ਜਥੇਦਾਰਾਂ ਨੂੰ ਬਦਲਣਾ ਮੰਦਭਾਗਾ: ਸਿਬੀਆ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 16 ਮਾਰਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਵਿਸ਼ਵ ਸਿੱਖ ਕੌਂਸਲ ਦੇ ਸੀਨੀਅਰ ਆਗੂ ਐਡਵੋਕੇਟ ਬਲਦੇਵ ਸਿੰਘ ਸਿਬੀਆ ਨੇ ਸਿੱਖ ਪੰਥ ’ਚ ਤਖ਼ਤਾਂ ਦੇ ਜਥੇਦਾਰਾਂ ਨੂੰ ਬਦਲਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਨਵ-ਨਿਯੁਕਤ ਜਥੇਦਾਰਾਂ ਨੂੰ ਤੁਰੰਤ ਅਸਤੀਫੇ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਕਿ ਸਰਵਪ੍ਰਵਾਨਿਤ ਜਥੇਦਾਰਾਂ ਦੀ ਨਿਯੁਕਤੀ ਲਈ ਰਾਹ ਪੱਧਰਾ ਹੋ ਸਕੇ। ਐਡਵੋਕੇਟ ਸਿਬੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦਾ ਕਦੇ ਫੈਸਲਾ ਨਹੀਂ ਲਿਆ ਗਿਆ। ਇਸ ਲਈ ਨਵੇਂ ਜਥੇਦਾਰਾਂ ਨੂੰ ਲੈ ਕੇ ਸਿੱਖ ਪੰਥ ਵਿੱਚ ਭਾਰੀ ਰੋਹ ਹੈ ਜੋ ਆਉਣ ਵਾਲੇ ਸਮੇਂ ਵਿੱਚ ਹੋਰ ਗੰਭੀਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਨਵੇਂ ਜਥੇਦਾਰਾਂ ਨੂੰ ਆਪਣੀ ਜ਼ਮੀਰ ਦੀ ਆਵਾਜ਼ ਸੁਣਦਿਆਂ ਅਤੇ ਪੰਥ ਦੇ ਵਿਰੋਧ ਦੀ ਭਾਵਨਾ ਨੂੰ ਭਾਂਪਦਿਆਂ ਆਪਣੇ ਆਹੁਦੇ ਤਿਆਗ ਦੇਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਕਮੇਟੀ ਦੇ ਸੈਕਟਰੀ ਤੇ ਮੁਲਾਜ਼ਮ ਬਹੁ-ਗਿਣਤੀ ਵਿੱਚ ਇਨ੍ਹਾਂ ਨਿਯੁਕਤੀਆਂ ਸਬੰਧੀ ਹੋਈ ਕਾਰਵਾਈ ਦੇ ਖ਼ਿਲਾਫ਼ ਹਨ। ਉਨ੍ਹਾਂ ਕਿਹਾ ਕਿ ਪੰਥ ਵਿੱਚ ਖਿੱਚੋਤਾਣ ਵੱਧ ਰਹੀ ਹੈ। ਜੇ ਜਲਦੀ ਮੌਕਾ ਨਾ ਸਾਂਭਿਆ ਗਿਆ ਤਾਂ ਸਿੱਖ ਪੰਥ ਨੂੰ ਨੁਕਸਾਨ ਹੋਵੇਗਾ।