ਕਿਸਾਨਾਂ ਵੱਲੋਂ ‘ਫ਼ਸਲ ਤੇ ਨਸਲ ਬਚਾਓ’ ਮੁਹਿੰਮ 30 ਤੋਂ
ਆਤਿਸ਼ ਗੁਪਤਾ
ਚੰਡੀਗੜ੍ਹ, 17 ਮਾਰਚ
ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ 30 ਮਾਰਚ ਤੋਂ ਪੰਜਾਬ ਵਿੱਚ ‘ਫ਼ਸਲ ਤੇ ਨਸਲ ਬਚਾਓ’ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਵੱਲੋਂ ਇਸ ਦੌਰਾਨ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕਰਕੇ ਕਿਸਾਨੀ ਮੁੱਦਿਆਂ ਬਾਰੇ ਜਾਗਰੂਕ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ, ਜਸਵਿੰਦਰ ਸਿੰਘ ਲੌਂਗੋਵਾਲ, ਬਲਦੇਵ ਸਿੰਘ ਜ਼ੀਰਾ, ਕਾਕਾ ਕੋਟਲਾ, ਅਮਰਜੀਤ ਸਿੰਘ ਆਦਿ ਨੇ ਇਸ ਦਾ ਐਲਾਨ ਚੰਡੀਗੜ੍ਹ ਵਿਖੇ ਕਿਸਾਨ ਭਵਨ ਵਿੱਚ ‘ਐੱਮਐੱਸਪੀ, ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਅਤੇ ਇਸ ਦਾ ਕਿਸਾਨਾਂ ਦੇ ਜੀਵਨ ’ਤੇ ਅਸਰ’ ਬਾਰੇ ਸੈਮੀਨਾਰ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਸੈਮੀਨਾਰ ਵਿੱਚ ਪੰਜਾਬ ਯੂਨੀਵਰਸਿਟੀ ਦੇ ਡਾ. ਵਿਨੋਦ ਚੌਧਰੀ ਤੇ ਸਾਬਕਾ ਵਿਗਿਆਨੀ ਡਾ. ਵਰਿੰਦਰ ਅਤੇ ਚੌਧਰੀ ਪੁਸ਼ਪਿੰਦਰ ਸਿੰਘ ਨੇ ਵੀ ਵਿਚਾਰ ਰੱਖੇ।
ਆਗੂਆਂ ਨੇ ਕਿਹਾ ਕਿ ਅੱਜ ਦੇਸ਼ ਦੀ ਕਿਸਾਨੀ ਸੰਕਟ ਦੇ ਦੌਰ ਵਿੱਚੋਂ ਲੰਘ ਰਹੀ ਹੈ, ਪਰ ਵਿਦਿਆਰਥੀਆਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਦੇਸ਼ ਦੀ ਕਿਸਾਨੀ ਤਬਾਹ ਹੋ ਗਈ ਤਾਂ ਹਰ ਕਿਸੇ ਨੂੰ ਜਿਊਣਾ ਮੁਸ਼ਕਲ ਹੋ ਜਾਵੇਗਾ। ਇਸ ਲਈ ਨੌਜਵਾਨਾਂ ਨੂੰ ਕਿਸਾਨੀ ਮੁੱਦਿਆਂ ਬਾਰੇ ਜਾਣੂੰ ਕਰਵਾਉਣ ਲਈ ‘ਫ਼ਸਲ ਤੇ ਨਸਲ ਬਚਾਓ’ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮੁਹਿੰਮ ਵਿੱਚ ਸਕੂਲਾਂ ਦੇ ਅੱਠਵੀਂ ਜਮਾਤ ਤੋਂ ਉਪਰ ਦੇ ਵਿਦਿਆਰਥੀਆਂ ਅਤੇ ਕਾਲਜ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਨੂੰ ਕਿਸਾਨਾਂ ਦੇ ਸੰਕਟ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੋਵਾਂ ਫੋਰਮਾਂ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਸ਼ੰਭੂ, ਖਨੌਰੀ ਤੇ ਰਤਨਪੁਰਾ ਬਾਰਡਰ ’ਤੇ ਮਨਾਇਆ ਜਾਵੇਗਾ। ਜਿੱਥੇ ਵੱਡੀ ਗਿਣਤੀ ਵਿੱਚ ਨੌਜਵਾਨ, ਕਿਸਾਨ, ਮਜ਼ਦੂਰ ਤੇ ਔਰਤਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
ਖਸਤਾ ਹਾਲ ਸੜਕਾਂ ਸਬੰਧੀ ਵਿਧਾਇਕਾਂ ਨੂੰ ਦਿੱਤੇ ਜਾਣਗੇ ਮੰਗ-ਪੱਤਰ
ਕਿਸਾਨ ਆਗੂਆਂ ਨੇ ਘਨੌਰ, ਸ਼ੁਤਰਾਣਾ, ਅੰਬਾਲਾ ਤੇ ਨਰਵਾਣਾ ਦੀਆਂ ਖਸਤਾ ਹਾਲ ਸੜਕਾਂ ਨੂੰ ਠੀਕ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਚਾਰਾਂ ਹਲਕਿਆਂ ਦੇ ਵਿਧਾਇਕਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਵੱਲੋਂ ਮੰਗ ਪੱਤਰ ਨਹੀਂ ਲਏ ਜਾਂਦੇ ਤਾਂ ਵਿਧਾਇਕਾਂ ਦੇ ਘਰਾਂ ਅੱਗੇ ਦੋ ਘੰਟੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੋਵਾਂ ਫੋਰਮਾਂ ਦੇ ਆਗੂਆਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਉਹ ਕਿਸਾਨਾਂ ਦੀਆਂ 12 ਮੰਗਾਂ ਦੇ ਪੱਖ ਵਿੱਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਕੋਲ ਭੇਜੇ। ਇਸ ਮੌਕੇ ਗੁਰਅਮਨੀਤ ਸਿੰਘ, ਬਲਵੰਤ ਸਿੰਘ, ਗੁਬਿੰਦਰ ਸਿੰਘ ਭੰਗੂ, ਸੁਖਜੀਤ ਸਿੰਘ, ਜਰਨੈਲ ਸਿੰਘ, ਲਖਵਿੰਦਰ ਸਿੰਘ ਔਲਖ, ਤੇਜਵੀਰ ਸਿੰਘ, ਸੁਖਜਿੰਦਰ ਸਿੰਘ ਖੋਸਾ, ਜੰਗ ਸਿੰਘ ਭਟੇੜੀ, ਗੁਰਧਿਆਨ ਸਿੰਘ, ਸੁਖਵਿੰਦਰ ਕੌਰ, ਅਭਿਮਨਯੂ ਕੋਹਾੜ ਤੇ ਹੋਰ ਕਿਸਾਨ ਆਗੂ ਮੌਜੂਦ ਸਨ।