ਐੱਸਡੀਐੱਮ ਵੱਲੋਂ ਅਨਾਜ ਮੰਡੀਆਂ ਅਤੇ ਖਰੀਦ ਕੇਂਦਰਾਂ ਦਾ ਦੌਰਾ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 16 ਅਪਰੈਲ
ਉਪ-ਮੰਡਲ ਮੈਜਿਸਟਰੇਟ ਸੁਰੇਸ਼ ਕੁਮਾਰ ਨੇ ਅੱਜ ਇੱਥੇ ਅਨਾਜ ਮੰਡੀ ਅਤੇ ਖਰੀਦ ਕੇਂਦਰਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕਣਕ ਖਰੀਦ ਪ੍ਰਕਿਰਿਆ ਨਾਲ ਸਬੰਧਤ ਕੰਮਾਂ ਦਾ ਨਿਰੀਖਣ ਕੀਤਾ। ਉਨ੍ਹਾਂ ਰਤੀਆ, ਬ੍ਰਾਹਮਣਵਾਲਾ, ਭੂੰਦੜਵਾਸ ਅਤੇ ਬਾੜਾ ਪਿੰਡਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਕਣਕ ਦੀ ਖਰੀਦ ਅਤੇ ਲਿਫਟਿੰਗ ਦੇ ਢੁਕਵੇਂ ਪ੍ਰਬੰਧਾਂ ਸਬੰਧੀ ਜ਼ਰੂਰੀ ਹਦਾਇਤਾਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਸਾਰੀਆਂ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਉਹ ਮੰਡੀਆਂ ਵਿੱਚੋਂ ਖਰੀਦੀ ਗਈ ਕਣਕ ਦੀ ਲਿਫਟਿੰਗ ਦੇ ਪ੍ਰਬੰਧ ਜਲਦੀ ਤੋਂ ਜਲਦੀ ਕਰਨ, ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕੋਈ ਮੁਸ਼ਕਲ ਨਾ ਆਵੇ ਅਤੇ ਮੰਡੀ ਵਿੱਚ ਜਾਮ ਦੀ ਸਥਿਤੀ ਪੈਦਾ ਨਾ ਹੋਵੇ। ਐੱਸਡੀਐੱਮ ਸੁਰੇਸ਼ ਕੁਮਾਰ ਨੇ ਕਿਹਾ ਕਿ ਮੰਡੀਆਂ ਵਿੱਚ ਸਫ਼ਾਈ, ਪੀਣ ਵਾਲਾ ਪਾਣੀ, ਮਾਪ-ਦੰਡ, ਬਿਜਲੀ ਆਦਿ ਸਾਰੀਆਂ ਮੁੱਢਲੀਆਂ ਸਹੂਲਤਾਂ ਨਿਰੰਤਰ ਉਪਲਬਧ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਸਰਕਾਰੀ ਹਦਾਇਤਾਂ ਅਨੁਸਾਰ, ਕਿਸਾਨਾਂ ਨੂੰ ਖਰੀਦੀਆਂ ਗਈਆਂ ਫਸਲਾਂ ਦਾ ਭੁਗਤਾਨ ਨਿਰਧਾਰਤ ਸਮਾਂ ਸੀਮਾ ਵਿੱਚ ਕੀਤਾ ਜਾਣਾ ਚਾਹੀਦਾ ਹੈ।
ਅਨਾਜ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਸਾਫ਼ ਪੀਣ ਵਾਲੇ ਪਾਣੀ, ਬਿਜਲੀ ਅਤੇ ਪਖਾਨਿਆਂ ਦੇ ਢੁਕਵੇਂ ਪ੍ਰਬੰਧ ਹੋਣੇ ਚਾਹੀਦੇ ਹਨ। ਉਨ੍ਹਾਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਮੌਕੇ ਉਨ੍ਹਾਂ ਨਾਲ ਕਈ ਅਧਿਕਾਰੀ ਵੀ ਮੌਜੂਦ ਸਨ।
ਖਰੀਦ ਕੇਂਦਰਾਂ ਤੇ ਮੰਡੀਆਂ ਵਿੱਚ 232641 ਟਨ ਕਣਕ ਦੀ ਖਰੀਦ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਵਧੀਕ ਡਿਪਟੀ ਕਮਿਸ਼ਨਰ ਸੋਨੂੰ ਭੱਟ ਨੇ ਕਿਹਾ ਹੈ ਕਿ ਸਾਰੇ ਐੱਸਡੀਐੰਮ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ ਦਾ ਨਿਯਮਤ ਤੌਰ ’ਤੇ ਨਿਰੀਖਣ ਕਰਨਗੇ ਤੇ ਇਹ ਯਕੀਨੀ ਬਣਾਉਣਗੇ ਕਿ ਕਣਕ ਦੀ ਲਿਫਟਿੰਗ ਦਾ ਕੰਮ ਤੇਜ਼ ਰਫਤਾਰ ਨਾਲ ਹੋਵੇ। ਇਸ ਮਾਮਲੇ ਵਿਚ ਲਾਪ੍ਰਵਾਹੀ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਚਲ ਰਹੇ ਸੀਜ਼ਨ ਵਿਚ 15 ਅਪਰੈਲ ਤੱਕ ਵੱਖ-ਵੱਖ ਏਜੰਸੀਆਂ ਨੇ 2 ਲੱਖ 32 ਹਜ਼ਾਰ 641 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸ ਵਿੱਚ 23 ਫ਼ੀਸਦ ਲਿਫਟਿੰਗ ਦਾ ਕੰਮ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਖਰੀਦ ਦਾ ਕੰਮ ਸੁਚਾਰੂ ਢੰਗ ਨਾਲ ਚਲ ਰਿਹਾ ਹੈ ਕਿਸੇ ਵੀ ਕਿਸਾਨ, ਵਪਾਰੀ ਨੂੰ ਕਿਸੇ ਤਰ੍ਹਾਂ ਦੀ ਸੱਮਸਿਆ ਨਹੀਂ ਆਉਣ ਦਿੱਤੀ ਜਾਏਗੀ।