ਸਿੱਧੂ ਮੂਸੇਵਾਲਾ ਦੀ ਹਵੇਲੀ ’ਚ ਪਰਤੀਆਂ ਰੌਣਕਾਂ
ਜੋਗਿੰਦਰ ਸਿੰਘ ਮਾਨ
ਮਾਨਸਾ, 17 ਮਾਰਚ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਪਹਿਲੇ ਜਨਮ ਦਿਨ ਨੂੰ ਲੈ ਕੇ ਮੂਸੇਵਾਲਾ ਦੀ ਹਵੇਲੀ ਵਿਚ ਰੌਣਕਾਂ ਲੱਗ ਗਈਆਂ। ਸਮਾਗਮ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਮੂਸੇਵਾਲਾ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਦਿਆਂ ਕੇਕ ਕੱਟਿਆ ਅਤੇ ਵਧਾਈ ਦਿੱਤੀ। ਮੂਸੇਵਾਲਾ ਦੀ ਕੋਠੀ ਵਿਚ ਵਿਆਹ ਵਰਗਾ ਮਾਹੌਲ ਸੀ। ਇਸ ਮੌਕੇ ਗੀਤ-ਸੰਗੀਤ ਵੀ ਹੋਇਆ। ਭੰਗੜੇ ਤੇ ਲੱਡੂ ਵੰਡ ਕੇ ਖੁਸ਼ੀਆਂ ਮਨਾਈਆਂ ਗਈਆਂ।
ਸਾਬਕਾ ਮੁੱਖ ਮੰਤਰੀ ਚੰਨੀ ਨੇ ਕੇਕ ਕੱਟ ਕੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨੰਨ੍ਹੇ ਮੂਸੇਵਾਲਾ ਵਿੱਚ ਸਿੱਧੂ ਮੂਸੇਵਾਲਾ ਨਜ਼ਰ ਆ ਰਿਹਾ ਹੈ ਅਤੇ ਇਹ ਬੱਚਾ ਵੀ ਵੱਡਾ ਹੋ ਕੇ ਨਾਮ ਕਮਾਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਭੁਲਾਇਆ ਨਹੀਂ ਜਾ ਸਕਦਾ।
ਜ਼ਿਕਰਯੋਗ ਹੈ ਕਿ ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਦੀ ਮੌਤ ਮਗਰੋਂ ਮੂਸੇਵਾਲਾ ਦੀ ਕੋਠੀ ਵਿੱਚ ਮਾਤਮ ਛਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀ ਕੁੱਖੋਂ ਨੰਨ੍ਹੇ ਮੂਸੇਵਾਲਾ ਨੇ ਘਰ ਵਿਚ ਜਦੋਂ ਜਨਮ ਲਿਆ ਤਾਂ ਰੌਣਕਾਂ ਪਰਤ ਆਈਆਂ। ਛੋਟਾ ਮੂਸੇਵਾਲਾ ਅੱਜ ਸਾਲ ਦਾ ਹੋ ਗਿਆ ਹੈ। ਇਸ ਮੌਕੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਮਾਤਾ ਚਰਨ ਕੌਰ ਅਤੇ ਪਿੰਡ ਵਾਸੀ ਤੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
ਸੂਬੇ ਦੀ ਕਾਨੂੰਨ ਵਿਵਸਥਾ ਵਿਗੜੀ: ਚੰਨੀ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਵਿਗੜ ਚੁੱਕੀ ਹੈ ਅਤੇ ਹਰ ਰੋਜ਼ ਲੁੱਟ-ਖੋਹ ਤੇ ਕਤਲ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਕਾਰਨ ਸੂਬਾ ਵਾਸੀ ਡਰੇ ਹੋਏ ਹਨ। ਉਨ੍ਹਾਂ ਕਿਹਾ ਕਿ ਅਜਿਹਾ ਮਾਹੌਲ ਪਹਿਲਾਂ ਕਦੇ ਨਹੀਂ ਦੇਖਿਆ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਜੇ ਸੂਬੇ ਦਾ ਇਹੀ ਮਾਹੌਲ ਰਿਹਾ ਤਾਂ ਪੰਜਾਬ ਮੁੜ ਪੱਛੜ ਜਾਵੇਗਾ।