ਭਾਜਪਾ ਦੀ ਚੋਣ ਗਾਰੰਟੀ ‘ਜਹਾਂ ਝੁੱਗੀ, ਵਹਾਂ ਮਕਾਨ’ ਸਿਰਫ਼ ਜੁਮਲਾ: ਸਿਸੋਦੀਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੂਨ
ਦਿੱਲੀ ਵਿੱਚ ਸੱਤਾ ਵਿੱਚ ਆਉਂਦੇ ਹੀ, ਭਾਜਪਾ ਝੁੱਗੀਆਂ ਵਿੱਚ ਰਹਿਣ ਵਾਲੇ ਗਰੀਬ ਲੋਕਾਂ ਨੂੰ ‘ਜਿੱਥੇ ਝੁੱਗੀ, ਉੱਥੇ ਮਕਾਨ’ ਦੇਣ ਦੇ ਆਪਣੇ ਵਾਅਦੇ ਨੂੰ ਭੁੱਲ ਗਈ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਭਾਜਪਾ ਵੱਲੋਂ ‘ਜਿੱਥੇ ਝੁੱਗੀ, ਉੱਥੇ ਮਕਾਨ’ ਦੇਣ ਦੀ ਦਿੱਤੀ ਗਈ ਚੋਣ ਗਾਰੰਟੀ ਵੀ ਇੱਕ ਚਾਲ ਸਾਬਤ ਹੋਈ। ਦਿੱਲੀ ਦੇ ਮਜ਼ਦੂਰਾਂ, ਘਰੇਲੂ ਕਾਮਿਆਂ, ਰਿਕਸ਼ਾ ਚਾਲਕਾਂ ਅਤੇ ਦਿਹਾੜੀਦਾਰ ਮਜ਼ਦੂਰਾਂ ਦੀਆਂ ਝੁੱਗੀਆਂ, ਜਿਨ੍ਹਾਂ ਦੀ ਮਿਹਨਤ ਦੇਸ਼ ਦੀ ਰਾਜਧਾਨੀ ਨੂੰ ਚਲਾਉਂਦੀ ਹੈ, ਨੂੰ ਅੱਜ ਬੁਲਡੋਜ਼ਰ ਹੇਠ ਬੇਰਹਿਮੀ ਨਾਲ ਕੁਚਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਵੱਲੋਂ ਚੁਣੇ ਗਏ ਭਾਜਪਾ ਵਿਧਾਇਕ ਕਿੱਥੇ ਹਨ। ਨਾ ਕੋਈ ਜਵਾਬ ਮਿਲ ਰਿਹਾ ਹੈ, ਨਾ ਹੀ ਜ਼ਮੀਨ ’ਤੇ ਕੋਈ ਦਿਖਾਈ ਦੇ ਰਿਹਾ ਹੈ। ਝੁੱਗੀਆਂ ਵਿੱਚ ਦਿੱਤੀਆਂ ਜਾਣ ਵਾਲੀਆਂ ਬਿਜਲੀ ਅਤੇ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਨੂੰ ਤਾਂ ਛੱਡ ਦਿਓ, ਹੁਣ ਉਨ੍ਹਾਂ ਤੋਂ ਮਿਹਨਤ ਨਾਲ ਬਣਾਈ ਗਈ ਛੱਤ ਵੀ ਖੋਹ ਲਈ ਗਈ ਹੈ। ਕੀ ਇਹ ‘ਸਬਕਾ ਸਾਥ, ਸਬਕਾ ਵਿਕਾਸ’ ਤਾਂ ਨਹੀਂ। ਭਾਜਪਾ ਸਰਕਾਰ ਵੱਲੋਂ ਜੰਗਪੁਰਾ ਵਿਧਾਨ ਸਭਾ ਵਿੱਚ ਸਥਿਤ ਮਦਰਾਸੀ ਕੈਂਪ ਨੂੰ ਬੁਲਡੋਜ਼ਰ ਨਾਲ ਢਾਹ ਦੇਣ ਤੋਂ ਬਾਅਦ, ਉੱਥੇ ਰਹਿਣ ਵਾਲੇ ਲੋਕ ਕਹਿੰਦੇ ਹਨ ਕਿ ਉਹ 50 ਤੋਂ 55 ਸਾਲਾਂ ਤੋਂ ਇੱਥੇ ਰਹਿ ਰਹੇ ਹਨ। ਹੁਣ ਉਹ ਕਿੱਥੇ ਜਾਣ। ਉਨ੍ਹਾਂ ਨੇ ਇੱਥੇ ਦੂਜੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਬਹੁਤ ਮਿਹਨਤ ਨਾਲ ਆਪਣੇ ਘਰ ਬਣਾਏ ਸਨ। 2010 ਵਿੱਚ ਵੀ ਘਰ ਢਾਹ ਦਿੱਤੇ ਗਏ ਸਨ। ਸਾਨੂੰ ਉਸ ਸਮੇਂ ਹੀ ਬੇਦਖ਼ਲ ਕਰ ਦੇਣਾ ਚਾਹੀਦਾ ਸੀ। ਝੁੱਗੀ-ਝੌਂਪੜੀਆਂ ਵਾਲਿਆਂ ਨੇ ਭਾਜਪਾ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ ‘ਜਹਾਂ ਝੁੱਗੀ ਵਹਾਂ ਮਕਾਨ’ ਕਾਰਡ ਦਿਖਾਇਆ ਅਤੇ ਕਿਹਾ ਕਿ ਇਹ 2,500 ਰੁਪਏ ਅਤੇ ‘ਜਹਾਂ ਝੁੱਗੀ ਵਹਾਂ ਮਕਾਨ’ ਦੇਣ ਦਾ ਕਾਰਡ ਹੈ। ਜੰਗਪੁਰਾ ਸੀਟ ਤੋਂ ਵਿਧਾਇਕ ਤਰਵਿੰਦਰ ਸਿੰਘ ਮਰਵਾਹ ਇੱਥੇ ਝੁੱਗੀ-ਝੌਂਪੜੀ ਵਾਲਿਆਂ ਦੀ ਹਾਲਤ ਦੇਖਣ ਨਹੀਂ ਆਏ। ਝੁੱਗੀਆਂ ਵਾਲਿਆਂ ਨੇ ਕਿਹਾ ਮਰਵਾਹ ਦਾ ਪੁੱਤਰ ਵੀ ਭਾਜਪਾ ਦਾ ਆਗੂ ਹੈ ਪਰ ਉਹ ਵੀ ਕਿਤੇ ਨਹੀਂ ਦਿਖਿਆ। ਤਰਵਿੰਦਰ ਮਰਵਾਹ ਦਾ ਫੋਨ ਬੰਦ ਸੀ ਤੇ ਉਨ੍ਹਾਂ ਦੇ ਭਾਜਪਾ ਕੌਂਸਲਰ ਪੁੱਤਰ ਅਰਜੁਨ ਸਿੰਘ ਮਰਵਾਹ ਨੇ ਕਿਹਾ ਹਾਈ ਕੋਰਟ ਦੇ ਹੁਕਮ ਸਨ ਅਤੇ ਮਕਾਨ ਬਾਰਾਪੁੱਲਾ ਨਾਲੇ ਉਪਰ ਆਉਂਦੇ ਸਨ।