Maruti Suzuki, Tata Motors to hike vehicle prices from April: ਅਪਰੈਲ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣਗੇ ਮਾਰੂਤੀ ਸੁਜ਼ੂਕੀ ਤੇ ਟਾਟਾ ਮੋਟਰਜ਼
ਨਵੀਂ ਦਿੱਲੀ, 17 ਮਾਰਚ
ਮਾਰੂਤੀ ਸੁਜ਼ੂਕੀ ਇੰਡੀਆ ਅਤੇ ਟਾਟਾ ਮੋਟਰਜ਼ ਨੇ ਵਧ ਰਹੇ ਲਾਗਤ ਖਰਚਿਆਂ ਦੇ ਮੱਦੇਨਜ਼ਰ ਅਪਰੈਲ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਮਾਰੂਤੀ ਸੁਜ਼ੂਕੀ ਨੇ ਕਿਹਾ ਕਿ ਉਹ ਅਗਲੇ ਮਹੀਨੇ ਤੋਂ ਆਪਣੇ ਪੂਰੇ ਮਾਡਲਾਂ ਦੀਆਂ ਕੀਮਤਾਂ ਵਿੱਚ 4 ਫੀਸਦੀ ਤੱਕ ਵਾਧਾ ਕਰਨ ਦੀ ਯੋਜਨਾ ਬਣਾ ਰਹੇ ਹਨ। ਟਾਟਾ ਮੋਟਰਜ਼ ਨੇ ਕਿਹਾ ਕਿ ਉਹ ਅਗਲੇ ਮਹੀਨੇ ਤੋਂ ਆਪਣੇ ਵਪਾਰਕ ਵਾਹਨ ਰੇਂਜ ਦੀਆਂ ਕੀਮਤਾਂ ਵਿੱਚ ਦੋ ਫੀਸਦੀ ਤੱਕ ਵਾਧਾ ਕਰਨਗੇ। ਮਾਰੂਤੀ ਸੁਜ਼ੂਕੀ ਇੰਡੀਆ ਨੇ ਕਿਹਾ ਕਿ ਵਧਦੇ ਲਾਗਤਾਂ ਅਤੇ ਰੱਖ ਰਖਾਅ ਖਰਚਿਆਂ ਦੇ ਮੱਦੇਨਜ਼ਰ ਕੰਪਨੀ ਵਾਹਨਾਂ ਦੀਆਂ ਕੀਮਤਾਂ ਵਧਾ ਰਹੀ ਹੈ ਤੇ ਇਹ ਵੱਖ ਵੱਖ ਮਾਡਲਾਂ ਅਨੁਸਾਰ ਵਧਾਈਆਂ ਜਾਣਗੀਆਂ। ਮਾਰੂਤੀ ਸੁਜ਼ੂਕੀ ਇਸ ਸਮੇਂ ਘਰੇਲੂ ਬਾਜ਼ਾਰ ਵਿੱਚ ਐਂਟਰੀ-ਲੈਵਲ ਆਲਟੋ ਕੇ-10 ਤੋਂ ਲੈ ਕੇ ਮਲਟੀਪਲ-ਪਰਪਜ਼ ਵਾਹਨ ਇਨਵਿਕਟੋ ਤੱਕ ਦੇ ਵੱਖ-ਵੱਖ ਮਾਡਲ ਵੇਚਦੀ ਹੈ ਜਿਨ੍ਹਾਂ ਦੀਆਂ ਕੀਮਤਾਂ 4.23 ਲੱਖ ਰੁਪਏ ਤੋਂ 29.22 ਲੱਖ ਰੁਪਏ (ਐਕਸ-ਸ਼ੋਅਰੂਮ ਦਿੱਲੀ) ਤੱਕ ਹੈ। ਇਸ ਸਾਲ ਜਨਵਰੀ ਵਿੱਚ ਕੰਪਨੀ ਨੇ ਪਹਿਲੀ ਫਰਵਰੀ ਤੋਂ ਵੱਖ-ਵੱਖ ਮਾਡਲਾਂ ਵਿੱਚ ਕੀਮਤਾਂ 32,500 ਰੁਪਏ ਤੱਕ ਵਧਾਉਣ ਦਾ ਐਲਾਨ ਕੀਤਾ ਸੀ। ਇਸ ਕਾਰਨ ਮਾਰੂਤੀ ਸੁਜ਼ੂਕੀ ਇੰਡੀਆ ਦੇ ਸ਼ੇਅਰ 0.24 ਪ੍ਰਤੀਸ਼ਤ ਵਧ ਕੇ 11,536.10 ਰੁਪਏ ਪ੍ਰਤੀ ਸ਼ੇਅਰ ’ਤੇ ਬੰਦ ਹੋਏ ਜਦਕਿ ਟਾਟਾ ਮੋਟਰਜ਼ ਦੇ ਸ਼ੇਅਰ 0.84 ਫੀਸਦੀ ਦੇ ਵਾਧੇ ਨਾਲ 660.90 ਰੁਪਏ ਪ੍ਰਤੀ ਸ਼ੇਅਰ ’ਤੇ ਬੰਦ ਹੋਏ। ਪੀਟੀਆਈ