ਡੇਰਾ ਮੁਖੀ ਨੂੰ ਦੋਸ਼ੀ ਠਹਿਰਾਉਣ ਸਮੇਂ ਹਿੰਸਾ ਕੇਸ ’ਚੋਂ 29 ਬਰੀ
ਟ੍ਰਿਬਿਊਨ ਨਿਊਜ਼ ਸਰਵਿਸ
ਪੰਚਕੂਲਾ, 12 ਅਪਰੈਲ
ਇਥੋਂ ਦੀ ਅਦਾਲਤ ਨੇ 2017 ’ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜਬਰ ਜਨਾਹ ਦੇ ਕੇਸ ’ਚ ਦੋਸ਼ੀ ਠਹਿਰਾਏ ਜਾਣ ਮਗਰੋਂ ਪੰਚਕੂਲਾ ’ਚ ਹੋਏ ਦੰਗਿਆਂ ਨਾਲ ਸਬੰਧਤ ਦੇਸ ’ਚ 29 ਜਣਿਆਂ ਨੂੰ ਬਰੀ ਕਰ ਦਿੱਤਾ ਗਿਆ ਹੈ। ਦੰਗਿਆਂ ’ਚ 40 ਤੋਂ ਵੱਧ ਵਿਅਕਤੀਆਂ ਦੀ ਮੌਤ ਹੋਈ ਸੀ ਅਤੇ ਪੰਚਕੂਲਾ ’ਚ ਇਸ ਸਬੰਧੀ 152 ਕੇਸ ਦਰਜ ਕੀਤੇ ਗਏ ਸਨ ਪਰ ਕਿਸੇ ਵੀ ਮਾਮਲੇ ’ਚ ਦੋਸ਼ ਸਾਬਤ ਨਹੀਂ ਹੋਏ ਹਨ।
ਮੌਜੂਦਾ ਮਾਮਲੇ ’ਚ ਐੱਫਆਈਆਰ ਸੀਮਾ ਸੁਰਕਸ਼ਾ ਬਲ (ਐੱਸਐੱਸਬੀ) ਦੇ ਅਸਿਸਟੈਂਟ ਕਮਾਂਡੈਂਟ ਸੰਤੋਸ਼ ਪੰਡਿਤ ਦੀ ਸ਼ਿਕਾਇਤ ’ਤੇ 26 ਅਗਸਤ ਨੂੰ ਦਰਜ ਕੀਤੀ ਗਈ ਸੀ। ਸ਼ਿਕਾਇਤ ਅਨੁਸਾਰ ਐੱਸਐੱਸਬੀ ਦੇ 40 ਜਵਾਨ ਅਮਨ ਤੇ ਕਾਨੂੰਨ ਦੀ ਸਥਿਤੀ ਕੰਟਰੋਲ ਕਰਨ ਲਈ ਪੰਚਕੂਲਾ ਦੇ ਸੈਕਟਰ-2 ਸਥਿਤ ਹੈਫੇਡ ਚੌਕ ’ਚ ਤਾਇਨਾਤ ਸਨ। ਭੀੜ ਨੂੰ ਕੰਟਰੋਲ ਕਰਨ ਸਮੇਂ ਰਾਮ ਰਹੀਮ ਦੇ ਪੈਰੋਕਾਰਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਐੱਸਐੱਸਬੀ ਕੰਪਨੀ ਦੇ ਸੱਤ ਜਵਾਨ ਜ਼ਖ਼ਮੀ ਹੋ ਗਏ। ਮੁਲਜ਼ਮਾਂ ਖ਼ਿਲਾਫ਼ ਦੰਗੇ ਕਰਨ, ਸਰਕਾਰੀ ਮੁਲਾਜ਼ਮਾਂ ’ਤੇ ਹਮਲਾ, ਧਾਰਾ 144 ਦੀ ਉਲੰਘਣਾ, ਅਪਰਾਧਿਕ ਸਾਜ਼ਿਸ਼ ਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਕਾਨੂੰਨ ਤਹਿਤ ਦੋਸ਼ ਤੈਅ ਕੀਤੇ ਗਏ ਸਨ। ਪੰਚਕੂਲਾ ਦੇ ਚੀਫ ਜੁਡੀਸ਼ਲ ਮੈਜਿਸਟਰੇਟ ਅਜੈ ਕੁਮਾਰ ਨੇ ਕਿਹਾ ਕਿ ਇਨ੍ਹਾਂ ’ਚੋਂ ਕਿਸੇ ਵੀ ਗਵਾਹ ਨੇ ਮੁਲਜ਼ਮਾਂ ਦੀ ਪਛਾਣ ਹਮਲਾਵਰਾਂ ਜਾਂ 25, ਅਗਸਤ 2017 ਨੂੰ ਕੋਈ ਭੰਨ-ਤੋੜ ਜਾਂ ਅੱਗਜ਼ਨੀ ਕਰਨ ਵਾਲੇ ਵਿਅਕਤੀ ਵਜੋਂ ਨਹੀਂ ਕੀਤੀ। ਲੰਘੀ 9 ਅਪਰੈਲ ਨੂੰ ਸੁਣਾਏ ਆਪਣੇ ਫ਼ੈਸਲੇ ’ਚ ਅਦਾਲਤ ਨੇ ਕਿਹਾ ਕਿ ਅਜਿਹਾ ਕੋਈ ਸਿੱਧਾ ਸਬੂਤ ਨਹੀਂ ਹੈ ਜੋ ਮੁਲਜ਼ਮਾਂ ਦਾ ਕਥਿਤ ਅਪਰਾਧ ਨਾਲ ਸਬੰਧ ਸਾਬਤ ਕਰਦਾ ਹੋਵੇ।