ਬਰਾਤੀਆਂ ਵਿਚਾਲੇ ਝਗੜੇ ਕਾਰਨ ਦੋ ਭਰਾਵਾਂ ਸਣੇ ਤਿੰਨ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਰਤੀਆ, 2 ਅਪਰੈਲ
ਸ਼ਹਿਰ ਦੇ ਟੋਹਾਣਾ ਰੋਡ ’ਤੇ ਸਥਿਤ ਮੈਰਿਜ ਪੈਲੇਸ ਵਿੱਚ ਬਰਾਤੀਆਂ ਵਿੱਚ ਹੋਏ ਆਪਸੀ ਝਗੜੇ ਨੂੰ ਲੈ ਕੇ ਸ਼ਹਿਰ ਥਾਣਾ ਪੁਲੀਸ ਨੇ ਜ਼ਖ਼ਮੀ ਹੋਏ ਰਾਮ ਨਗਰ ਕਲੋਨੀ ਵਾਸੀ ਬਲਜੀਤ ਸਿੰਘ ਦੀ ਸ਼ਿਕਾਇਤ ’ਤੇ 2 ਭਰਾਵਾਂ ਕਰਨ ਅਤੇ ਸੰਨੀ ਅਤੇ ਰੋਹਿਤ ਨਿਵਾਸੀ ਜਮਾਲਪੁਰ ਸ਼ੇਖਾ ਖਿਲਾਫ ਕੇਸ ਦਰਜ ਕੀਤਾ ਹੈ।
ਪੁਲੀਸ ਕੋਲ ਸ਼ਿਕਾਇਤ ਦਿੰਦੇ ਹੋਏ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਗੱਡੀਆਂ ਦੀ ਡੈਂਟਿੰਗ ਪੇਂਟਿੰਗ ਦਾ ਕੰਮ ਕਰਦਾ ਹੈ। ਬੀਤੇ ਦਿਨੀਂ ਉਸ ਦੇ ਪਰਿਵਾਰ ਵਿੱਚ ਚਾਚਾ ਮੰਗੂ ਰਾਮ ਵਾਸੀ ਰਾਮ ਨਗਰ ਕਲੋਨੀ ਦੀਆਂ 2 ਲੜਕੀਆਂ ਦਾ ਵਿਆਹ ਸੀ, ਬਰਾਤ ਟੋਹਾਣਾ ਰੋਡ ’ਤੇ ਸਥਿਤ ਮੈਰਿਜ ਪੈਲੇਸ ਵਿੱਚ ਆਈ ਹੋਈ ਸੀ। ਇਸ ਦੌਰਾਨ ਕਰਨ ਦੇ ਭਰਾ ਸੰਨੀ ਵਾਸੀ ਹਿੰਦਾਲ ਵਾਲਾ ਨੇ ਉਸ ਦੇ ਚਾਚਾ ਮੰਗੂ ਰਾਮ ਨੂੰ ਥੱਪੜ ਮਾਰ ਦਿੱਤਾ।
ਜਦੋਂ ਉਸ ਨੇ ਸੰਨੀ ਤੋਂ ਥੱਪੜ ਮਾਰਨ ਦਾ ਕਾਰਨ ਪੁੱਛਿਆ ਤਾਂ ਤਿੰਨੋਂ ਨਾਮਜ਼ਦ ਵਿਅਕਤੀ ਉਸ ਨਾਲ ਕੁੱਟਮਾਰ ਕਰਨ ਲੱਗੇ। ਉਸ ਨੇ ਦੋਸ਼ ਲਗਾਇਆ ਕਿ ਇਸ ਦੌਰਾਨ ਉਸ ’ਤੇ ਤਲਵਾਰ ਦਾ ਵਾਰ ਵੀ ਕੀਤਾ ਗਿਆ। ਇਸ ਕੁੱਟਮਾਰ ਨੂੰ ਦੇਖਦੇ ਹੋਏ ਪਰਿਵਾਰ ਦੇ ਹੋਰ ਲੋਕ ਆਏ ਤਾਂ ਰੋਹਿਤ ਤਲਵਾਰ ਲੈ ਕੇ ਮੌਕੇ ਤੋਂ ਭੱਜ ਗਿਆ।
ਜ਼ਖ਼ਮੀ ਨੂੰ ਰਤੀਆ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਅਗਰੋਹਾ ਮੈਡੀਕਲ ਰੈਫਰ ਕਰ ਦਿੱਤਾ ਜਿੱਥੇ ਹੁਣ ਵੀ ਉਹ ਜ਼ੇਰੇ ਇਲਾਜ ਹੈ। ਪੁਲੀਸ ਨੇ ਜਖ਼ਮੀ ਹੋਏ ਨੌਜਵਾਨ ਦੇ ਬਿਆਨ ਦੇ ਆਧਾਰ ਤੇ 2 ਭਰਾਵਾਂ ਸਣੇ ਤਿੰਨ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਲਜ਼ਮਾਂ ਦੀ ਭਾਲ ਵਿੱਚ ਜੁਟ ਗਈ ਹੈ।