ਸਰਕਾਰ ਆਂਗਣਵਾੜੀ ਕੇਂਦਰਾਂ ਦੀ ਕਾਇਆ ਕਲਪ ’ਚ ਜੁਟੀ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 16 ਮਾਰਚ
ਬਠਿੰਡਾ ਜ਼ਿਲ੍ਹੇ ਅੰਦਰ ਆਂਗਣਵਾੜੀ ਕੇਂਦਰਾਂ ਦਾ ਸੁੰਦਰੀਕਰਨ ਅਤੇ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹੇ ’ਚ 57 ਆਂਗਣਵਾੜੀ ਸੈਟਰਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਅਤੇ ਇਸ ’ਤੇ ਅੰਦਾਜ਼ਨ 5.70 ਕਰੋੜ ਰੁਪਏ ਖਰਚੇ ਜਾਣਗੇ। ਮਗਨਰੇਗਾ ਦੇ ਜ਼ਿਲ੍ਹਾ ਨੋਡਲ ਅਫਸਰ ਦੀਪਕ ਢੀਂਗਰਾ ਨੇ ਦੱਸਿਆ ਕਿ ਇੱਕ ਸੈਂਟਰ ਦੀ ਬਿਲਡਿੰਗ ’ਤੇ ਲਗਪਗ 10 ਲੱਖ ਰੁਪਏ ਲਾਗਤ ਆਉਂਦੀ ਹੈ, ਜਿਸ ਵਿੱਚ 2 ਲੱਖ ਰੁਪਏ ਇੰਟੀਗਰੇਟਡ ਬਾਲ ਵਿਕਾਸ ਸੇਵਾਵਾਂ ਵੱਲੋਂ ਜਾਰੀ ਕੀਤੇ ਜਾਂਦੇ ਹਨ ਅਤੇ 8 ਲੱਖ ਰੁਪਏ ਮਗਨਰੇਗਾ ਸਕੀਮ ਤਹਿਤ ਖਰਚੇ ਜਾਂਦੇ ਹਨ। ਜ਼ਿਲ੍ਹੇ ਦੇ ਪਿੰਡਾਂ ਆਦਮਪੁਰ, ਭੋਡੀਪੁਰਾ, ਕੇਸਰ ਸਿੰਘ ਵਾਲਾ, ਧੀਂਗੜ, ਦੂਲੇਵਾਲਾ ਚਨਾਰਥਲ, ਬਾਂਡੀ, ਬਾਜਕ, ਬਹਾਦਰਗੜ੍ਹ ਜੰਡੀਆਂ, ਸ਼ੇਰਗੜ੍ਹ, ਬੰਗੀ ਨਿਹਾਲ ਸਿੰਘ ਵਾਲਾ, ਮਲਕਾਣਾ, ਗੋਲੇਵਾਲਾ, ਮਾਨਵਾਲਾ, ਸੁਖਲੱਧੀ, ਨਥੇਹਾ, ਕਮਾਲੂ, ਕੋਟ ਬਖ਼ਤੂ, ਝੰਡੂ ਕੇ ਅਤੇ ਨਾਥਪੁਰਾ ਸਮੇਤ 25 ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ ਅਤੇ 32 ਇਮਾਰਤਾਂ ਦਾ ਕੰਮ 30 ਅਪਰੈਲ ਤੱਕ ਮੁਕੰਮਲ ਕਰ ਲਿਆ ਜਾਵੇਗਾ। ਬਲਾਕ ਰਾਮਪੁਰਾ ਤੋਂ ਮਗਨਰੇਗਾ ਏਪੀੳ ਸੰਦੀਪ ਕੌਰ ਨੇ ਦਾਅਵਾ ਕੀਤਾ ਕਿ ਸੈਂਟਰਾਂ ਵਿੱਚ ਆਧੁਨਿਕ ਸਹੂਲਤਾਂ ਪ੍ਰਦਾਨ ਹੋਣ ਕਾਰਨ ਬੱਚਿਆਂ ਵਿੱਚ ਆਂਗਣਵਾੜੀ ਪ੍ਰਤੀ ਦਿਲਚਸਪੀ ਵਿੱਚ ਵਾਧਾ ਹੋਇਆ ਹੈ ਅਤੇ ਬੱਚਿਆਂ ਦੇ ਮਾਪੇ ਵੀ ਇਨ੍ਹਾਂ ਸਹੂਲਤਾਂ ਤੋਂ ਖੁਸ਼ ਹਨ। ਪਿੰਡ ਪੂਹਲਾ ਦੀ ਸਰਪੰਚ ਸੁਮਨਦੀਪ ਕੌਰ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਛੋਟੇ ਬੱਚਿਆਂ ਦੀਆਂ ਸਹੂਲਤਾਂ ਲਈ ਚੁੱਕੇ ਜਾ ਰਹੇ ਕਦਮ ਸ਼ਲਾਘਾਯੋਗ ਹਨ ਤੇ ਆਂਗਣਵਾੜੀ ਸੈਂਟਰਾਂ ਦੀਆਂ ਆਪਣੀਆਂ ਇਮਾਰਤਾਂ ਬਣਨ ਨਾਲ ਬੱਚਿਆਂ ਨੂੰ ਹੋਰ ਸਹੂਲਤਾਂ ਮਿਲਣਗੀਆਂ।