ਵਿਦਿਆਰਥਣਾਂ ਨਾਲ ਛੇੜਖਾਨੀ ਮਾਮਲੇ ’ਚ ਅਧਿਆਪਕ ਬਰੀ
ਰਵਿੰਦਰ ਰਵੀ
ਬਰਨਾਲਾ, 16 ਅਪਰੈਲ
ਸਕੂਲੀ ਵਿਦਿਆਰਥਣਾਂ ਨਾਲ ਛੇੜਖਾਨੀ ਅਤੇ ਗ਼ਲਤ ਭਾਸ਼ਾ ਦਾ ਇਸਤੇਮਾਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਧਿਆਪਕ ਹਰਮੀਤ ਸਿੰਘ ਨੂੰ ਅਦਾਲਤ ਵੱਲੋਂ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਜੁਡੀਸ਼ਲ ਮੈਜਿਸਟਰੇਟ ਫਸਟ ਕਲਾਸ ਅਨੁਪਮ ਗੁਪਤਾ ਵੱਲੋਂ ਸੁਣਾਇਆ ਗਿਆ। ਅਧਿਆਪਕ ਦੇ ਵਕੀਲ ਧੀਰਜ ਕੁਮਾਰ ਨੇ ਦੱਸਿਆ ਕਿ 24 ਜਨਵਰੀ 2020 ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਰਬਜੀਤ ਸਿੰਘ ਤੂਰ ਦੀ ਸ਼ਿਕਾਇਤ ’ਤੇ ਸਰਕਾਰੀ ਸਕੂਲ ’ਚ ਪੜ੍ਹਾਉਂਦੇ ਸਾਇੰਸ ਅਧਿਆਪਕ ਹਰਮੀਤ ਸਿੰਘ ਖ਼ਿਲਾਫ਼ ਥਾਣਾ ਟੱਲੇਵਾਲ ਵਿੱਚ ਸਕੂਲੀ ਵਿਦਿਆਰਥਣਾਂ ਨਾਲ ਛੇੜਛਾੜ ਅਤੇ ਗਲਤ ਭਾਸ਼ਾ ਵਰਤਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਸੀ। ਵਕੀਲ ਨੇ ਦੱਸਿਆ ਕਿ ਪੁਲੀਸ ਵੱਲੋਂ ਪੇਸ਼ ਕੀਤੇ ਚਲਾਨ ਅਨੁਸਾਰ ਵਿਦਿਆਰਥਣਾਂ ਨਾਲ ਛੇੜਛਾੜ ਕੀਤੀ ਗਈ ਸੀ ਪਰ ਕਿਹੜੀਆਂ ਵਿਦਿਆਰਥਣਾਂ ਨਾਲ ਕੀਤੀ ਗਈ ਹੈ, ਇਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਸੇਵਾਮੁਕਤ ਹੋ ਚੁੱਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਰਬਜੀਤ ਸਿੰਘ ਤੂਰ ਨੇ ਵੀ ਅਦਾਲਤ ’ਚ ਮੰਨਿਆ ਕਿ ਘਟਨਾ ਉਨ੍ਹਾਂ ਦੇ ਸਾਹਮਣੇ ਨਹੀਂ ਹੋਈ। ਜਥੇਬੰਦੀਆਂ ਵੱਲੋਂ ਲਾਏ ਧਰਨੇ ਅਤੇ ਸਕੂਲ ਦੀਆਂ ਦੋ ਅਧਿਆਪਕਾਵਾਂ ਵੱਲੋਂ ਦੱਸਣ ’ਤੇ ਸ਼ਿਕਾਇਤ ਕੀਤੀ ਗਈ ਸੀ। ਵਕੀਲ ਧੀਰਜ ਕੁਮਾਰ ਨੇ ਦਲੀਲ ਦਿੱਤੀ ਸੀ ਕਿ ਗਵਾਹਾਂ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ। ਕਿਸੇ ਵੀ ਬੱਚੇ ਨੇ ਅਦਾਲਤ ਵਿੱਚ ਆ ਕੇ ਇਸ ਤਰ੍ਹਾਂ ਦਾ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਕਿਸੇ ਅਧਿਆਪਕ ਜਾਂ ਬੱਚੇ ਨੇ ਇਹ ਦੱਸਿਆ ਹੈ ਕਿ ਕਿਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ ਅਤੇ ਛੇੜਖਾਨੀ ਕਦੋਂ ਕੀਤੀ ਗਈ ਸੀ। ਇਨ੍ਹਾਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਮੁਲਜ਼ਮ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ।