ਘਰੇਲੂ ਝਗੜੇ ਕਾਰਨ ਪਤਨੀ ਦੀ ਰਾਡ ਮਾਰ ਕੇ ਹੱਤਿਆ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 6 ਅਪਰੈਲ
ਥਾਣਾ ਬਾਬੈਨ ਦੇ ਪਿੰਡ ਜਾਲਖੇੜੀ ਵਿੱਚ ਘਰੇਲੂ ਝਗੜੇ ਕਾਰਨ ਬਜ਼ੁਰਗ ਸ਼ਿਵ ਚਰਨ ਨੇ ਆਪਣੀ ਪਤਨੀ ਬਾਲਾ (58) ਦੀ ਲੋਹੇ ਦੀ ਰਾਡ ਮਾਰ ਕੇ ਹੱਤਿਆ ਕਰ ਦਿੱਤੀ। ਹੱਤਿਆ ਤੋਂ ਬਾਅਦ ਮੁਲਜ਼ਮ ਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਲਾਸ਼ ਦਾ ਸਸਕਾਰ ਕਰਨਾ ਚਾਹੁੰਦਾ ਸੀ ਪਰ ਕਿਸੇ ਨੇ ਪੁਲੀਸ ਨੂੰ ਸੂਚਿਤ ਕਰ ਦਿੱਤਾ। ਇਸ ਤੋਂ ਬਾਅਦ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਜਾਲਖੇੜੀ ਦੀ ਰੂਬੀ ਰਾਣੀ ਅਨੁਸਾਰ ਉਹ ਸਵੇਰੇ 5 ਵਜੇ ਦੇ ਕਰੀਬ ਗੋਹਾ ਸੁੱਟਣ ਲਈ ਬਾਹਰ ਗਈ ਸੀ। ਬਾਲਾ ਦੇਵੀ ਦੀਆਂ ਚੀਕਾਂ ਸੁਣ ਕੇ ਉਹ ਆਪਣੇ ਘਰ ਭੱਜ ਕੇ ਗਈ ਤੇ ਦੇਖਿਆ ਕਿ ਉਸ ਦੀ ਸੱਸ ਦੀ ਲਾਸ਼ ਖੂਨ ਨਾਲ ਲੱਥ-ਪੱਥ ਜ਼ਮੀਨ ’ਤੇ ਪਈ ਸੀ। ਉਸ ਦੇ ਸਹੁਰੇ ਸ਼ਿਵਚਰਨ ਨੇ ਕਿਹਾ ਕਿ ਉਸ ਨੇ ਤੇਰੀ ਸੱਸ ਨੂੰ ਮਾਰ ਦਿੱਤਾ ਹੈ ਤੇ ਫਿਰ ਉਹ ਲੋਹੇ ਦੀ ਰਾਡ ਲੈ ਕੇ ਮੌਕੇ ਤੋਂ ਦੌੜ ਗਿਆ। ਮੁਲਜ਼ਮ ਸ਼ਿਵ ਚਰਨ ਨੇ ਸਬੂਤ ਮਿਟਾਉਣ ਲਈ ਘਰ ਦੇ ਵਿਹੜੇ ਵਿੱਚ ਪਲੱਸਤਰ ਕਰਵਾ ਦਿੱਤਾ। ਮਗਰੋਂ 12.30 ਵਜੇ ਲਾਸ਼ ਦਾ ਸਸਕਾਰ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ। ਨੂੰਹ ਦੇ ਬਿਆਨਾਂ ’ਤੇ ਪੁਲੀਸ ਨੇ ਉਸ ਦੇ ਸਹੁਰੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੌਕੇ ’ਤੇ ਫੋਰੈਂਸਿਕ ਟੀਮ ਨੂੰ ਬੁਲਾਇਆ ਤੇ ਸਬੂਤ ਇੱਕਠੇ ਕੀਤੇ। ਪੁਲੀਸ ਮੁਲਜ਼ਮ ਦੀ ਭਾਲ ਲਈ ਛਾਪੇ ਮਾਰ ਹੀ ਹੈ।