ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਲੋਂ ਸਟੂਡੈਂਟ ਵੈੱਲਫੇਅਰ ਸਮਾਗਮ
ਕੁਲਦੀਪ ਸਿੰਘ
ਨਵੀਂ ਦਿੱਲੀ, 1 ਮਈ
ਦਿੱਲੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵੱਲੋਂ ਸਟੂਡੈਂਟ ਵੈਲਫੇਅਰ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ’ਚ ਸੰਬੋਧਨ ਕਰਦਿਆਂ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਸਰਕਾਰ ਨੂੰ ਐੱਮਸੀਡੀ ਦੀ ਅਗਵਾਈ ਹੇਠ ਸਥਾਪਤ ਇੱਕ ਸਮਰਪਿਤ ਅਥਾਰਟੀ ਅਧੀਨ ਦਿੱਲੀ ਯੂਨੀਵਰਸਿਟੀ ਦੇ ਨੌਰਥ ਕੈਂਪਸ ਨੂੰ ਵਿਕਸਤ ਕਰਨ ਦੀ ਅਪੀਲ ਕੀਤੀ। ਇਹ ਕੈਂਪਸ ਭਾਰਤ ਦੇ ਸਭ ਤੋਂ ਵਧੀਆ ਅਤੇ ਪੁਰਾਣੇ ਕਾਲਜਾਂ ਦਾ ਘਰ ਹੈ ਅਤੇ ਕੈਂਪਸ ਦੀ ਸੰਭਾਲ ਅਤੇ ਵਿਕਾਸ ਲਈ ਜ਼ਿੰਮੇਵਾਰ ਇੱਕ ਸਪੱਸ਼ਟ ਤੌਰ ’ਤੇ ਸੀਮਾਬੱਧ ਅਥਾਰਟੀ ਹੋਣੀ ਚਾਹੀਦੀ ਹੈ।
ਉਨ੍ਹਾਂ ਨੇ ਦਿੱਲੀ ਦੇ ਨਵੇਂ ਚੁਣੇ ਗਏ ਮੇਅਰ ਰਾਜਾ ਇਕਬਾਲ ਸਿੰਘ ਦਾ ਸਵਾਗਤ ਕੀਤਾ ਜੋ 1992 ਬੈਚ ਦੇ ਇਸੇ ਕਾਲਜ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੇ ਹੋਣਹਾਰ ਵਿਦਿਆਰਥੀਆਂ ਲਈ ਸਾਲਾਨਾ ਸਟੂਡੈਂਟ ਵੈਲਫੇਅਰ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕੀਤੀ। ਰਾਜਾ ਇਕਬਾਲ ਸਿੰਘ ਨੇ ਕਾਲਜ ਵਿੱਚ ਵਿਦਿਆਰਥੀ ਨੇਤਾ ਵਜੋਂ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਦਿੱਲੀ ਦੇ ਮੇਅਰ ਵਜੋਂ ਜਨਤਕ ਸੇਵਾ ਦੀ ਉਨ੍ਹਾਂ ਦੀ ਇੱਛਾ ਪੂਰੀ ਹੋਈ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਕਾਦਮਿਕ ਉੱਤਮਤਾ ’ਤੇ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਸਖ਼ਸ਼ੀਅਤ ਦੇ ਸਮੁੱਚੇ ਵਿਕਾਸ ਲਈ ਅਪੀਲ ਕੀਤੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਇੰਦਰਪ੍ਰੀਤ ਸਿੰਘ ਮੋਂਟੀ ਕੋਚਰ ਅਤੇ ਆਤਮਾ ਸਿੰਘ ਲੁਬਾਣਾ, ਜੀ.ਐੱਸ. ਟੁਟੇਜਾ (ਕੰਟਰੋਲਰ ਪ੍ਰੀਖਿਆ, ਦਿੱਲੀ ਯੂਨੀਵਰਸਿਟੀ) ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਪ੍ਰਿੰਸੀਪਲ ਪ੍ਰੋ. ਗੁਰਮੋਹਿੰਦਰ ਸਿੰਘ, ਵਾਈਸ ਪ੍ਰਿੰਸੀਪਲ ਪ੍ਰੋ. ਹਰਬੰਸ ਸਿੰਘ ਅਤੇ ਪ੍ਰੋ. ਧਰਮਿੰਦਰ ਕੁਮਾਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੂਡੈਂਟ ਵੈੱਲਫੇਅਰ ਸਾਲਾਨਾ ਇਨਾਮ ਵੰਡ ਸਮਾਰੋਹ ਦੇ ਕਨਵੀਨਰ ਡਾ. ਜਪਿੰਦਰਜੀਤ ਕੌਰ ਨੇ ਧੰਨਵਾਦੀ ਸ਼ਬਦ ਕਹੇ।