ਪੰਜਾਬੀ ਰੰਗਮੰਚ ਦੀ ਪ੍ਰਸਿੱਧ ਨਾਇਕਾ ਕੈਲਾਸ਼ ਕੌਰ

ਸੁਮੀਤ ਸਿੰਘ
ਕੌਮਾਂਤਰੀ ਪ੍ਰਸਿੱਧ ਲੋਕ ਪੱਖੀ ਨਾਟਕਕਾਰ ਅਤੇ ਚਿੰਤਕ ਗੁਰਸ਼ਰਨ ਭਾ ਜੀ ਦੀ ਜੀਵਨ ਸਾਥਣ ਅਤੇ ਨਾਮਵਰ ਰੰਗਮੰਚ ਅਦਾਕਾਰਾ ਕੈਲਾਸ਼ ਕੌਰ ਦੇ ਪਿਛਲੇ ਸਾਲ 4 ਅਕਤੂਬਰ ਨੂੰ ਸਦੀਵੀ ਵਿਛੋੜੇ ਤੋਂ ਬਾਅਦ ਇਨਕਲਾਬੀ ਰੰਗਮੰਚ ਅਤੇ ਜਮਹੂਰੀ ਲਹਿਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। 25 ਦਸੰਬਰ, 1932 ਵਿੱਚ ਪਾਕਿਸਤਾਨ ਦੇ ਗੁੱਜਰਾਂਵਾਲਾ ਸ਼ਹਿਰ ਵਿੱਚ ਜਨਮੇ ਕੈਲਾਸ਼ ਕੌਰ ਨੇ ਬੀ.ਏ. ਅਤੇ ਐੱਲ.ਐੱਲ.ਬੀ. ਦੀ ਸਿੱਖਿਆ ਹਾਸਲ ਕੀਤੀ ਅਤੇ ਬਾਅਦ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਐੱਮ. ਏ. ਪੰਜਾਬੀ ਕਰਨ ਦੇ ਇਲਾਵਾ ਕਲਾਸੀਕਲ ਸੰਗੀਤ ਦੀ ਸਿਖਲਾਈ ਵੀ ਪ੍ਰਾਪਤ ਕੀਤੀ। ਪੜ੍ਹਾਈ ਦੌਰਾਨ ਨਾਟਕਾਂ ਵਿੱਚ ਅਦਾਕਾਰੀ ਦੇ ਇਲਾਵਾ ਕਲਾਸੀਕਲ ਸੰਗੀਤ ਅਤੇ ਲੋਕ ਗੀਤ ਗਾਉਣ ਦਾ ਸ਼ੌਕ ਹੋਣ ਕਾਰਨ ਉਨ੍ਹਾਂ ਨੇ ਕਈ ਸੰਗੀਤ ਸਮਾਗਮਾਂ ’ਚ ਹਿੱਸਾ ਲਿਆ ਅਤੇ ਆਪਣੀ ਬਿਹਤਰ ਪੇਸ਼ਕਾਰੀ ਸਦਕਾ ਕਈ ਐਵਾਰਡ ਹਾਸਲ ਕੀਤੇ।
ਬੇਸ਼ੱਕ 1959 ਵਿੱਚ ਗੁਰਸ਼ਰਨ ਭਾ ਜੀ ਨਾਲ ਵਿਆਹ ਤੋਂ ਪਹਿਲਾਂ ਹੀ ਕੈਲਾਸ਼ ਕੌਰ ਨੂੰ ਨਾਟਕਾਂ ਵਿੱਚ ਅਦਾਕਾਰੀ ਕਰਨ ਦੀ ਚੇਟਕ ਲੱਗ ਚੁੱਕੀ ਸੀ, ਪਰ ਗੁਰਸ਼ਰਨ ਭਾ ਜੀ ਨਾਲ ਰੰਗਮੰਚ ਕਰਦਿਆਂ ਉਨ੍ਹਾਂ ਨੇ ਨਾਟਕ ਕਲਾ ਦੀਆਂ ਬਾਰੀਕੀਆਂ ਨੂੰ ਸਮਝਣ ਦੇ ਨਾਲ ਨਾਲ ਵਿਗਿਆਨਕ ਚੇਤਨਾ ਅਤੇ ਜਥੇਬੰਦਕ ਸੰਘਰਸ਼ਾਂ ਰਾਹੀਂ ਰੰਗਮੰਚ ਦੇ ਲੋਕ ਪੱਖੀ ਸਮਾਜਿਕ ਤਬਦੀਲੀ ਦੇ ਅਹਿਮ ਮਕਸਦ ਨੂੰ ਆਮ ਲੋਕਾਂ ਵਿੱਚ ਹੋਰ ਅੱਗੇ ਲਿਜਾਣ ਲਈ ਲਗਾਤਾਰ ਆਪਣੀ ਅਹਿਮ ਭੂਮਿਕਾ ਨਿਭਾਈ।
