ਬੰਬੀਹਾ ਗੈਂਗ ਨਾਲ ਸਬੰਧਤ ਗੈਂਗਸਟਰ ਪੁਲੀਸ ਮੁਕਾਬਲੇ ਤੋਂ ਬਾਅਦ ਕਾਬੂ
ਹਰਦੀਪ ਸਿੰਘ
ਧਰਮਕੋਟ 17 ਮਾਰਚ
ਮੋਗਾ ਪੁਲੀਸ ਨੇ ਥਾਣਾ ਮਹਿਣਾ ਅਧੀਨ ਆਉਂਦੇ ਪਿੰਡ ਨਜ਼ਦੀਕ ਮੁਕਾਬਲੇ ਤੋਂ ਬਾਅਦ ਇਕ ਗੈਂਗਸਟਰ ਨੂੰ ਕਾਬੂ ਕੀਤਾ ਹੈ, ਜਿਸ ਦੀ ਪਛਾਣ ਅਮਨ ਕੁਮਾਰ ਵਾਸੀ ਟਿਵਾਣਾ ਕਲਾਂ ਵਜੋਂ ਹੋਈ ਹੈ। ਕਾਬੂ ਕੀਤੇ ਵਿਅਕਤੀ ’ਤੇ 12 ਫ਼ਰਵਰੀ ਨੂੰ ਪਿੰਡ ਡਾਲਾ ਦੇ ਪੰਚਾਇਤ ਮੈਂਬਰ ਬਲੌਰ ਸਿੰਘ ਦੇ ਘਰ ’ਤੇ ਫਾਇਰਿੰਗ ਦਾ ਦੋਸ਼ ਹੈ। ਪੁਲੀਸ ਨੂੰ ਮਿਲੀ ਇਕ ਸੂਚਨਾ ਦੇ ਅਧਾਰ ’ਤੇ ਅੱਜ ਥਾਣਾ ਮਹਿਣਾ ਦੇ ਮੁਖੀ ਗੁਰਵਿੰਦਰ ਸਿੰਘ ਭੁੱਲਰ ਵੱਲੋਂ ਇਲਾਕੇ ਵਿੱਚ ਕੀਤੀ ਜਾ ਰਹੀ ਗਸ਼ਤ ਦੌਰਾਨ ਪਿੰਡ ਰਾਮੂਵਾਲਾ ਹਰਚੋਕਾ ਪਾਸ ਪੈਦਲ ਆ ਰਹੇ ਇਕ ਸ਼ੱਕੀ ਨੌਜਵਾਨ ਨੂੰ ਰੋਕਿਆ ਤਾਂ ਉਹ ਪੁਲੀਸ ਨੂੰ ਦੇਖ ਕੇ ਭੱਜ ਗਿਆ। ਇਸ ਦੌਰਾਨ ਉਸ ਨੇ ਰਿਵਾਲਵਰ ਨਾਲ ਪੁਲੀਸ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੀ ਜਵਾਬੀ ਕਾਰਵਾਈ ਦੌਰਾਨ ਨੌਜਵਾਨ ਲੱਤ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ
ਪੁਲੀਸ ਮੁਤਾਬਕ ਕਾਬੂ ਕੀਤਾ ਨੋਜਵਾਨ ਅਮਨ ਕੁਮਾਰ ਬੰਬੀਹਾ ਗੈਂਗ ਦਾ ਸਰਗਰਮ ਮੈਂਬਰ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀ ਗੈਂਗਸਟਰ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਪ ਪੁਲੀਸ ਕਪਤਾਨ ਰਮਨਦੀਪ ਸਿੰਘ ਨੇ ਦੱਸਿਆ ਕਿ ਇਲਾਜ ਉਪਰੰਤ ਦੋਸ਼ੀ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ।