Bikram Majithia drugs case: ਸਿੱਟ ਵੱਲੋਂ ਦੂਜੇ ਦਿਨ ਵੀ ਮਜੀਠੀਆ ਤੋਂ ਅੱਠ ਘੰਟੇ ਪੁੱਛਗਿੱਛ
ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਮਾਰਚ
ਦਸੰਬਰ 2021 ’ਚ ਦਰਜ ਹੋਏ ਨਸ਼ਾ ਤਸਕਰੀ ਦੇ ਦੋਸ਼ ਤਹਿਤ ਕੇਸ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਸਿੱਟ ਵੱਲੋਂ ਅੱਜ ਲਗਾਤਾਰ ਦੂਜੇ ਦਿਨ ਵੀ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਕੋਲ਼ੋ ਇਥੇ ਪੁਲੀਸ ਲਾਈਨ ਵਿਚ ਅੱਠ ਘੰਟੇ ਪੁੱਛਗਿੱਛ ਕੀਤੀ ਗਈ। ਸਿੱਟ ਨੇ ਉਨ੍ਹਾਂ ਕੋਲੋਂ ਵਿੱਤੀ ਮਾਮਲਿਆਂ ’ਤੇ ਆਧਾਰਿਤ ਸਵਾਲ ਪੁੱਛੇ। ਪੁੱਛਗਿੱਛ ਕਰਨ ਵਾਲ਼ੀ ਇਸ ਸਿੱਟ ਦੇ ਮੈਂਬਰਾਂ ’ਚ ਚੇਅਰਮੈਨ ਹਰਚਰਨ ਸਿੰਘ ਭੁੱਲਰ (ਡੀਆਈਜੀ), ਵਰੁਣ ਸ਼ਰਮਾ (ਆਈਪੀਐਸ), ਯੋਗੇਸ਼ ਸ਼ਰਮਾ (ਐਸਪੀ ਇਨਵੈਸ਼ਟੀਗੇਸ਼ਨ), ਇੰਸਪੈਕਟਰ ਦਰਬਾਰਾ ਸਿੰਘ ਅਤੇ ਏਡੀਏ ਅਨਮੋਲਜੀਤ ਸਿੰਘ ਮੌਜੂਦ ਸਨ।
ਪੁੱਛਗਿੱਛ ਮਗਰੋਂ ਪੁਲੀਸ ਲਾਈਨ ਦੇ ਬਾਹਰ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਸ੍ਰੀ ਮਜੀਠਿਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਉਸ ਦੀ ਜ਼ਮਾਨਤ ਰੱਦ ਕਰਵਾ ਕੇ ਜੇਲ੍ਹ ਭੇਜਣ ਲਈ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪਰ ਉਨ੍ਹਾਂ ਨੂੰ ਨਿਆਂ ਪਾਲਿਕਾ ’ਤੇ ਪੂਰਾ ਭਰੋਸਾ ਹੈ ਕਿ ਉਸ ਨੂੰ ਇਨਸਾਫ਼ ਜ਼ਰੂਰ ਮਿਲੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਸੁਪਰੀਮ ਕੋਰਟ ਵੀ ਆਖ ਚੁੱੱਕੀ ਹੈ ਕਿ ਉਨ੍ਹਾਂ ਤੋਂ ਜੋ ਸਵਾਲ ਪੁੱਛਣੇ ਹਨ ਉਨ੍ਹਾਂ ’ਤੇ ਦੋ ਘੰਟਿਆਂ ਤੋਂ ਵੱਧ ਸਮਾਂ ਨਹੀਂ ਲੱਗਦਾ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਅੱਜ ਸੱਤਵੀਂ ਅੱਠਵੀਂ ਵਾਰ ਸੱਦਿਆ ਗਿਆ ਹੈ। ਸਰਕਾਰ ਉਨ੍ਹਾਂ ਨੂੰ ਜ਼ਲੀਲ ਕਰਨ ਲਈ ਅਜਿਹਾ ਕਰ ਰਹੀ ਹੈ।