ਮੁੱਖ ਮੰਤਰੀ ਵੱਲੋਂ ਹਨੂੰਮਾਨ ਦੀ ਮੂਰਤੀ ਦਾ ਉਦਘਾਟਨ
ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 12 ਅਪਰੈਲ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਹਨੂੰਮਾਨ ਜਨਮ ਉਤਸਵ ਮੌਕੇ ਪਿੰਡ ਭੂਰੇਵਾਲਾ ਦੇ ਐੱਸਆਰਐੱਮ ਕਾਲਜ ਕੈਂਪਸ ਵਿੱਚ 31 ਫੁੱਟ ਉੱਚੇ ਪੰਚਮੁਖੀ ਹਨੂੰਮਾਨ ਦੀ ਮੂਰਤੀ ਦਾ ਉਦਘਾਟਨ ਕੀਤਾ। ਇਸ ਮੌਕਾ ਸਾਬਕਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਅਤੇ ਉੱਘੇ ਸਮਾਜ ਸੇਵਕ ਪ੍ਰੇਮ ਗੋਇਲ ਵਿਸ਼ੇਸ਼ ਮਹਿਮਾਨਾਂ ਵਜੋਂ ਮੌਜੂਦ ਸਨ। ਪ੍ਰੋਗਰਾਮ ਦੇ ਮੇਜ਼ਬਾਨ ਅਤੇ ਪ੍ਰਬੰਧਕ, ਭਜਨ ਸਮਰਾਟ ਕਨ੍ਹੱਈਆ ਮਿੱਤਲ ਨੇ ਹਨੂੰਮਾਨ ਦੀ ਉਸਤਤ ਕਰਦੇ ਭਜਨ ਪੇਸ਼ ਕੀਤਾ। ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਜ ਦੇ ਲੋਕਾਂ ਨੂੰ ਹਨੂੰਮਾਨ ਜੈਅੰਤੀ ਦੀ ਵਧਾਈ ਦਿੱਤੀ ਅਤੇ ਸੂਬਾ ਵਾਸੀਆਂ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ। ਉਨ੍ਹਾਂ ਇਸ ਮੌਕੇ ਜਿੰਦਲ ਪਰਿਵਾਰ ਅਤੇ ਸੀਐੱਮਡੀ ਰੋਸ਼ਨ ਲਾਲ ਜਿੰਦਲ ਦਾ ਧੰਨਵਾਦ ਕੀਤਾ। ਇਸ ਮੌਕੇ ਐੱਸਆਰਐਮ ਕਾਲਜ ਦੇ ਸੀਐੱਮਡੀ ਰੋਸ਼ਨ ਲਾਲ ਜਿੰਦਲ, ਚੇਅਰਪਰਸਨ ਰਿਤੂ ਜਿੰਦਲ ਅਤੇ ਐੱਸਆਰਐੱਮ ਗਰੁੱਪ ਦੇ ਅਧਿਕਾਰੀਆਂ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਜੈਅੰਤੀ ਮੌਕੇ 14 ਅਪਰੈਲ ਨੂੰ, ਪ੍ਰਧਾਨ ਮੰਤਰੀ ਹਿਸਾਰ ਅਤੇ ਯਮੁਨਾਨਗਰ ਆ ਰਹੇ ਹਨ। ਇਸ ਮੌਕੇ ਉਹ ਹਰਿਆਣਾ ਨੂੰ ਇੱਕ ਵੱਡਾ ਤੋਹਫ਼ਾ ਦੇਣਗੇ ਜਿਸ ਵਿੱਚ ਹਿਸਾਰ ਵਿੱਚ ਮਹਾਰਾਜਾ ਅਗਰਸੇਨ ਹਵਾਈ ਅੱਡੇ ਦਾ ਉਦਘਾਟਨ ਅਤੇ ਯਮੁਨਾਨਗਰ ਵਿੱਚ 800 ਮੈਗਾਵਾਟ ਯੂਨਿਟ ਦੇ ਸੁਪਰ ਕ੍ਰਿਟੀਕਲ ਯੂਨਿਟ ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹੈ। ਇਸ ਮੌਕੇ ਪ੍ਰੋਗਰਾਮ ਦੇ ਪ੍ਰਬੰਧਕ ਭਜਨ ਗਾਇਕ ਕਨ੍ਹਈਆ ਮਿੱਤਲ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਸਾਰਿਆਂ ਨੂੰ ਹਨੂੰਮਾਨ ਜਨਮ ਉਤਸਵ ਦੀ ਵਧਾਈ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ, ਪੁਲੀਸ ਸੁਪਰਡੈਂਟ ਸੁਰੇਂਦਰ ਸਿੰਘ ਭੌਰੀਆ, ਨਗਰ ਨਿਗਮ ਕਮਿਸ਼ਨਰ ਸਚਿਨ ਗੁਪਤਾ, ਐੱਸਡੀਐੱਮ ਸ਼ਾਸ਼ਵਤ ਸਾਂਗਵਾਨ, ਭਾਜਪਾ ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ ਹਾਜ਼ਰ ਸਨ।