ਅੰਤਰਰਾਸ਼ਟਰੀ ਯੋਗ ਉਤਸਵ ਦੀਆਂ ਤਿਆਰੀਆਂ ਦਾ ਜਾਇਜ਼ਾ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 3 ਜੂਨ
ਹਰਿਆਣਾ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜ ਪਾਲ ਨੇ ਕਿਹਾ ਹੈ ਕਿ 21 ਜੂਨ ਨੂੰ ਕੁਰੂਕਸ਼ੇਤਰ ਦੇ ਬ੍ਰਹਮ ਸਰੋਵਰ ਤੇ ਮੇਲਾ ਖੇਤਰ ਵਿਚ ਹੋਣ ਵਾਲੇ ਅੰਤਰਰਾਸ਼ਟਰੀ ਯੋਗ ਉਤਸਵ ਵਿੱਚ ਕਈ ਨਵੇਂ ਰਿਕਾਰਡ ਸਥਾਪਤ ਹੋਣਗੇ। ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਤੌਰ ਮੁੱਖ ਮਹਿਮਾਨ ਤੇ ਯੋਗ ਗੁਰੂ ਸੁਆਮੀ ਰਾਮ ਦੇਵ ਇਸ ਉਤਸਵ ਦੀ ਪ੍ਰਧਾਨਗੀ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਵਾਰ ਇਕ ਲੱਖ ਯੋਗ ਅਭਿਆਸੀ ਬ੍ਰਹਮ ਸਰੋਵਰ ਤੇ ਮੇਲਾ ਖੇਤਰ ਨੂੰ 100 ਸੈਕਟਰਾਂ ਵਿਚ ਵੰਡ ਕੇ ਇਕੱਠੇ ਯੋਗ ਕਰਕੇ ਇਕ ਰਿਕਾਰਡ ਕਾਇਮ ਕਰਨਗੇ। ਉਹ ਇਸ ਸਬੰਧੀ ਅਧਿਕਾਰੀਆਂ ਨਾਲ ਤਿਆਰੀਆਂ ਦੀ ਸਮੀਖਿਆ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨਾਂ ਨੇ ਪਿਪਲੀ ਪੈਰਾਕੀਟ ਵਿੱਚ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਯਾਦਗਾਰੀ ਬਣਾਉਣ ਲਈ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਨਾਲ ਵੀ ਚਰਚਾ ਕੀਤੀ। ਇਸ ਤੋਂ ਬਾਅਦ ਏਸੀਆਰ ਸੁਧੀਰ ਰਾਜ ਪਾਲ, ਸੁਭਾਸ਼ ਸੁਧਾ, ਡਿਪਟੀ ਕਮਿਸ਼ਨਰ ਨੇਹਾ ਸਿੰਘ, ਜਿਲਾ ਪੁਲੀਸ ਕਪਤਾਨ ਨਿਤੀਸ਼ ਅਗਰਵਾਲ, ਹਰਿਆਣਾ ਯੋਗ ਕਮਿਸ਼ਨ ਦੇ ਚੇਅਰਮੈਨ ਡਾ. ਜੈਦੀਪ ਆਰੀਆ ਨੇ ਬ੍ਰਹਮ ਸਰੋਵਰ ਤੇ ਮੇਲਾ ਮੈਦਾਨ ਦਾ ਨਿਰੀਖਣ ਕੀਤਾ। ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਚੰਗੇ ਯੋਗ ਕਰਨ ਵਾਲੇ ਤੇ ਯੋਗ ਦੀ ਸੇਵਾ ਭਾਵਨਾ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਲ ਕੀਤਾ ਜਾਏਗਾ। ਇਸ ਯੋਗ ਮਹਾਂਉਤਸਵ ਵਿੱਚ ਆਮ ਲੋਕਾਂ ਤੋਂ ਇਲਾਵਾ ਸਕੂਲੀ ਵਿਦਿਆਰਥੀ ਵੀ ਹਿੱਸਾ ਲੈਣਗੇ। ਇਸ ਮੌਕੇ ਉਨ੍ਹਾਂ ਡੀਸੀ ਅਤੇ ਪੁਲੀਸ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।
ਐੱਨਸੀਸੀ ਯੂਨਿਟ ਵੱਲੋਂ ਯੋਗ ਵਰਕਸ਼ਾਪ
ਸ਼ਾਹਬਾਦ ਮਾਰਕੰਡਾ: ਆਰੀਆ ਕੰਨਿਆ ਕਾਲਜ ਵਿੱਚ ਵਣ ਹਰਿਆਣਾ ਗਰਲਜ ਬਟਾਲੀਅਨ ਅੰਬਾਲਾ ਛਾਉਣੀ ਦੇ ਨਿਰਦੇਸ਼ਨ ਹੇਠ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਦੀ ਤਿਆਰੀ ਲਈ ਕਾਲਜ ਦੀ ਐੱਨਸੀਸੀ ਯੂਨਿਟ ਵੱਲੋਂ ਯੋਗਾ ਵਰਕਸ਼ਾਪ ਲਾਈ ਗਈ। ਇਸ ਮੌਕੇ ਐੱਮਐੰਨ ਕਾਲਜ ਦੇ ਸਹਾਇਕ ਐੱਨਸੀਸੀ ਅਧਿਕਾਰੀ ਤੇ ਕੈਮਿਸਟਰੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਲੈਫਟੀਨੈਂਟ ਡਾ਼ ਸੁਰੇਸ਼ ਕੁਮਾਰ ਬਤੌਰ ਮੁੱਖ ਬੁਲਾਰੇ ਮੌਜੂਦ ਸਨ। ਇਨ੍ਹਾਂ ਨੇ ਕੈਡੇਟਾਂ ਨੂੰ ਯੋਗ ਬਾਰੇ ਜਾਣਕਾਰੀ ਦਿੱਤੀ। ਕਾਲਜ ਦੀ ਪ੍ਰਿੰਸੀਪਲ ਡਾ.ਆਰਤੀ ਤਰੇਹਨ ਨੇ ਮੁੱਖ ਬੁਲਾਰਿਆਂ ਦਾ ਸਵਾਗਤ ਕੀਤਾ। ਕਾਲਜ ਦੀਆਂ 30 ਐੱਨਸੀਸੀ ਕੈਡੇਟਾਂ ਨੇ ਯੋਗ ਆਸਣ ਕੀਤੇ। ਇਸ ਮੌਕੇ ਬਲਵਿੰਦਰ, ਰੋਸ਼ਨ ਸਰਸਵਤੀ ਮੌਜੂਦ ਸਨ।