ਸ਼੍ਰੋਮਣੀ ਕਮੇਟੀ ਵਫ਼ਦ ਵੱਲੋਂ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਮਾਰਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕਰਕੇ ਪੁਰੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਗੁਰਦੁਆਰਾ ਮੰਗੂ ਮੱਠ ਨਾਲ ਸਬੰਧਤ ਮਾਮਲੇ ਵਿੱਚ 18 ਮਾਰਚ ਨੂੰ ਰੱਖੀ ਮੀਟਿੰਗ ਵਿੱਚ ਸਿਰਫ਼ ਤਿੰਨ ਵਿਅਕਤੀਆਂ ਨੂੰ ਸੱਦੇ ਜਾਣ ’ਤੇ ਇਤਰਾਜ਼ ਪ੍ਰਗਟਾਇਆ ਹੈ। ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ ਦੀ ਅਗਵਾਈ ਹੇਠ ਪੁੱਜੇ ਇਸ ਵਫਦ ਵਿੱਚ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸੁਰਜੀਤ ਸਿੰਘ ਭਿੱਟੇਵਡ ਤੇ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਸ਼ਾਮਲ ਸਨ।
ਸ੍ਰੀ ਮਹਿਤਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਗੁਰਦੁਆਰਾ ਬਾਉਲੀ ਮੱਠ, ਗੁਰਦੁਆਰਾ ਮੰਗੂ ਮੱਠ ਅਤੇ ਗੁਰਦੁਆਰਾ ਪੰਜਾਬੀ ਮੱਠ ਦੀ ਸੇਵਾ ਸੰਭਾਲ ਸਬੰਧੀ ਅਕਾਲ ਤਖ਼ਤ ਦੇ ਹੁਕਮ ’ਤੇ ਬਣਾਈ ਗਈ ਕਮੇਟੀ ਪਹਿਲਾਂ ਹੀ ਸਾਰੇ ਮਾਮਲਿਆਂ ਬਾਰੇ ਸਥਾਨਕ ਪ੍ਰਸ਼ਾਸਨ ਨਾਲ ਵਿਚਾਰ-ਵਟਾਂਦਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਪੁਰੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਗੁਰਦੁਆਰਾ ਮੰਗੂ ਮੱਠ ਨਾਲ ਸਬੰਧਤ ਮਾਮਲੇ ਵਿੱਚ 18 ਮਾਰਚ ਨੂੰ ਰੱਖੀ ਮੀਟਿੰਗ ਵਿੱਚ ਸਿਰਫ਼ ਤਿੰਨ ਵਿਅਕਤੀਆਂ ਨੂੰ ਸੱਦਿਆ ਗਿਆ ਹੈ ਜੋ ਠੀਕ ਨਹੀਂ। ਇਨ੍ਹਾਂ ਤਿੰਨਾਂ ਵਿਅਕਤੀਆਂ ਵਿੱਚ ਪੁਰੀ ਦੇ ਜਗਦੀਪ ਸਿੰਘ ਨੂੰ ਵੀ ਸੱਦਾ ਦਿੱਤਾ ਹੈ, ਜੋ ਨਿੱਜੀ ਗੁਰਦੁਆਰਾ ਆਰਤੀ ਸਾਹਿਬ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਦੂਜੇ ਦੋ ਮੈਂਬਰਾਂ ਦੀ ਭੂਮਿਕਾ ਵੀ ਸ਼ੱਕੀ ਹੈ। ਵਫ਼ਦ ਨੇ ਉੜੀਸਾ ਵਿੱਚ ਪੁਰੀ ਦੇ ਡੀਐੱਮ ਅਤੇ ਕੁਲੈਕਟਰ ਨੂੰ ਇਸ ਸਬੰਧੀ ਅਕਾਲ ਤਖ਼ਤ ਵੱਲੋਂ ਬਣਾਈ ਕਮੇਟੀ ਨਾਲ ਰਾਬਤਾ ਕਰਨ ਦੇ ਨਿਰਦੇਸ਼ ਦਿੱਤੇ ਜਾਣ ਦੀ ਅਪੀਲ ਕੀਤੀ ਹੈ।