ਸਕੂਲ ’ਚ ਵਿਸ਼ਵ ਪੱਤਰਕਾਰੀ ਦਿਵਸ ਮਨਾਇਆ
ਪੱਤਰ ਪ੍ਰੇਰਕ
ਯਮੁਨਾਨਗਰ, 3 ਮਈ
ਮੁਕੰਦ ਲਾਲ ਪਬਲਿਕ ਸਕੂਲ, ਸਰੋਜਨੀ ਕਲੋਨੀ ਵਿੱਚ ਵਿਸ਼ਵ ਪੱਤਰਕਾਰੀ ਦਿਵਸ ਮਨਾਇਆ ਗਿਆ। ਪੱਤਰਕਾਰੀ ਸਮਾਜ ਦਾ ਪ੍ਰਤੀਬਿੰਬ ਹੈ ਦੀ ਭਾਵਨਾ ਨੂੰ ਜਨਤਾ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਸਕੂਲ ਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਤੌਰ ‘ਤੇ ਸੱਦੇ ਗਏ ਪੱਤਰਕਾਰਾਂ ਦਾ ਸਵਾਗਤ ਕੀਤਾ ਅਤੇ ਪੱਤਰਕਾਰੀ ਨਾਲ ਸਬੰਧਤ ਉਨ੍ਹਾਂ ਨੇ ਆਪਣੇ ਤਜਰਬਿਆਂ ਬਾਰੇਜਾਣਕਾਰੀ ਹਾਸਲ ਕੀਤੀ । ਟ੍ਰਿਬਿਊਨ-ਇਨ-ਐਜੂਕੇਸ਼ਨ ਪ੍ਰੋਗਰਾਮ, ਹਰਿਆਣਾ ਦੇ ਕੋਆਰਡੀਨੇਟਰ ਕਰਮਵੀਰ, ਟੀਆਈਈ ਪੰਜਾਬ ਦੇ ਕੋਆਰਡੀਨੇਟਰ ਸੁਸ਼ੀਲ ਤਿਵਾੜੀ, ਟੀਆਈਈ ਅੰਬਾਲਾ ਅਤੇ ਯਮੁਨਾਨਗਰ ਖੇਤਰ ਦੇ ਇੰਚਾਰਜ ਯੋਗੇਸ਼ ਰਾਜਪਾਲ ਅਤੇ ਸੀਨੀਅਰ ਪੱਤਰਕਾਰ ਸੁਰਿੰਦਰ ਮਹਿਤਾ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਦੱਸਿਆ ਕਿ ਟ੍ਰਿਬਿਊਨ ਦਾ ਪ੍ਰਕਾਸ਼ਨ 2 ਫਰਵਰੀ 1881 ਨੂੰ ਲਾਹੌਰ (ਹੁਣ ਪਾਕਿਸਤਾਨ ਵਿੱਚ) ਤੋਂ ਸ਼ੁਰੂ ਹੋਇਆ ਸੀ । ਇਸ ਦੀ ਸ਼ੁਰੂਆਤ ਸਰਦਾਰ ਦਿਆਲ ਸਿੰਘ ਮਜੀਠੀਆ ਵੱਲੋਂ ਕੀਤੀ ਗਈ ਸੀ। ਇਸ ਨੂੰ ਟਰੱਸਟ ਵੱਲੋਂ ਚਲਾਇਆ ਜਾਂਦਾ ਹੈ ਜਿਸ ਵਿੱਚ ਪੰਜ ਉੱਘੀਆਂ ਸ਼ਖਸੀਅਤਾਂ ਟਰੱਸਟੀ ਵਜੋਂ ਸ਼ਾਮਲ ਹਨ । ਉੱਤਰੀ ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਅੰਗਰੇਜ਼ੀ ਅਖ਼ਬਾਰ, ਟ੍ਰਿਬਿਊਨ, ਬਿਨਾਂ ਕਿਸੇ ਪੱਖਪਾਤ ਦੇ ਖ਼ਬਰਾਂ ਅਤੇ ਵਿਚਾਰ ਪ੍ਰਕਾਸ਼ਤ ਕਰਦਾ ਹੈ। ਅਧਿਆਪਕਾ ਮੰਜੂ ਲਾਂਬਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਅਖਬਾਰਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸਕੂਲ ਪ੍ਰਬੰਧਕ ਸ਼ਸ਼ੀ ਬਾਟਲਾ ਨੇ ਕਿਹਾ ਕਿ ਪੱਤਰਕਾਰੀ ਵਿਚਾਰਾਂ ਦੇ ਪ੍ਰਗਟਾਵੇ ਦਾ ਇੱਕ ਸ਼ਕਤੀਸ਼ਾਲੀ ਸਾਧਨ ਹੈ। ਇਸ ਮੌਕੇ ਪ੍ਰਿੰਸੀਪਲ ਸੀਮਾ ਕਟਾਰੀਆ ਨੇ ਵੀ ਪੱਤਰਕਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੇ ਪਹੁੰਚੇ ਅਧਿਕਾਰੀਆਂ ਦਾ ਸਨਮਾਨ ਕੀਤਾ।