ਪਾਕਿਸਤਾਨ ’ਚ ਅਤਿਵਾਦੀ ਹਮਲਿਆਂ ਤੋਂ ਬਾਅਦ ਜੰਮੂ-ਕਸ਼ਮੀਰ ’ਚ ਸੁਰੱਖਿਆ ਅਲਰਟ ਜਾਰੀ
ਜੰਮੂ, 18 ਮਾਰਚ
ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਵਿੱਚ ਹਾਲ ਹੀ ਵਿੱਚ ਹੋਏ ਅਤਿਵਾਦੀ ਹਮਲਿਆਂ ਦੇ ਮੱਦੇਨਜ਼ਰ ਪੂਰੇ ਜੰਮੂ-ਕਸ਼ਮੀਰ ਵਿੱਚ ਇੱਕ ਉੱਚ ਸੁਰੱਖਿਆ ਅਲਰਟ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸਿਆਸਤਦਾਨਾਂ ਸਮੇਤ ਸਾਰੇ ਵਿਅਕਤੀਆਂ ਨੂੰ ਸੁਚੇਤ ਰਹਿਣ ਅਤੇ ਆਪਣੀ ਸੁਰੱਖਿਆ ਲਈ ਸੁਰੱਖਿਆ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਫੌਜਾਂ ਨੂੰ ਗਸ਼ਤ ਅਤੇ ਤਲਾਸ਼ੀ ਮੁਹਿੰਮਾਂ ਨੂੰ ਤੇਜ਼ ਕਰਕੇ, ਦੇਸ਼ ਵਿਰੋਧੀ ਤੱਤਾਂ ਦੁਆਰਾ ਕਿਸੇ ਵੀ ਹਮਲੇ ਨੂੰ ਅੰਜਾਮ ਦੇਣ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਨੇੜਿਓਂ ਨਜ਼ਰ ਰੱਖਣ ਅਤੇ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਅਧਿਕਾਰੀਆਂ ਨੇ ਕਿਹਾ ਕਿ ਬਲੋਚਿਸਤਾਨ ਵਿੱਚ ਹਾਲ ਹੀ ਵਿੱਚ ਹੋਏ ਕਈ ਅਤਿਵਾਦੀ ਹਮਲਿਆਂ, ਜਿਨ੍ਹਾਂ ਵਿੱਚ ਇੱਕ ਰੇਲਗੱਡੀ ਹਾਈਜੈਕਿੰਗ ਅਤੇ ਲਸ਼ਕਰ-ਏ-ਤੋਇਬਾ ਦੇ ਚੋਟੀ ਦੇ ਕਮਾਂਡਰ ਜ਼ਿਆ-ਉਰ-ਰਹਿਮਾਨ ਉਰਫ ਨਦੀਮ ਉਰਫ ਅਬੂ ਕਤਾਲ ਉਰਫ ਕਤਾਲ ਸਿੰਧੀ ਦੀ ਹੱਤਿਆ ਸ਼ਾਮਲ ਹੈ, ਦੇ ਮੱਦੇਨਜ਼ਰ ਸੁਰੱਖਿਆ ਅਲਰਟ ਜਾਰੀ ਕੀਤਾ ਹੈ। ਰਹਿਮਾਨ, ਭਾਰਤੀ ਸੁਰੱਖਿਆ ਏਜੰਸੀਆਂ ਨੂੰ ਜੰਮੂ-ਕਸ਼ਮੀਰ ਵਿੱਚ ਕਈ ਘਾਤਕ ਅਤਿਵਾਦੀ ਹਮਲਿਆਂ ਲਈ ਲੋੜੀਂਦਾ ਸੀ।ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਪ੍ਰਾਪਤ ਵਿਅਕਤੀਆਂ ਨੂੰ ਆਪਣੇ ਪ੍ਰੋਗਰਾਮਾਂ ਨੂੰ ਗੁਪਤ ਰੱਖਣ ਅਤੇ ਆਪਣੇ ਨਿੱਜੀ ਸੁਰੱਖਿਆ ਅਧਿਕਾਰੀਆਂ ਨਾਲ ਘੁੰਮਣ-ਫਿਰਨ ਲਈ ਕਿਹਾ ਗਿਆ ਹੈ। -ਪੀਟੀਆਈ