ਸਿੱਧੂ ਮੂਸੇਵਾਲਾ ਦੇ ਭਰਾ ਦਾ ਜਨਮਦਿਨ ਮਨਾਉਣ ਪੁੱਜੇ ਸੰਸਦ ਮੈਂਬਰ ਚਰਨਜੀਤ ਚੰਨੀ
ਜੋਗਿੰਦਰ ਸਿੰਘ ਮਾਨ
ਮਾਨਸਾ, 17 ਮਾਰਚ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਪਹਿਲੇ ਜਨਮ ਦਿਨ ਨੂੰ ਲੈ ਕੇ ਮੂਸੇਵਾਲਾ ਦੀ ਕੋਠੀ ਵਿਚ ਰੌਣਕਾਂ ਲੱਗ ਗਈਆਂ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿੰਡ ਮੂਸਾ ਪਹੁੰਚ ਕੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਕੇਕ ਕੱਟਿਆ। ਮੂਸੇਵਾਲਾ ਦੀ ਕੋਠੀ ਵਿਚ ਸਿੱਧੂ ਮੂਸੇਵਾਲਾ ਦੇ ਭਰਾ ਦੇ ਜਨਮ ਦਿਨ ਨੂੰ ਲੈ ਕੇ ਗੀਤ ਸੰਗੀਤ ਹੋਇਆ ਅਤੇ ਲੱਡੂ ਵੰਡ ਕੇ ਖੁਸ਼ੀਆਂ ਮਨਾਈਆਂ ਗਈਆਂ।
ਸ੍ਰੀ ਚੰਨੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਬੇਸ਼ੱਕ ਭੁਲਾਇਆ ਨਹੀਂ ਜਾ ਸਕਦਾ ਪਰ ਉਸ ਦਾ ਅਕਸ ਨੰਨੇ ਮੂਸੇਵਾਲਾ ਵਿਚ ਜਰੂਰ ਦੇਖ ਰਹੇ ਹਾਂ। ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਮਾਤਾ ਚਰਨ ਕੌਰ ਦੀ ਕੁੱਖੋਂ ਆਈਵੀਐੱਫ ਦੀ ਤਕਨੀਕ ਨਾਲ ਨੰਨੇ ਮੂਸੇਵਾਲਾ ਨੇ ਘਰ ਵਿਚ ਜਦੋਂ ਜਨਮ ਲਿਆ ਤਾਂ ਮੂਸੇਵਾਲਾ ਦੇ ਘਰ ਰੌਣਕਾਂ ਪਰਤ ਆਈਆਂ। ਅੱਜ ਸ਼ੁਭਦੀਪ ਦੇ ਜਨਮ ਦਿਨ ਨੂੰ ਲੈ ਕੇ ਕੋਠੀ ਵਿਚ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ।
ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਵਿਚ ਕਾਨੂੰਨੀ ਵਿਵਸਥਾ ਡਗਮਗਾਉਣ ਅਤੇ ਮਾੜਾ ਮਾਹੌਲ ਹੋਣ ਕਰਕੇ ਸੂਬੇ ਦੇ ਲੋਕਾਂ ਵਿਚ ਸਹਿਮ ਫੈਲਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਮਾੜੀ ਕਾਨੂੰਨ ਵਿਵਸਥਾ ਅਤੇ ਹਰ ਦਿਨ ਸੂਬੇ ਵਿਚ ਵਾਪਰ ਰਹੀਆਂ ਲੁੱਟ ਖੋਹ, ਕਤਲ ਦੀਆਂ ਘਟਨਾਵਾਂ ਕਾਰਨ ਪੰਜਾਬ ਦੇ ਲੋਕਾਂ ਵਿਚ ਸਹਿਮ ਹੈ। ਜਿਸ ਕਰਕੇ ਸੂਬਾ ਉਦਯੋਗਿਕ, ਆਰਥਿਕ ਉੱਨਤੀ ਪੱਖੋਂ ਪੱਛੜ ਗਿਆ ਹੈ। ਇਸ ਮੌਕੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਮਾਤਾ ਚਰਨ ਕੌਰ ਅਤੇ ਪਿੰਡ ਵਾਸੀ ਹਾਜ਼ਰ ਸਨ।