਾਈ
ਪਰ ਕਦੇ ਵੀ ਕੋਈ, ਅਹਿਸਾਨ ਜਤਾਇਆ ਨਾ
ਬਾਪੂ ਤੇਰਾ ਜਾਣਾ, ਕਦੇ ਕਰਜ਼ ਚੁਕਾਇਆ ਨਾ

ਜੱਗ ’ਤੇ ਨਜ਼ਰ ਨਾ ਆਏ, ਅੰਬਰੋਂ ਉੱਚਾ ਸਰਮਾਇਆ
ਜਿਸ ਨੇ ਹੈ ਸਾਨੂੰ, ਉੱਚੇ ਰੁਤਬਿਆਂ ’ਤੇ ਪਹੁੰਚਾਇਆ
ਜੌਲੀ ਕਹੇ, ਜੁਗ ਜੁਗ ਜੀਵੇ ਬਾਪੂ ਮੇਰਾ ਗੁਰਨਾਮ
ਤੇਰੀ ਥਾਂ ਲੈ ਸਕਦਾ, ਕੋਈ ਚਾਚਾ ਤਾਇਆ ਨਾ
ਬਾਪੂ ਤੇਰਾ ਜਾਣਾ, ਕਦੇ ਕਰਜ਼ ਚੁਕਾਇਆ ਨਾ।
ਸੰਪਰਕ: 94647-40910
* * *

ਚਾਨਣ ਦੇ ਵਣਜਾਰੇ

ਅਮਰਜੀਤ ਸਿੰਘ ਫ਼ੌਜੀ
ਅਸੀਂ ਤਾਂ ਚਾਨਣ ਦੇ ਵਣਜਾਰੇ
ਚਾਨਣ ਵੰਡਦੇ ਰਹਿਣਾ
ਅੱਡੀਆਂ ਨੂੰ ਥੁੱਕ ਲਾ ਲੈ ਮਿੱਤਰਾ
ਜਾਹ ਹਨੇਰੇ ਨੂੰ ਕਹਿਣਾ
ਸਦੀਆਂ ਤੋਂ ਤੂੰ ਸਾਡੇ ਮੱਥੇ
ਲਾਈ ਬੈਠਾ ਡੇਰਾ
ਹੁਣ ਸਾਡੇ ਪ੍ਰਭਾਤ ਹੋ ਗਈ
ਕੰਮ ਨਹੀਂ ਏਥੇ ਤੇਰਾ
ਦੀਵਾ ਬਲੇ ਅੰਧੇਰਾ ਜਾਏ
ਇਹ ਵੱਡਿਆਂ ਦਾ ਕਹਿਣਾ
ਮਿਹਨਤਕਸ਼ਾਂ ਨੇ ਸਿੱਖ ਲਿਆ ਏ
’ਕੱਠਿਆਂ ਹੋ ਕੇ ਬਹਿਣਾ
ਹਰ ਮੱਥੇ ਵਿੱਚ ਦੀਪ ਜਗਾਉਣਾ
ਰਹਿ ਜਾਏ ਨਾ ਕੋਈ ਵਾਂਝਾ
ਖ਼ੁਸ਼ੀਆਂ ਖੇੜੇ ਸਾਂਝੇ ਸਾਡੇ
ਦੁੱਖ-ਸੁੱਖ ਵੀ ਹੁਣ ਸਾਂਝਾ
ਸੂਰਜ ਤੋਂ ਅਸੀਂ ਚਾਨਣ ਲੈ ਕੇ
ਅੱਗੇ ਵੰਡਦੇ ਰਹਿਣਾ
ਏਕੇ ਦੇ ਦੀਵੇ ’ਚ ‘ਫ਼ੌਜੀਆ’
ਤੇਲ ਗਿਆਨ ਦਾ ਪੈਣਾ।
ਸੰਪਰਕ: 95011-27033
* * *