ਕੈਲਾਸ਼ ਕੌਰ ਜਿਨ੍ਹਾਂ ਨੂੰ ਸਾਰੇ ਕਲਾਕਾਰ ਸਤਿਕਾਰ ਨਾਲ ਭਾਬੀ ਜੀ ਕਹਿੰਦੇ ਸਨ, ਨੇ ਉਨ੍ਹਾਂ ਸਮਿਆਂ ਵਿੱਚ ਨਾਟਕਾਂ ਵਿੱਚ ਕੰਮ ਕੀਤਾ ਜਦੋਂ ਔਰਤਾਂ ਦਾ ਨਾਟਕਾਂ ਵਿੱਚ ਕੰਮ ਕਰਨਾ ਵਰਜਿਤ ਸਮਝਿਆ ਜਾਂਦਾ ਸੀ। ਉਨ੍ਹਾਂ ਨੇ ਗੁਰਸ਼ਰਨ ਭਾ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੂਰੇ ਪੰਜ ਦਹਾਕੇ ਇਨਕਲਾਬੀ ਰੰਗਮੰਚ ਅਤੇ ਵਿਗਿਆਨਕ ਚੇਤਨਾ ਰਾਹੀਂ ਪੰਜਾਬ ਦੇ ਪਿੰਡਾਂ, ਕਸਬਿਆਂ, ਸ਼ਹਿਰਾਂ ਵਿੱਚ ਲੋਕ ਪੱਖੀ ਸਮਾਜਿਕ ਤਬਦੀਲੀ ਅਤੇ ਆਮ ਲੋਕਾਂ ਨੂੰ ਆਪਣੇ ਮੌਲਿਕ ਅਧਿਕਾਰਾਂ ਦੀ ਰਾਖੀ ਲਈ ਅੰਧ ਵਿਸ਼ਵਾਸਾਂ, ਨਾਬਰਾਬਰੀ, ਫਿਰਕਾਪ੍ਰਸਤੀ, ਜਾਤ-ਪਾਤ ਅਤੇ ਸਾਮਰਾਜ ਪੱਖੀ ਨੀਤੀਆਂ ਦੇ ਖਿਲਾਫ਼ ਜਾਗਰੂਕ ਅਤੇ ਜਥੇਬੰਦ ਕੀਤਾ। ਉਨ੍ਹਾਂ ਨੇ ਔਰਤਾਂ ਨੂੰ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਆਪਣਾ ਹੁਨਰ ਵਿਖਾਉਣ ਅਤੇ ਔਰਤ ਮਰਦ ਬਰਾਬਰੀ ਦੇ ਜਮਹੂਰੀ ਹੱਕਾਂ ਲਈ ਹਰ ਪੱਧਰ ’ਤੇ ਲੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ‘ਨਵਾਂ ਚਾਨਣ’, ‘ਜਿਨ ਸੱਚ ਪੱਲੇ ਹੋਇ’, ‘ਘੁੰਮਣਘੇਰੀ’, ‘ਪਰਬਤੋਂ ਭਾਰੀ ਮੌਤ’, ‘ਇਹ ਲਹੂ ਕਿਸਦਾ ਹੈ’, ‘ਤੂਤਾਂ ਵਾਲਾ ਖੂਹ’, ‘ਧੂਣੀ ਦੀ ਅੱਗ’, ‘ਤਾਮਰ ਪੱਤਰ’, ‘ਕਣਕ ਦੀ ਬੱਲੀ’, ‘ਇੱਕ ਮਾਂ ਦੋ ਮੁਲਕ’ ਅਤੇ ‘ਮਿੱਟੀ ਦਾ ਮੁੱਲ’ ਆਦਿ ਸਮੇਤ ਅਨੇਕਾਂ ਹੋਰ ਮਕਬੂਲ ਨਾਟਕਾਂ ਵਿੱਚ ਆਪਣੀ ਪ੍ਰਭਾਵਸ਼ਾਲੀ ਅਦਾਕਾਰੀ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਉਨ੍ਹਾਂ ਨੇ ਵੱਖ ਵੱਖ ਉੱਚ ਵਿਦਿਅਕ ਅਤੇ ਰੰਗਮੰਚ ਸੰਸਥਾਵਾਂ ਤੋਂ ਇਲਾਵਾ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਤੋਂ ਬਿਹਤਰੀਨ ਅਦਾਕਾਰਾ ਹੋਣ ਦੇ ਕਈ ਸਨਮਾਨ ਹਾਸਲ ਕੀਤੇ।
ਇਹੀ ਵਜ੍ਹਾ ਸੀ ਕਿ ਉਨ੍ਹਾਂ ਨੇ ਆਪਣੀਆਂ ਦੋਵਾਂ ਬੇਟੀਆਂ ਡਾ. ਨਵਸ਼ਰਨ ਅਤੇ ਡਾ. ਅਰੀਤ ਨੂੰ ਵੀ ਆਪਣੇ ਪਿਤਾ ਗੁਰਸ਼ਰਨ ਭਾ ਜੀ ਦੇ ਇਨਕਲਾਬੀ ਰੰਗਮੰਚ ਅਤੇ ਲੋਕ ਪੱਖੀ ਜਨਤਕ ਸੰਘਰਸ਼ਾਂ ਨਾਲ ਜੋੜਿਆ ਅਤੇ ਕਿਸਾਨਾਂ, ਮਜ਼ਦੂਰਾਂ, ਔਰਤਾਂ, ਨੌਜਵਾਨਾਂ, ਵਿਦਿਆਰਥੀਆਂ, ਆਦਿਵਾਸੀਆਂ, ਪਿੱਛੜੇ ਵਰਗਾਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਜਮਹੂਰੀ ਹੱਕਾਂ ਦੀ ਰਾਖੀ ਲਈ ਅਤੇ ਅੰਧ ਵਿਸ਼ਵਾਸਾਂ, ਰੂੜ੍ਹੀਵਾਦੀ ਰਵਾਇਤਾਂ, ਜਾਤ ਪਾਤ, ਨਸ਼ਿਆਂ, ਦਾਜ-ਦਹੇਜ ਦੀਆਂ ਸਮਾਜਿਕ ਬੁਰਾਈਆਂ, ਹਕੂਮਤੀ ਜ਼ਬਰ, ਕਾਰਪੋਰੇਟ ਲੁੱਟ, ਪਾਖੰਡੀ ਬਾਬਿਆਂ, ਡੇਰਿਆਂ ਅਤੇ ਫ਼ਿਰਕੂ ਤਾਕਤਾਂ ਦੇ ਵਿਰੁੱਧ ਸੰਘਰਸ਼ ਕਰਨ ਲਈ ਉਤਸ਼ਾਹਿਤ ਕੀਤਾ।
ਉਨ੍ਹਾਂ ਨੇ ਗੁਰਸ਼ਰਨ ਭਾ ਜੀ ਦੇ ਰੰਗਮੰਚ ਸਫ਼ਰ ਦੌਰਾਨ ਉਨ੍ਹਾਂ ਦੀ ਐਮਰਜੈਂਸੀ ਵੇਲੇ ਹਕੂਮਤੀ ਜ਼ਬਰ ਕਾਰਨ ਨੌਕਰੀ ਤੋਂ ਮੁਅੱਤਲੀ, ਜੇਲ੍ਹ ਨਜ਼ਰਬੰਦੀ ਅਤੇ ਅਤਿਵਾਦ ਦੇ ਬੇਹੱਦ ਔਖੇ ਸਮਿਆਂ ਵੇਲੇ ਜਿੱਥੇ ਪੂਰੀ ਨਿਡਰਤਾ ਨਾਲ ਉਨ੍ਹਾਂ ਦਾ ਡਟ ਕੇ ਸਾਥ ਦਿੱਤਾ, ਉੱਥੇ ਹੀ ਪਿੰਡ-ਪਿੰਡ ਨਾਟਕਾਂ ਵਿੱਚ ਕੰਮ ਕਰਨ ਦੇ ਇਲਾਵਾ ਇੱਕ ਜ਼ਿੰਮੇਵਾਰ ਪਤਨੀ, ਮਾਂ ਅਤੇ ਨੂੰਹ ਦੇ ਤੌਰ ’ਤੇ ਪਰਿਵਾਰ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾਈ। ਇਹ ਉਨ੍ਹਾਂ ਦੇ ਸੁਭਾਅ ਅਤੇ ਸ਼ਖ਼ਸੀਅਤ ਵਿਚਲੇ ਗੁਣਾਂ ਦੀ ਖਾਸੀਅਤ ਸੀ ਕਿ ਉਨ੍ਹਾਂ ਨੇ ਕਈ ਸਾਲ ਅੰਮ੍ਰਿਤਸਰ ’ਚ ਰਣਜੀਤਪੁਰਾ ਸਥਿਤ ਜੱਦੀ ਘਰ ਅਤੇ ਬਾਅਦ ਵਿੱਚ ਮੁਹਾਲੀ ਦੇ ਘਰ ਵਿਖੇ ਲਗਾਤਾਰ ਹੁੰਦੀਆਂ ਨਾਟਕਾਂ ਦੀਆਂ ਰਿਹਰਸਲਾਂ ਮੌਕੇ ਰੰਗਮੰਚ ਅਦਾਕਾਰਾਂ, ਲੇਖਕਾਂ ਅਤੇ ਫਿਲਮੀ ਹਸਤੀਆਂ ਦੀ ਮਹਿਮਾਨਨਿਵਾਜ਼ੀ ਕਰਨ ਅਤੇ ਬਣਦਾ ਸਤਿਕਾਰ ਦੇਣ ਵਿੱਚ ਕਦੇ ਕੋਈ ਕਸਰ ਨਹੀਂ ਛੱਡੀ। ਇਹੀ ਵਜ੍ਹਾ ਸੀ ਕਿ ਗੁਰਸ਼ਰਨ ਭਾ ਜੀ ਨੇ ਘਰੇਲੂ ਜ਼ਿੰਮੇਵਾਰੀਆਂ ਤੋਂ ਮੁਕਤ ਰਹਿ ਕੇ ਆਪਣੇ ਪੰਜਾਹ ਸਾਲ ਦੇ ਰੰਗਮੰਚ ਦੇ ਜੀਵਨ ਵਿੱਚ ਲਗਭਗ 185 ਨਾਟਕ ਲਿਖੇ ਅਤੇ ਉਨ੍ਹਾਂ ਦੀਆਂ ਕੋਈ 12000 ਤੋਂ ਵੀ ਵੱਧ ਪੇਸ਼ਕਾਰੀਆਂ ਕੀਤੀਆਂ। ਉਨ੍ਹਾਂ ਨੇ ਆਪਣੀ ਉਮਰ ਅਤੇ ਸਿਹਤ ਦੀ ਪਰਵਾਹ ਕੀਤੇ ਬਿਨਾਂ ਇੱਕ ਸਾਲ ਵਿੱਚ ਰੰਗਮੰਚ ਦੀਆਂ 150 ਤੋਂ ਵੱਧ ਪੇਸ਼ਕਾਰੀਆਂ ਕਰਕੇ ਇੱਕ ਰਿਕਾਰਡ ਵੀ ਸਥਾਪਿਤ ਕੀਤਾ ਅਤੇ ਸਮੇਂ ਸਮੇਂ ’ਤੇ ਕਈ ਲੋਕ ਪੱਖੀ ਜਮਹੂਰੀ ਸਾਹਿਤਕ, ਪ੍ਰਗਤੀਸ਼ੀਲ, ਸੱਭਿਆਚਾਰਕ ਜਥੇਬੰਦੀਆਂ ਦੀ ਅਗਵਾਈ ਵੀ ਕੀਤੀ। ਇਹ ਸਭ ਕੈਲਾਸ਼ ਕੌਰ ਦੀ ਵਿਗਿਆਨਕ ਸੋਚ, ਘਰ-ਪਰਿਵਾਰ ਪ੍ਰਤੀ ਜ਼ਿੰਮੇਵਾਰੀ ਅਤੇ ਸਮਾਜਿਕ ਤੇ ਸੱਭਿਆਚਾਰਕ ਤਬਦੀਲੀ ਲਈ ਪੰਜਾਬੀ ਰੰਗਮੰਚ ਪ੍ਰਤੀ ਪ੍ਰਤੀਬੱਧਤਾ ਕਾਰਨ ਹੀ ਸੰਭਵ ਹੋ ਸਕਿਆ।
