ਨਕਲੀ ਨੋਟ ਬਣਾਉਣ ਦੇ ਦੋਸ਼ ਹੇਠ ਚਾਰ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਫਰੀਦਾਬਾਦ, 6 ਅਪਰੈਲ
ਕ੍ਰਾਈਮ ਬ੍ਰਾਂਚ ਐਨਆਈਟੀ ਦੀ ਟੀਮ ਨੇ ਪੰਜਾਬ ਦੇ ਖੰਨਾ ਤੋਂ 4 ਮੁਲਜ਼ਮਾਂ ਨੂੰ 6 ਲੱਖ ਰੁਪਏ ਦੇ 500 ਰੁਪਏ ਦੇ ਨਕਲੀ ਨੋਟਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। 31 ਮਾਰਚ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ 500 ਰੁਪਏ ਦੇ 388 ਨਕਲੀ ਨੋਟਾਂ ਨਾਲ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਸਬੰਧ ਵਿੱਚ ਚਾਰੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜੋ ਪੁਲੀਸ ਦੀ ਗ੍ਰਿਫ਼ਤ ਤੋਂ ਦੂਰ ਭੱਜਦੇ ਦਿਖਾਈ ਦੇ ਰਹੇ ਸਨ।
31 ਮਾਰਚ ਦੀ ਰਾਤ ਨੂੰ ਕ੍ਰਾਈਮ ਬ੍ਰਾਂਚ ਐੱਨਆਈਟੀ ਦੀ ਟੀਮ ਨੇ ਆਈਐੱਮਟੀ ਫਰੀਦਾਬਾਦ ਤੋਂ ਯੋਗੇਸ਼ ਵਾਸੀ ਮਹਾਵੀਰ ਕਲੋਨੀ ਬੱਲਭਗੜ੍ਹ ਅਤੇ ਵਿਸ਼ਨੂੰ ਵਾਸੀ ਪਿੰਡ ਸੁਨਹੇੜਾ ਭਰਤਪੁਰ ਰਾਜਸਥਾਨ ਨੂੰ 500 ਰੁਪਏ ਦੇ ਨਕਲੀ ਨੋਟਾਂ ਸਣੇ ਗ੍ਰਿਫ਼ਤਾਰ ਕੀਤਾ ਸੀ। ਯੋਗੇਸ਼ ਕੋਲੋਂ 1 ਲੱਖ ਰੁਪਏ ਦੇ 500-500 ਦੇ 200 ਨਕਲੀ ਨੋਟ ਅਤੇ ਵਿਸ਼ਨੂੰ ਕੋਲੋਂ 94 ਹਜ਼ਾਰ ਰੁਪਏ ਦੇ 500-500 ਦੇ 188 ਨਕਲੀ ਨੋਟ ਬਰਾਮਦ ਕੀਤੇ ਗਏ ਹਨ। ਥਾਣਾ ਸਦਰ ਬੱਲਭਗੜ੍ਹ ਵਿੱਚ ਇਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਹੁਣ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਸੌਰਭ, ਪ੍ਰਗਟ ਅਤੇ ਸ਼ੁਭਮ ਉਰਫ ਸ਼ਿਵਾ ਨੂੰ ਗ੍ਰਿਫਤਾਰ ਕਰਕੇ ਪੁਲੀਸ ਰਿਮਾਂਡ ‘ਤੇ ਲਿਆ ਸੀ। ਸ਼ੁਭਮ ਉਰਫ਼ ਸ਼ਿਵਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਅਤੇ ਰਾਜੇਸ਼ ਉਰਫ਼ ਬਬਲੂ ਵਾਸੀ ਗੁਰੂ ਹਰਿਕ੍ਰਿਸ਼ਨ ਕਲੋਨੀ, ਖੰਨਾ ਪੰਜਾਬ ਮਿਲ ਕੇ ਜਾਅਲੀ ਨੋਟ ਬਣਾਉਂਦੇ ਹਨ। ਰਾਜੇਸ਼ ਨੂੰ ਖੰਨਾ (ਪੰਜਾਬ) ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਕੋਲੋਂ 6 ਲੱਖ ਰੁਪਏ ਦੇ ਨਕਲੀ ਨੋਟਾਂ ਸਣੇ ਇੱਕ ਲੈਪਟਾਪ, ਪ੍ਰਿੰਟਿੰਗ ਮਸ਼ੀਨ, ਨਕਲੀ ਨੋਟ ਬਣਾਉਣ ਲਈ ਡਾਈ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਮਾਮਲੇ ਸਬੰਧੀ ਪੁੱਛਗਿੱਛ ਜਾਰੀ ਹੈ।