ਸੈਲਫੀ

ਹਰਜੀਤ ਸਿੰਘ ਰਤਨ
ਸੈਲਫੀ ਲਵਾਂ ਨਾ ਲਾਵਾਂ ਕਿਧਰੇ
ਸੈਲਫਿਸ਼ ਨਾ ਹੋ ਜਾਵਾਂ ਕਿਧਰੇ
ਗੀਤ ਮੇਰੇ ਦੁਸ਼ਮਣ ਬਣ ਜਾਂਦੇ
ਜੇ ਕੁਝ ਵੀ ਮੈਂ ਗਾਵਾਂ ਕਿਧਰੇ
ਇਸ ਦੀ ਮੈਨੂੰ ਜਾਚ ਨਾ ਆਈ
ਲਾਵਾਂ ਕਿਤੇ, ਬੁਝਾਵਾਂ ਕਿਧਰੇ
ਮਾਰੂਥਲ ਨਾ ਗੋਤੇ ਪੈਂਦੇ
ਹੁੰਦੀਆਂ ਨਾਲ ਦੁਆਵਾਂ ਕਿਧਰੇ
ਧਰਤੀ ਬਣਦੀ ਜੰਨਤ ਵਰਗੀ
ਸਾਂਭੀਆਂ ਹੁੰਦੀਆਂ ਮਾਵਾਂ ਕਿਧਰੇ
ਉਸ ਬਿਨ ਮੈਂ ਸਾਂ ਅੱਧ-ਅਧੂਰਾ
ਜੇ ਨਾ ਹੁੰਦੀਆਂ ਲਾਵਾਂ ਕਿਧਰੇ
ਏਨੀ ਬਦ-ਦੁਆ ਨਾ ਲਗਦੀ
ਵੱਢਦੇ ਨਾ ਜੇ ਛਾਵਾਂ ਕਿਧਰੇ
ਜ਼ਿੰਦਗੀ ਧੁੱਪ ਤੇ ਛਾਂ ਦਾ ਨਾਂ ਹੈ
ਖ਼ੁਸ਼ੀਆਂ, ਹਉਕੇ-ਹਾਵਾਂ ਕਿਧਰੇ
ਮਨ ਵਿੱਚ ਸੋਚਾਂ ਸੋਚਦਾ ਰਹਿਨਾ
ਜੇ ਛੱਡ ਜਾਣ ਬਲਾਵਾਂ ਕਿਧਰੇ
ਆਉਣ ਦਾ ਲਾਰਾ ਲਾ ਕਿਸੇ ਨੂੰ
ਵਰ੍ਹੀਆਂ ਘੋਰ-ਘਟਾਵਾਂ ਕਿਧਰੇ
ਦੁਨੀਆ ਦੀ ਇਹ ਘੁੰਮਣ-ਘੇਰੀ
ਆਪ ਕਿਤੇ, ਪ੍ਰਛਾਵਾਂ ਕਿਧਰੇ
ਹਵਾ ਫਿਰੇ ਕਨਸੋਆਂ ਲੈਂਦੀ
ਜੇ ਮੈਂ ਆਵਾਂ-ਜਾਵਾਂ ਕਿਧਰੇ
* * *

ਤੇਰਾ ਸਹਾਰਾ

ਮਨਿੰਦਰ ਕੌਰ ਬਸੀ
ਤੂਫ਼ਾਨਾਂ ਸਾਹਵੇਂ ਅੜ ਜਾਵੀਂ,
ਸੰਗ ਮੇਰੇ ਹਰ ਥਾਂ ਖੜ੍ਹ ਜਾਵੀਂ।
ਅਸੀਂ ਗ਼ਮ ਸਾਰੇ ਹੱਸ ਜਰ ਲਾਂਗੇ,
ਬਣ ਮੇਰੀ ਹਿੰਮਤ ਤਣ ਜਾਵੀਂ।
ਸ਼ਾਲਾ ਤੇਰੇ ਨਾਲ ਹੀ ਜੀਣਾ ਮੈਂ,
ਇੱਕ ਵੇਰਾਂ ਹਾਮੀ ਭਰ ਜਾਵੀਂ।
ਅਸੀਂ ਵਿੱਚ ਥਲਾਂ ਸੜ ਜਾਵਾਂਗੇ,
ਅੜਿਆ ਨਾ ਰਾਹੀਂ ਛੱਡ ਜਾਵੀਂ।
ਸਾਨੂੰ ਤੇਰਾ ਸਹਾਰਾ ਰੱਬ ਵਰਗਾ,
ਰੱਬ ਬਣ ਕਿਧਰੇ ਨਾ ਠੱਗ ਜਾਵੀਂ।
ਤੂੰ ਸਾਵਣ ਦੀ ਘਟਾ ਸੱਜਣਾ,
ਕਦੇ ਬੱਦਲ ਬਣ ਕੇ ਵਰ੍ਹ ਜਾਵੀਂ।
ਉਂਞ ਭਾਵੇਂ ਦੁਨੀਆ ਜ਼ਹਿਰੀ ਹੈ,
ਇਹ ਜ਼ਹਿਰ ਰਤਾ ਕੁ ਜਰ ਜਾਵੀਂ।
ਡੁੱਬਦੇ ਨੂੰ ਸਹਾਰਾ ਤਿਣਕੇ ਦਾ,
ਗੱਲ ਸੱਚ ਜ਼ਰਾ ਕੁ ਕਰ ਜਾਵੀਂ।
ਸੰਪਰਕ: 98784-38722

Advertisement