ਪੰਜਾਬ ਦੇ ਲੋਕਾਂ ਅਤੇ ਲੋਕ ਪੱਖੀ ਜਮਹੂਰੀ ਅਤੇ ਪ੍ਰਗਤੀਸ਼ੀਲ ਧਿਰਾਂ ਨੂੰ ਇਸ ਗੱਲ ਦਾ ਬੇਹੱਦ ਫ਼ਖ਼ਰ ਹੈ ਕਿ ਲੋਕ ਪੱਖੀ ਸੰਘਰਸ਼ਾਂ ਨੂੰ ਸਮਰਪਿਤ ਪੰਜਾਬੀ ਰੰਗਮੰਚ ਦੀ ਇਸ ਸ਼ਾਹ ਅਸਵਾਰ ਜੋੜੀ ਦੀਆਂ ਦੋਵੇਂ ਬੇਟੀਆਂ ਡਾ. ਨਵਸ਼ਰਨ ਅਤੇ ਡਾ. ਅਰੀਤ ਆਪਣੇ ਇਨਕਲਾਬੀ ਜੀਵਨ ਸਾਥੀਆਂ ਦੇ ਪੂਰਨ ਸਹਿਯੋਗ ਨਾਲ ਪੰਜਾਬ ਸਮੇਤ ਦੂਜੇ ਸੂਬਿਆਂ ਵਿੱਚ ਕਿਸਾਨਾਂ, ਮਜ਼ਦੂਰਾਂ, ਆਦਿਵਾਸੀਆਂ, ਔਰਤਾਂ, ਘੱਟ ਗਿਣਤੀਆਂ ਸਮੇਤ ਸਮਾਜ ਦੇ ਪੀੜਤ ਵਰਗਾਂ ਨਾਲ ਹੁੰਦੀ ਬੇਇਨਸਾਫ਼ੀ, ਕਾਰਪੋਰੇਟ ਲੁੱਟ, ਹਕੂਮਤੀ ਜ਼ਬਰ, ਫਿਰਕਾਪ੍ਰਸਤੀ ਅਤੇ ਫ਼ਿਰਕੂ ਤਾਕਤਾਂ ਦੇ ਖਿਲਾਫ਼ ਪੂਰੀ ਨਿਡਰਤਾ ਨਾਲ ਲਗਾਤਾਰ ਆਵਾਜ਼ ਬੁਲੰਦ ਕਰਦੇ ਹੋਏ ਆਪਣੇ ਮਾਤਾ-ਪਿਤਾ ਦੀ ਇਨਕਲਾਬੀ ਵਿਰਾਸਤ ਅਤੇ ਸਿਰੜੀ ਸੰਘਰਸ਼ ਨੂੰ ਪੂਰੀ ਕਾਮਯਾਬੀ ਨਾਲ ਅੱਗੇ ਲਿਜਾ ਰਹੀਆਂ ਹਨ।
27 ਸਤੰਬਰ 2011 ਨੂੰ ਗੁਰਸ਼ਰਨ ਭਾ ਜੀ ਦੇ ਸਦੀਵੀ ਵਿਛੋੜੇ ਤੋਂ ਬਾਅਦ ਬੇਸ਼ੱਕ ਪੰਜਾਬੀ ਰੰਗਮੰਚ ਦੇ ਪਰਿਵਾਰ ਅਤੇ ਕੈਲਾਸ਼ ਕੌਰ ਦੀ ਜ਼ਿੰਦਗੀ ਵਿੱਚ ਉਦਾਸੀ ਅਤੇ ਇੱਕ ਵੱਡਾ ਖਲਾਅ ਪੈਦਾ ਹੋ ਗਿਆ ਸੀ, ਪਰ ਉਨ੍ਹਾਂ ਨੇ ਪੂਰੇ ਹੌਸਲੇ ਨਾਲ ਇੱਕ ਵਾਰ ਫਿਰ ਪਰਿਵਾਰ ਨੂੰ ਸੰਭਾਲਿਆ ਅਤੇ ਆਪਣੀ ਬਿਮਾਰ ਸਿਹਤ ਦੇ ਬਾਵਜੂਦ ਗੁਰਸ਼ਰਨ ਭਾ ਜੀ ਦੀ ਇਨਕਲਾਬੀ ਰੰਗਮੰਚ ਦੀ ਵਿਰਾਸਤ ਨੂੰ ਹੋਰ ਅੱਗੇ ਲਿਜਾਣ ਅਤੇ ਅਧੂਰੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਆਪਣੇ ਅੰਤ ਤੱਕ ਯਤਨਸ਼ੀਲ ਰਹੇ। ਪਿਛਲੇ ਕੁਝ ਸਾਲਾਂ ਤੋਂ ਕਮਜ਼ੋਰ ਅਤੇ ਬਿਮਾਰ ਰਹਿਣ ਕਾਰਨ ਉਹ ਜ਼ਿਆਦਾ ਚੱਲ ਫਿਰ ਨਹੀਂ ਸੀ ਸਕਦੇ, ਪਰ ਉਹ ਸੁਚੇਤ ਰੂਪ ਵਿੱਚ ਸਾਥੀ ਕਲਾਕਾਰਾਂ ਨਾਲ ਰੰਗਮੰਚ ਦੀਆਂ ਪੁਰਾਣੀਆਂ ਯਾਦਾਂ ਜ਼ਰੂਰ ਸਾਂਝੀਆਂ ਕਰਦੇ ਸਨ। ਅੰਤਲੇ ਸਮੇਂ ਵਿੱਚ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਅਤੇ ਪੁੱਤਾਂ ਰੂਪੀ ਜਵਾਈਆਂ ਨੇ ਉਨ੍ਹਾਂ ਦੀ ਦੇਖਭਾਲ ਅਤੇ ਪਿਆਰ ਕਰਨ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਅਤੇ ਹਰ ਪੱਖ ਤੋਂ ਉਨ੍ਹਾਂ ਦਾ ਖ਼ਿਆਲ ਰੱਖਿਆ।
ਉਨ੍ਹਾਂ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਨੂੰ ਵੇਖ ਕੇ ਇਹ ਸਹਿਜੇ ਕਿਹਾ ਜਾ ਸਕਦਾ ਹੈ ਕਿ ਕੈਲਾਸ਼ ਕੌਰ ਦੀ ਪਹਿਚਾਣ ਸਿਰਫ਼ ਗੁਰਸ਼ਰਨ ਭਾ ਜੀ ਦੀ ਪਤਨੀ ਦੇ ਰੂਪ ਵਿੱਚ ਹੀ ਨਹੀਂ ਕੀਤੀ ਜਾਣੀ ਚਾਹੀਦੀ ਬਲਕਿ ਇਨਕਲਾਬੀ ਰੰਗਮੰਚ, ਸੁਰ-ਸੰਗੀਤ, ਉੱਚ ਸਿੱਖਿਆ, ਔਰਤਾਂ ਦੇ ਹੱਕਾਂ ਅਤੇ ਜਮਹੂਰੀ ਅਧਿਕਾਰਾਂ ਦੇ ਖੇਤਰ ਵਿੱਚ ਕੀਤੇ ਵਿਲੱਖਣ ਕਾਰਜਾਂ ਨੇ ਉਨ੍ਹਾਂ ਦੀ ਖ਼ੁਦ ਦੀ ਪਹਿਚਾਣ ਸਥਾਪਿਤ ਕੀਤੀ। ਪਿਛਲੇ ਸਾਲ 5 ਅਕਤੂਬਰ ਨੂੰ ਦਿੱਲੀ ਵਿਖੇ ਸਮੂਹ ਪਰਿਵਾਰ ਅਤੇ ਸਕੇ ਸਬੰਧੀਆਂ ਵੱਲੋਂ ਗੁਰਸ਼ਰਨ ਭਾ ਜੀ ਵਾਂਗ ਉਨ੍ਹਾਂ ਨੂੰ ਵੀ ਪੂਰੀ ਤਰ੍ਹਾਂ ਗ਼ੈਰ ਧਾਰਮਿਕ ਅਤੇ ਪ੍ਰਦੂਸ਼ਣ ਮੁਕਤ ਢੰਗ ਨਾਲ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਯਕੀਨਨ ਮਾਂ-ਬਾਪ ਦੇ ਸਦੀਵੀਂ ਵਿਛੋੜੇ ਦਾ ਸਦਮਾ ਅਸਹਿ ਹੁੰਦਾ ਹੈ ਅਤੇ ਇਸ ਦੀ ਕਦੇ ਵੀ ਭਰਪਾਈ ਨਹੀਂ ਕੀਤੀ ਜਾ ਸਕਦੀ, ਪਰ ਪੰਜਾਬੀ ਰੰਗਮੰਚ ਦੀਆਂ ਦੋਵਾਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਪਰਿਵਾਰ ਅਤੇ ਸਮਾਜ ਵਿੱਚ ਇਨਕਲਾਬੀ ਰੰਗਮੰਚ, ਵਿਗਿਆਨਕ ਚੇਤਨਾ ਅਤੇ ਜਨਤਕ ਸੰਘਰਸ਼ਾਂ ਦੀ ਲੋਕ ਪੱਖੀ ਲਹਿਰ ਵਿਕਸਤ ਕਰਨ ਦੇ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਹਮੇਸ਼ਾਂ ਲਈ ਪੂਰੇ ਸਤਿਕਾਰ ਨਾਲ ਯਾਦ ਰੱਖਿਆ ਜਾਵੇਗਾ।
ਰੰਗਕਰਮੀ ਕੈਲਾਸ਼ ਕੌਰ ਦੇ ਪਰਿਵਾਰ, ਸਕੇ ਸਬੰਧੀਆਂ ਅਤੇ ਰੰਗਮੰਚ ਦੇ ਸੰਗੀ ਸਾਥੀਆਂ ਤੋਂ ਇਲਾਵਾ ਲੋਕ ਪੱਖੀ ਜਨਤਕ ਜਥੇਬੰਦੀਆਂ ਵੱਲੋਂ ਗੁਰਸ਼ਰਨ ਭਾ ਜੀ ਵਾਂਗ ਉਨ੍ਹਾਂ ਦੀਆਂ ਅਸਥੀਆਂ ਵੀ ਬਿਨਾਂ ਕਿਸੇ ਧਾਰਮਿਕ ਅਤੇ ਰੂੜੀਵਾਦੀ ਰਸਮਾਂ ਦੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਹੁਸੈਨੀਵਾਲਾ (ਫਿਰੋਜ਼ਪੁਰ) ਵਿਖੇ ਕੌਮੀ ਇਤਿਹਾਸਕ ਯਾਦਗਾਰ ਦੇ ਨਜ਼ਦੀਕ ਸਤਲੁੱਜ ਨਦੀ ’ਚ ਜਲ ਪ੍ਰਵਾਹ ਕੀਤੀਆਂ ਗਈਆਂ। ਗੁਰਸ਼ਰਨ ਭਾ ਜੀ ਦੇ ਜਿਊਂਦੇ ਜੀ ਸਥਾਪਿਤ ਕੀਤੀ ਗਈ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਸੰਸਥਾ ਵੱਲੋਂ ਕੈਲਾਸ਼ ਕੌਰ ਦੀ ਯਾਦ ਵਿੱਚ ਇੱਕ ਵਿਸ਼ੇਸ਼ ਸਮਾਗਮ 15 ਮਾਰਚ ਨੂੰ ਗੁਰਸ਼ਰਨ ਭਾ ਜੀ ਦੇ ਅੰਮ੍ਰਿਤਸਰ ਸਥਿਤ ਜੱਦੀ ਘਰ ਗੁਰੂ ਖਾਲਸਾ ਨਿਵਾਸ, ਰਣਜੀਤਪੁਰਾ ਵਿਖੇ ਕੀਤਾ ਗਿਆ ਜਿਸ ਵਿੱਚ ਰੰਗਮੰਚ ਸਮੇਤ ਵੱਖ ਵੱਖ ਖੇਤਰਾਂ ਨਾਲ ਸਬੰਧਿਤ ਲੋਕ ਪੱਖੀ ਜਮਹੂਰੀ ਚਿੰਤਕਾਂ ਅਤੇ ਨਾਟਕਕਾਰਾਂ ਵੱਲੋਂ ਇਨਕਲਾਬੀ ਪੰਜਾਬੀ ਰੰਗਮੰਚ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਪਾਏ ਅਮੁੱਲੇ ਯੋਗਦਾਨ ਲਈ ਯਾਦ ਕੀਤਾ ਗਿਆ।
ਸੰਪਰਕ: 76960-30173