‘ਆਪ’ ਕੌਂਸਲਰਾਂ ਵੱਲੋਂ ਕਮਿਸ਼ਨਰ ਦੇ ਦਫ਼ਤਰ ’ਚ ਹੰਗਾਮਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਪਰੈਲ
ਆਮ ਆਦਮੀ ਪਾਰਟੀ ਨੇ ਹਾਊਸ ਟੈਕਸ ਵਿੱਚ ਛੋਟ ਦੇਣ ਅਤੇ 12 ਹਜ਼ਾਰ ਆਰਜ਼ੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਸਦਨ ਵਿੱਚ ਪਾਸ ਕੀਤੇ ਪ੍ਰਸਤਾਵ ਨੂੰ ਲਾਗੂ ਕਰਵਾਉਣ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਇਸ ਸਬੰਧੀ ਬੁੱਧਵਾਰ ਨੂੰ ਦਿੱਲੀ ਦੇ ਮੇਅਰ ਮਹੇਸ਼ ਕੁਮਾਰ ਅਤੇ ਸਦਨ ਦੇ ਨੇਤਾ ਮੁਕੇਸ਼ ਗੋਇਲ ਆਮ ਆਦਮੀ ਪਾਰਟੀ ਦੇ ਸਾਰੇ ਕੌਂਸਲਰਾਂ ਨਾਲ ਉਨ੍ਹਾਂ ਨੂੰ ਮਿਲਣ ਲਈ ਨਿਗਮ ਕਮਿਸ਼ਨਰ ਅਸ਼ਵਨੀ ਕੁਮਾਰ ਦੇ ਸਿਵਿਕ ਸੈਂਟਰ ਦੇ ਦਫਤਰ ਪਹੁੰਚੇ ਪਰ ਉਹ ਬਹਾਨਾ ਬਣਾ ਕੇ ਦਫਤਰ ਤੋਂ ਵਾਕਆਊਟ ਕਰ ਗਏ। ‘ਆਪ’ ਕੌਂਸਲਰਾਂ ਨੂੰ ਦੱਸਿਆ ਗਿਆ ਕਿ ਨਿਗਮ ਕਮਿਸ਼ਨਰ ਕਿਸੇ ਕੇਸ ਦੀ ਸੁਣਵਾਈ ਲਈ ਦਫ਼ਤਰ ਤੋਂ ਚਲੇ ਗਏ ਹਨ। ਇਸ ਤੋਂ ਬਾਅਦ ‘ਆਪ’ ਦੇ ਸਾਰੇ ਕੌਂਸਲਰ ਉਨ੍ਹਾਂ ਦੇ ਦਫ਼ਤਰ ਵਿੱਚ ਬੈਠ ਕੇ ਕਾਫੀ ਦੇਰ ਤੱਕ ਉਨ੍ਹਾਂ ਦਾ ਇੰਤਜ਼ਾਰ ਕਰਦੇ ਰਹੇ। ਨਗਰ ਨਿਗਮ ਕਮਿਸ਼ਨਰ ਨਾ ਆਉਣ ’ਤੇ ‘ਆਪ’ ਕੌਂਸਲਰ ਨਾਅਰੇਬਾਜ਼ੀ ਕਰਦੇ ਹੋਏ ਵਾਪਸ ਚਲੇ ਗਏ। ਦਿੱਲੀ ਦੇ ਮੇਅਰ ਨੇ ਕਿਹਾ ਕਿ ਨਿਗਮ ਕਮਿਸ਼ਨਰ ਨੂੰ ਸੂਚਨਾ ਦਿੱਤੀ ਗਈ ਸੀ ਕਿ ‘ਆਪ’ ਦੇ ਕੌਂਸਲਰ ਉਨ੍ਹਾਂ ਨੂੰ ਮਿਲਣ ਆ ਰਹੇ ਹਨ ਪਰ ਉਹ ਬਹਾਨਾ ਬਣਾ ਕੇ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਦਫਤਰ ਤੋਂ ਚਲੇ ਗਏ। ਉਨ੍ਹਾਂ ਕਿਹਾ ਕਿ ਨਿਗਮ ਵਿੱਚ 12 ਹਜ਼ਾਰ ਆਰਜ਼ੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਹਾਊਸ ਟੈਕਸ ਵਿੱਚ ਰਿਆਇਤ ਦੇਣ ਦੀ ਪਾਸ ਕੀਤੀ ਤਜਵੀਜ਼ ਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਇਸ ਨੂੰ ਲਾਗੂ ਕਰਨ ਲਈ ਵਚਨਬੱਧ ਹਨ ਅਤੇ ਇਸੇ ਕਾਰਨ ਉਹ ਨਿਗਮ ਕਮਿਸ਼ਨਰ ਅਸ਼ਵਨੀ ਕੁਮਾਰ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਣ ਆਏ ਸਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕਮਿਸ਼ਨਰ ਨੇ ਮੇਅਰ ਨੂੰ ਦੱਸੇ ਬਿਨਾਂ ਅਤੇ ਸਦਨ ਵਿੱਚ ਪ੍ਰਸਤਾਵ ਪਾਸ ਕਰਵਾਏ ਬਿਨਾਂ ਹੀ ਦਿੱਲੀ ਦੇ ਲੋਕਾਂ ’ਤੇ ਯੂਜ਼ਰ ਚਾਰਜ ਲਾਏ ਹਨ।