ਮਜ਼ਦੂਰ ਦਿਵਸ ਮੌਕੇ ਸਕੂਲ ਕਰਮਚਾਰੀਆਂ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਮਈ
ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਨਵੀਂ ਦਿੱਲੀ ਵਿੱਚ ਸਕੂਲ ਦੀ ਵਿਸ਼ੇਸ਼ ਸਭਾ ਵਿੱਚ ‘ਮਜ਼ਦੂਰ ਦਿਵਸ’ ਮਨਾਇਆ ਗਿਆ, ਜਿਸ ਵਿਚ ਸਟੇਜ ਸੰਚਾਲਕ ਦੀ ਭੂਮਿਕਾ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਗੁਰਨੀਤ ਕੌਰ ਅਤੇ ਅਕਸ਼ਦੀਪ ਕੌਰ ਨੇ ਨਿਭਾਈ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਇਨ੍ਹਾਂ ਵਿਦਿਆਰਥਣਾਂ ਨੇ ਦੱਸਿਆ ਕਿ ਭਾਰਤ ਹੀ ਨਹੀਂ ਸਗੋਂ ਦੁਨੀਆ ਦੇ ਲਗਪਗ 80 ਦੇਸ਼ਾਂ ਵਿੱਚ ਇਹ ਦਿਨ ਮਜ਼ਦੂਰਾਂ ਦੀ ਮਿਹਨਤ ਦੇ ਸਨਮਾਨ ਵਜੋਂ ਮਨਾਇਆ ਜਾਂਦਾ ਹੈ।
ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਆਪਣੀ ਕਵਿਤਾ ਰਾਹੀਂ ਮਜ਼ਦੂਰਾਂ ਦੇ ਦਿਲ ਦੇ ਦਰਦ ਨੂੰ ਬਿਆਨਿਆਂ ਜਦਕਿ ਦਸਵੀਂ ਜਮਾਤ ਦੇ ਰਾਜਵੀਰ ਸਿੰਘ ਨੇ ਵੀ ਅੰਗਰੇਜ਼ੀ ਦੀ ਸਪੀਚ ਰਾਹੀਂ ਮਜ਼ਦੂਰਾਂ ਦੀ ਕਰੜੀ ਮਿਹਨਤ ਨੂੰ ਸਲਾਮ ਕੀਤਾ। ਉਪਰੰਤ ਸਕੂਲ ਵਿੱਚ ਕੰਮ ਕਰਨ ਵਾਲੇ ਚੌਥਾ ਦਰਜਾ ਕਰਮਚਾਰੀਆਂ ਨੂੰ ਸਕੂਲ ਪ੍ਰਿੰਸੀਪਲ ਮਨਪ੍ਰੀਤ ਕੌਰ ਸੀਨੀਅਰ ਟੀਚਰਾਂ ਪ੍ਰਿਤਪਾਲ ਕੌਰ, ਕੁਲਬੀਰ ਕੌਰ, ਜੋਤੀ ਚੀਮਾ ਅਤੇ ਦੁਆਰਾ ਸਨਮਾਨਿਤ ਕੀਤਾ ਗਿਆ। ਸਕੂਲ ਦੇ ਸੀਨੀਅਰ ਸਟੇਟ ਅਫਸਰ ਅਰਵਿੰਦਰ ਸਿੰਘ ਨੇ ਸਭ ਦਾ ਧੰਨਵਾਦ ਕਰਦੇ ਹੋਏ ਬੱਚਿਆਂ ਨੂੰ ਸਕੂਲ ਤੇ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਵਿੱਚ ਪੂਰਾ ਸਹਿਯੋਗ ਦੇਣ ਲਈ ਅਹਿਦ ਕਰਨ ਦੀ ਅਪੀਲ ਕੀਤੀ। ਅਖ਼ੀਰ ਵਿੱਚ ਪ੍ਰਿੰਸੀਪਲ ਮਨਪ੍ਰੀਤ ਕੌਰ ਨੇ ਕਿਹਾ ਕਿ ਅੱਜ ਦਾ ਦਿਨ ਮਜ਼ਦੂਰਾਂ ਦਾ ਦਿਨ ਹੈ। ਇਨ੍ਹਾਂ ਦੀ ਮਦਦ ਸਦਕਾ ਹੀ ਸਾਡਾ ਆਲਾ ਦੁਆਲਾ ਸਾਫ਼ ਸੁਥਰਾ ਹੈ ਤੇ ਅਸੀਂ ਸਾਫ਼ ਵਾਤਾਵਰਨ ਵਿੱਚ ਰਹਿੰਦੇ ਹੋਏ ਸਾਫ਼ ਹਵਾ ਵਿੱਚ ਸਾਹ ਲੈ ਪਾ ਰਹੇ ਹਾਂ। ਉਨ੍ਹਾਂ ਨੇ ਸਕੂਲ ਦੇ ਚੌਥਾ ਦਰਜਾ ਕਰਮਚਾਰੀਆਂ ਦਾ ਧੰਨਵਾਦ ਕੀਤਾ।