‘ਯੁੱਧ ਨਸ਼ੇ ਵਿਰੁੱਧ’ ਨੇ ਆਈਐੱਸਆਈ ਨੂੰ ਦਿੱਤਾ ਵੱਡਾ ਝਟਕਾ: ਡੀਜੀਪੀ
ਚੰਡੀਗੜ੍ਹ (ਟਿ੍ਰਬਿਊਨ ਨਿਊਜ਼ ਸਰਵਿਸ): ਪੰਜਾਬ ਪੁਲੀਸ ਦੇ ਮੁਖੀ (ਡੀਜੀਪੀ) ਗੌਰਵ ਯਾਦਵ ਨੇ ਖ਼ੁਫ਼ੀਆ ਜਾਣਕਾਰੀ ਦੇ ਹਵਾਲੇ ਨਾਲ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਮੁਹਿੰਮ ਨੇ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐੱਸਆਈ ਨੂੰ ਵੱਡਾ ਝਟਕਾ ਦਿੱਤਾ ਹੈ, ਜੋ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਵਿਗਾੜਨ ਲਈ ਹੁਣ ਸਰਹੱਦੀ ਸੂਬੇ ਨੂੰ ਅਸਥਿਰ ਕਰਨ ਵਾਸਤੇ ਰਣਨੀਤੀ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਸੂਬੇ ਦੀ ਅਮਨ ਤੇ ਸ਼ਾਂਤੀ ਭੰਗ ਨਹੀਂ ਹੋਣ ਦੇਵੇਗੀ ਅਤੇ ਅਜਿਹਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੂੰ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇਗੀ। ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਮਗਰੋਂ ਡੀਜੀਪੀ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਜੰਗ ਵਜੋਂ ਤਸਕਰ ਪਿਛਾਂਹ ਹਟਣ ਲਈ ਮਜਬੂਰ ਹੋਏ ਹਨ ਅਤੇ ਬਹੁਤੇ ਤਸਕਰਾਂ ਨੇ ਪਾਕਿਸਤਾਨ ਆਧਾਰਿਤ ਸੰਚਾਲਕਾਂ ਵੱਲੋਂ ਸੁੱਟੀਆਂ ਖੇਪਾਂ ਨੂੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ, ਇਸੇ ਕਰ ਕੇ ਸਰਹੱਦ ਪਾਰ ਤੋਂ ਹੈਰੋਇਨ ਦੀ ਸਪਲਾਈ ਵਿੱਚ ਭਾਰੀ ਕਮੀ ਆਈ ਹੈ। ਡੀਜੀਪੀ ਨੇ ਖ਼ੁਫ਼ੀਆ ਜਾਣਕਾਰੀ ਦੇ ਹਵਾਲੇ ਨਾਲ ਇਹ ਵੀ ਕਿਹਾ ਹੈ ਕਿ ਸਪਲਾਈ ਚੇਨ ਵਿੱਚ ਵੱਡੀ ਰੁਕਾਵਟ ਬਣੀ ਹੈ। ਇਸ ਮੁਹਿੰਮ ਤਹਿਤ ਨਸ਼ਿਆਂ ਦੇ ਪੀੜਤਾਂ ਨੂੰ ਬੇਲੋੜਾ ਤੰਗ ਨਹੀਂ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖ਼ਲ ਕਰਵਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਪੰਜਾਬ ਪੁਲੀਸ ਹਰੇਕ ਜ਼ਿਲ੍ਹੇ ਵਿੱਚ ਖ਼ਾਸ ਨਸ਼ਿਆਂ ਦੇ ਪ੍ਰਚਲਨ ਦਾ ਪਤਾ ਲਗਾਉਣ ਲਈ ਵਿਆਪਕ ਜ਼ਿਲ੍ਹਾ ਪੱਧਰੀ ਮੈਪਿੰਗ ਪਹਿਲਕਦਮੀ ਸ਼ੁਰੂ ਕਰ ਰਹੀ ਹੈ। ਖੇਤਰ ਵਿੱਚ ਸਾਰੇ ਅਧਿਕਾਰੀਆਂ ਜਿਵੇਂ ਕਿ ਪੁਲੀਸ ਕਮਿਸ਼ਨਰਾਂ ਅਤੇ ਐੱਸਐੱਸਪੀਜ਼ ਤੋਂ ਲੈ ਕੇ ਥਾਣਾ ਮੁਖੀਆਂ ਤੱਕ ਨੂੰ ਟੀਚੇ ਦਿੱਤੇ ਜਾ ਰਹੇ ਹਨ। ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਪਹਿਲੀ ਮਾਰਚ 2025 ਤੋਂ ਸੂਬੇ ਭਰ ਵਿੱਚ 1651 ਪੁਲੀਸ ਕੇਸ ਦਰਜ ਕਰਨ ਤੋਂ ਬਾਅਦ 2575 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੇ ਕਬਜ਼ੇ ਵਿੱਚੋਂ 95 ਕਿੱਲੋ ਹੈਰੋਇਨ, 52 ਕਿੱਲੋ ਅਫੀਮ, 1129 ਕਿੱਲੋ ਭੁੱਕੀ, 13.79 ਕਿੱਲੋ ਗਾਂਜਾ, 7.25 ਲੱਖ ਨਸ਼ੀਲੀਆਂ ਗੋਲੀਆਂ/ਗੋਲੀਆਂ/ਟੀਕੇ, ਇਕ ਕਿੱਲੋ ਆਈਸ, 1.37 ਕਿੱਲੋ ਕੋਕੀਨ ਅਤੇ 64 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਡੀਜੀਪੀ ਨੇ ਕਿਹਾ ਕਿ ਜਨਤਾ ਦੇ ਸਮਰਥਨ ਤੋਂ ਬਿਨਾਂ ਇਹ ਮੁਹਿੰਮ ਸਫ਼ਲ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਲੋਕਾਂ ਅਤੇ ਗ੍ਰਾਮ ਰੱਖਿਆ ਕਮੇਟੀਆਂ ਨਾਲ ਮੀਟਿੰਗਾਂ ਕਰ ਕੇ ਜਨਤਾ ਤੱਕ ਪਹੁੰਚ ਕਰ ਰਹੀ ਹੈ।
ਥਾਣੇ ਵਿੱਚ ਮੁਨਸ਼ੀ ਦੀ ਤਾਇਨਾਤੀ ਦੋ ਸਾਲ ਲਈ ਹੀ ਹੋਵੇਗੀ
ਪੰਜਾਬ ਪੁਲੀਸ ਨੇ ਅਹਿਮ ਫ਼ੈਸਲਾ ਲਿਆ ਹੈ ਕਿ ਥਾਣੇ ਵਿੱਚ ਕੋਈ ਵੀ ਮੁਨਸ਼ੀ ਵੱਧ ਤੋਂ ਵੱਧ ਦੋ ਸਾਲ ਲਈ ਹੀ ਤਾਇਨਾਤ ਰਹਿ ਸਕੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਹੁਕਮ ਦਿੱਤੇ ਸਨ, ਜਿਨ੍ਹਾਂ ਦੇ ਆਧਾਰ ’ਤੇ ਡੀਜੀਪੀ ਨੇ ਪ੍ਰਸ਼ਾਸਕੀ ਫ਼ੈਸਲਾ ਲਿਆ ਹੈ ਕਿ ਮੁਨਸ਼ੀ ਦਾ ਦੋ ਸਾਲ ਦਾ ਕਾਰਜਕਾਲ ਪੂਰਾ ਹੋਣ ਉਪਰੰਤ ਉਸ ਨੂੰ ਹੋਰ ਸਟੇਸ਼ਨ ਜਾਂ ਯੂਨਿਟ ਵਿੱਚ ਬਦਲ ਦਿੱਤਾ ਜਾਵੇਗਾ।