ਪੰਜਾਬ ਤੇ ਹਰਿਆਣਾ ’ਚ ਮੀਂਹ ਨੇ ਕਿਸਾਨ ਚਿੰਤਾ ’ਚ ਡੋਬੇ
ਆਤਿਸ਼ ਗੁਪਤਾ
ਚੰਡੀਗੜ੍ਹ, 12 ਅਪਰੈਲ
ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਲੰਘੇ ਦਿਨ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਕਿਸਾਨਾਂ ਨੂੰ ਆਪਣੀਆਂ ਪੱਕੀਆਂ ਫ਼ਸਲਾਂ ’ਤੇ ਪਾਣੀ ਫਿਰਨ ਦਾ ਡਰ ਸਤਾਉਣ ਲੱਗਾ ਹੈ। ਅੱਜ ਬਾਅਦ ਦੁਪਹਿਰ ਪੰਜਾਬ ਦੇ ਪੁਆਧ ਖੇਤਰ ਮੁਹਾਲੀ, ਰੂਪਨਗਰ ਅਤੇ ਆਲੇ-ਦੁਆਲੇ ਮੱਧਮ ਮੀਂਹ ਪਿਆ, ਜਿਸ ਕਰ ਕੇ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ। ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਮੀਂਹ ਤੇ ਤੇਜ਼ ਹਵਾਵਾਂ ਕਾਰਨ ਕਣਕ ਦੀਆਂ ਪੱਕੀਆਂ ਖੜ੍ਹੀਆਂ ਧਰਤੀ ’ਤੇ ਵਿਛ ਗਈਆਂ ਹਨ। ਉੱਧਰ, ਮੌਸਮ ਵਿਭਾਗ ਨੇ 16 ਅਪਰੈਲ ਤੋਂ ਗਰਮੀ ਵੱਲੋਂ ਮੁੜ ਜ਼ੋਰ ਫੜੇ ਜਾਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 16 ਤੇ 17 ਅਪਰੈਲ ਨੂੰ ਵਾਧੂ ਗਰਮੀ ਪੈਣ ਸਬੰਧੀ ਯੈੱਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਅੰਮ੍ਰਿਤਸਰ ਵਿੱਚ 4.4 ਮਿਲੀਮੀਟਰ, ਗੁਰਦਾਸਪੁਰ ਵਿੱਚ 1.9, ਪਠਾਨਕੋਟ ਵਿੱਚ 2.5, ਰੋਪੜ ਵਿੱਚ 9 ਅਤੇ ਪਟਿਆਲਾ ਵਿੱਚ 0.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ 10 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਦੌਰਾਨ ਚੱਲੀਆਂ ਤੇਜ਼ ਹਵਾਵਾਂ ਨੇ ਖੇਤਾਂ ਵਿੱਚ ਪੱਕੀਆਂ ਖੜ੍ਹੀਆਂ ਫ਼ਸਲਾਂ ਵਿਛਾ ਦਿੱਤੀਆਂ। ਮੀਂਹ ਤੇ ਤੇਜ਼ ਹਵਾਵਾਂ ਕਰ ਕੇ ਕਿਸਾਨਾਂ ਦੇ ਸਾਹ ਸੂਤੇ ਗਏ। ਮੀਂਹ ਕਰ ਕੇ ਖੇਤਾਂ ਵਿੱਚ ਤਿਆਰ ਖੜ੍ਹੀ ਕਣਕ ਦੀ ਫ਼ਸਲ ਦੀ ਵਾਢੀ ਵੀ ਪ੍ਰਭਾਇਵਤ ਹੋਵੇਗੀ ਜੋ ਕਿ ਹੁਣ ਦੋ ਤੋਂ ਤਿੰਨ ਦਿਨ ਪੱਛੜ ਜਾਵੇਗੀ।
ਮੀਂਹ ਤੇ ਠੰਢੀਆਂ ਹਵਾਵਾਂ ਕਰ ਕੇ ਤਾਪਮਾਨ ਡਿੱਗਿਆ
ਪੰਜਾਬ ਵਿੱਚ ਪਏ ਮੀਂਹ ਨਾਲ ਤਾਪਮਾਨ ਡਿੱਗਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਅੰਮ੍ਰਿਤਸਰ ’ਚ ਵੱਧ ਤੋਂ ਵੱਧ ਤਾਪਮਾਨ 33.5 ਡਿਗਰੀ, ਲੁਧਿਆਣਾ ਵਿੱਚ 35.5, ਪਟਿਆਲਾ ਵਿੱਚ 34, ਪਠਾਨਕੋਟ ਵਿੱਚ 33.9, ਬਠਿੰਡਾ ਵਿੱਚ 34.6, ਗੁਰਦਾਸਪੁਰ ਵਿੱਚ 33, ਨਵਾਂ ਸ਼ਹਿਰ ਵਿੱਚ 29.9, ਫਤਹਿਗੜ੍ਹ ਸਾਹਿਬ ਵਿੱਚ 33.5, ਫਿਰੋਜ਼ਪੁਰ ਵਿੱਚ 34.2, ਹੁਸ਼ਿਆਰਪੁਰ ਵਿੱਚ 33.3, ਜਲੰਧਰ ਵਿੱਚ 33.9, ਮੁਹਾਲੀ ਵਿੱਚ 33.3, ਰੋਪੜ ਵਿੱਚ ਤਾਪਮਾਨ 32.6 ਡਿਗਰੀ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ’ਚ ਵੱਧ ਤੋਂ ਵੱਧ ਤਾਪਮਾਨ 32.3 ਡਿਗਰੀ ਦਰਜ ਕੀਤਾ ਗਿਆ।