Avalanche alert issued for high altitude areas in Himachal: ਹਿਮਾਚਲ ਪ੍ਰਦੇਸ਼ ਦੇ ਉੱਚੇ ਖੇਤਰਾਂ ’ਚ ਬਰਫੀਲੇ ਤੂਫਾਨ ਦੀ ਚਿਤਾਵਨੀ
ਸ਼ਿਮਲਾ, 18 ਮਾਰਚ
ਹਿਮਾਚਲ ਪ੍ਰਦੇਸ਼ ਦੇ ਕੁਝ ਉਚਾਈ ਵਾਲੇ ਖੇਤਰਾਂ ਲਈ ਅਗਲੇ 24 ਘੰਟਿਆਂ ਲਈ ਬਰਫ਼ੀਲਾ ਤੂਫਾਨ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਮੌਸਮ ਵਿਭਾਗ ਨੇ ਅੱਜ ਸਾਂਝੀ ਕਰਦਿਆਂ ਕਿਹਾ ਕਿ ਸੈਲਾਨੀ ਜ਼ਿਆਦਾ ਉਚਾਈ ਵਾਲੇ ਖੇਤਰਾਂ ਵੱਲ ਜਾਣ ਤੋਂ ਪਹਿਲਾਂ ਮੌਸਮ ਵਿਭਾਗ ਤੇ ਹਿਮਾਚਲ ਪ੍ਰਦੇਸ਼ ਦੀ ਵੈਬਸਾਈਟ ਤੋਂ ਜਾਣਕਾਰੀ ਜ਼ਰੂਰ ਹਾਸਲ ਕਰਨ। ਡਿਫੈਂਸ ਜੀਓਇਨਫਾਰਮੈਟਿਕਸ ਰਿਸਰਚ ਅਸਟੈਬਲਿਸ਼ਮੈਂਟ ਚੰਡੀਗੜ੍ਹ ਨੇ ਚੰਬਾ (2,850 ਮੀਟਰ ਤੋਂ ਉੱਪਰ) ਅਤੇ ਲਾਹੌਲ ਅਤੇ ਸਪਿਤੀ (2,900 ਮੀਟਰ ਤੋਂ ਉੱਪਰ) ਦੇ ਉੱਚ-ਉਚਾਈ ਵਾਲੇ ਖੇਤਰਾਂ ਵਿੱਚ ਬਰਫੀਲਾ ਤੂਫਾਨ ਆਉਣ ਦੀ ਸੰਭਾਵਨਾ ਲਈ ਓਰੈਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਕੁੱਲੂ ਅਤੇ ਕਿਨੌਰ (2,900 ਮੀਟਰ ਤੋਂ ਉੱਪਰ ਦੋਵੇਂ) ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਆਦਾਤਰ ਹਿੱਸਿਆਂ ਵਿਚ ਸੋਮਵਾਰ ਸ਼ਾਮ ਤੋਂ ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ ਮੌਸਮ ਆਮ ਤੌਰ ’ਤੇ ਖੁਸ਼ਕ ਰਿਹਾ। ਪੰਡੋਹ ਵਿੱਚ 3.5 ਮਿਲੀਮੀਟਰ ਅਤੇ ਚੰਬਾ ਅਤੇ ਡਲਹੌਜ਼ੀ ਵਿੱਚ ਇੱਕ-ਇੱਕ ਸੈਂਟੀਮੀਟਰ ਮੀਂਹ ਪਿਆ।
ਦੂਜੇ ਪਾਸੇ ਕਾਂਗੜਾ ਵਿੱਚ ਗਰਜ ਨਾਲ ਤੂਫ਼ਾਨ ਆਇਆ। ਮੌਸਮ ਵਿਭਾਗ ਨੇ ਬੁੱਧਵਾਰ ਤੋਂ ਸ਼ੁੱਕਰਵਾਰ ਤੱਕ ਲਾਹੌਲ ਅਤੇ ਸਪਿਤੀ, ਕਿਨੌਰ ਅਤੇ ਚੰਬਾ ਦੇ ਉੱਚੇ ਇਲਾਕਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। ਤਾਬੋ ਵਿੱਚ ਰਾਤ ਦਾ ਸਭ ਤੋਂ ਘੱਟ ਤਾਪਮਾਨ ਮਨਫ਼ੀ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੀਟੀਆਈ