Putin and Trump: ਯੂਕਰੇਨ ਨਾਲ ਜੰਗ ਰੋਕਣ ਲਈ ਪੂਤਿਨ ਤੇ ਟਰੰਪ ਦਰਮਿਆਨ ਗੱਲਬਾਤ
ਵਾਸ਼ਿੰਗਟਨ, 18 ਮਾਰਚ
ਰੂਸ ਤੇ ਯੂਕਰੇਨ ਦਰਮਿਆਨ ਜੰਗ ਬੰਦ ਕਰਵਾਉਣ ਦੇ ਮੱਦੇਨਜ਼ਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਰਮਿਆਨ ਫੋਨ ’ਤੇ ਗੱਲਬਾਤ ਹੋਈ। ਇਸ ਦੌਰਾਨ ਅਮਰੀਕਾ ਨੇ 30 ਦਿਨ ਦੀ ਜੰਗਬਦੀ ਦਾ ਪ੍ਰਸਤਾਵ ਪੇਸ਼ ਕੀਤਾ। ਵਾਈਟ ਹਾਊਸ ਦੇ ਬੁਲਾਰੇ ਅਨੁਸਾਰ ਦੋਵਾਂ ਦੇਸ਼ਾਂ ਦੇ ਆਗੂਆਂ ਦਰਮਿਆਨ ਲੰਬਾ ਸਮਾਂ ਗੱਲਬਾਤ ਹੋਈ। ਇਸ ਤੋਂ ਪਹਿਲਾਂ ਰੂਸ ਨੇ ਸ਼ਰਤ ਰੱਖੀ ਸੀ ਕਿ ਜੰਗਬੰਦੀ ਦੌਰਾਨ ਅਮਰੀਕਾ ਤੇ ਹੋਰ ਦੇਸ਼ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਨਹੀਂ ਕਰਨਗੇ। ਦੂਜੇ ਪਾਸੇ ਰੂਸ ਨੇ ਕਿਹਾ ਸੀ ਕਿ ਅਮਰੀਕਾ ਵੀ ਯੂਕਰੇਨ ਨੂੰ ਫੌਜੀ ਸਹਾਇਤਾ ਦੇਣੀ ਬੰਦ ਕਰੇ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਪੂਤਿਨ ਦੇ ਸ਼ਾਂਤੀ ਲਈ ਤਿਆਰ ਹੋਣ ਬਾਰੇ ਸ਼ੱਕ ਹੈ ਕਿਉਂਕਿ ਰੂਸੀ ਫੌਜ ਯੂਕਰੇਨ ’ਤੇ ਲਗਾਤਾਰ ਬੰਬਾਰੀ ਕਰ ਰਹੀ ਹੈ। ਟਰੰਪ ਨੇ ਫੋਨ ’ਤੇ ਗੱਲਬਾਤ ਤੋਂ ਪਹਿਲਾਂ ਕਿਹਾ ਸੀ ਕਿ ਉਹ ਪੂਤਿਨ ਦੇ ਨਾਲ ਉਨ੍ਹਾਂ ਖੇਤਰਾਂ ਅਤੇ ਬਿਜਲੀ ਪਲਾਂਟਾਂ ਬਾਰੇ ਚਰਚਾ ਕਰਨਗੇ ਜਿਨ੍ਹਾਂ ’ਤੇ ਤਿੰਨ ਸਾਲਾਂ ਤੋਂ ਜਾਰੀ ਜੰਗ ਦੌਰਾਨ ਕਬਜ਼ਾ ਕਰ ਲਿਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਦਫ਼ਤਰ ‘ਵ੍ਹਾਈਟ ਹਾਊਸ’ ਜੰਗਬੰਦੀ ਦੇ ਸਮਝੌਤੇ ਨੂੰ ਲੈ ਕੇ ਆਸਵੰਦ ਹੈ। ਹਾਲਾਂਕਿ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਸ਼ੱਕ ਹੈ ਕਿ ਪੂਤਿਨ ਟਰੰਪ ਨੂੰ ਦਿਖਾਵੇ ਵਜੋਂ ਸਮਰਥਨ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਰਹੇ ਹਨ, ਜਦਕਿ ਰੂਸੀ ਫੌਜ ਨੇ ਉਨ੍ਹਾਂ ਦੇ ਦੇਸ਼ ’ਤੇ ਬੰਬਾਰੀ ਜਾਰੀ ਰੱਖੀ ਹੋਈ ਹੈ।