ਆਲੋਚਨਾ ਮਗਰੋਂ ਦਿੱਲੀ ਨਗਰ ਨਿਗਮ ਦੀ ਅੱਖ ਖੁੱਲ੍ਹੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੂਨ
ਮਈ ਮਹੀਨੇ ਦੌਰਾਨ ਪਏ ਭਰਵੇ ਮੀਹਾਂ ਕਾਰਨ ਦਿੱਲੀ ਦੀਆਂ ਸੜਕਾਂ ’ਤੇ ਪਾਣੀ ਭਰਨ ਦੀਆਂ ਘਟਨਾਵਾਂ ਨੂੰ ਲੈ ਕੇ ਦਿੱਲੀ ਦੀਆਂ ਵਿਰੋਧੀ ਪਾਰਟੀਆਂ ਸਣੇ ਦਿੱਲੀ ਦੇ ਲੋਕਾਂ ਵੱਲੋਂ ਭਾਜਪਾ ਦੀ ਕੀਤੀ ਗਈ ਸਖਤ ਆਲੋਚਨਾ ਤੋਂ ਬਾਅਦ ਦਿੱਲੀ ਨਗਰ ਨਿਗਮ ਨੀਂਦ ਤੋਂ ਜਾਗਿਆ ਹੈ। ਦਿੱਲੀ ਨਗਰ ਨਿਗਮ ਵੱਲੋਂ ਰਾਜਧਾਨੀ ਦੇ ਨਾਲੇ ਨਾਲੀਆਂ ਦੀ ਸਫਾਈ ਕਰਨੀ ਸ਼ੁਰੂ ਕੀਤੀ ਗਈ ਹੈ ਅਤੇ ਮੌਨਸੂਨ ਤੋਂ ਪਹਿਲਾਂ-ਪਹਿਲਾਂ ਦਿੱਲੀ ਦੀਆਂ ਉਨ੍ਹਾਂ ਇਲਾਕਿਆਂ ਦੀਆਂ ਨਾਲੀਆਂ ਨੂੰ ਪਹਿਲ ਦੇ ਅਧਾਰ ’ਤੇ ਸਾਫ਼ ਕੀਤਾ ਜਾਵੇਗਾ ਜਿੱਥੇ ਪਾਣੀ ਭਰਨ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।
ਦਿੱਲੀ ਨਗਰ ਨਿਗਮ ਨੂੰ ਆਮ ਆਦਮੀ ਪਾਰਟੀ ਤੋਂ ਖੋਹਣ ਮਗਰੋਂ ਭਾਜਪਾ ’ਤੇ ਵੱਡੀ ਜ਼ਿੰਮੇਵਾਰੀ ਆ ਗਈ ਹੈ ਕਿ ਉਹ ਦਿੱਲੀ ਅੰਦਰ ਪਾਣੀ ਭਰਨ ਦੀਆਂ ਘਟਨਾਵਾਂ ਨੂੰ ਰੋਕੇ। ਭਾਜਪਾ ਸਰਕਾਰ ਨੇ ਐਲਾਨ ਕੀਤਾ ਸੀ ਕਿ ਦਿੱਲੀ ਅੰਦਰ ਪਾਣੀ ਭਰਨ ਦੀ ਸਮੱਸਿਆ ਇਸ ਮੌਨਸੂਨ ਦੌਰਾਨ ਨਹੀਂ ਹੋਵੇਗੀ, ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਆਮ ਆਦਮੀ ਪਾਰਟੀ ਦੀ 10 ਸਾਲ ਦੀ ਕਾਰਗੁਜ਼ਾਰੀ ਉੱਪਰ ਸਵਾਲ ਖੜ੍ਹੇ ਕਰਦੇ ਹੋਏ ਦੋਸ਼ ਲਾਇਆ ਸੀ ਕਿ ਕੇਜਰੀਵਾਲ ਸਰਕਾਰ ਨੇ ਕੇਂਦਰ ਨਾਲ ਸਿਰਫ਼ ਲੜਾਈ ਰੱਖੀ। ਆਪਣੇ ਅਧੀਨ ਆਉਂਦੇ ਖੇਤਰਾਂ ਵਿੱਚ ਕੰਮ ਨਹੀਂ ਕੀਤਾ । ਆਲੋਚਨਾ ਮਗਰੋਂ ਦਿੱਲੀ ਸਰਕਾਰ ਨੇ ਥਾਂ-ਥਾਂ ਤੋਂ ਨਾਲੀਆਂ ਨੂੰ ਸਾਫ ਕਰਨਾ ਸ਼ੁਰੂ ਕਰ ਦਿੱਤਾ ਹੈ। ਓਖਲਾ ਵਿੱਚ ਵੀ ਅੱਜ ਸਫ਼ਾਈ ਹੁੰਦੀ ਦੇਖੀ ਗਈ। ਲੋਕ ਨਿਰਮਾਣ ਵਿਭਾਗ ਦੇ ਹੈਡਕੁਆਰਟਰ ਦੇ ਸਾਹਮਣੇ ਵੀ ਨਗਰ ਨਿਗਮ ਮੁਲਾਜ਼ਮਾਂ ਵੱਲੋਂ ਸੀਵਰ ਦੀ ਸਫ਼ਾਈ ਕੀਤੀ ਗਈ ਤੇ ਪਾਈਪ ਪਾਏ ਜਾ ਰਹੇ ਹਨ।