ਸੈਣੀ ਵੱਲੋੋਂ ਪ੍ਰਧਾਨ ਮੰਤਰੀ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ
ਪੱਤਰ ਪ੍ਰੇਰਕ
ਯਮੁਨਾਨਗਰ, 6 ਅਪਰੈਲ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 14 ਅਪਰੈਲ ਨੂੰ ਯਮੁਨਾਨਗਰ ਹੋਣ ਵਾਲੀ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਿੰਡ ਕੈਲ ਪਹੁੰਚੇ । ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ‘ਵਿਕਸਤ ਭਾਰਤ ਵਿਕਸਤ ਹਰਿਆਣਾ’ ਮੁਹਿੰਮ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਅਪਰੈਲ ਨੂੰ ਮਹਾਰਾਜਾ ਅਗਰਸੇਨ ਹਵਾਈ ਅੱਡਾ ਦੇਸ਼ ਦੇ ਲੋਕਾਂ ਨੂੰ ਸਮਰਪਿਤ ਕਰਨਗੇ । ਇਸ ਦੇ ਨਾਲ ਹੀ ਉਹ ਆਉਣ ਵਾਲੇ ਸਮੇਂ ਵਿੱਚ ਵੱਧ ਰਹੀ ਬਿਜਲੀ ਦੀ ਮੰਗ ਦੇ ਮੱਦੇਨਜ਼ਰ ਯਮੁਨਾਨਗਰ ਵਿੱਚ 800 ਮੈਗਾਵਾਟ ਵਾਲੇ ਥਰਮਲ ਯੂਨਿਟ ਦਾ ਨੀਂਹ ਪੱਥਰ ਵੀ ਰੱਖਣਗੇ। ਉਨ੍ਹਾਂ ਕਿਹਾ ਕਿ ਯਮੁਨਾਨਗਰ ਵਿੱਚ ਸਥਾਪਤ ਹੋਣ ਵਾਲੇ 800 ਮੈਗਾਵਾਟ ਥਰਮਲ ਯੂਨਿਟ ਦੇ ਨਿਰਮਾਣ ‘ਤੇ 7272 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਦਾ ਨਿਰਮਾਣ ਵੀ ਜਲਦੀ ਹੀ ਪੂਰਾ ਹੋ ਜਾਵੇਗਾ । ਮੁੱਖ ਮੰਤਰੀ ਨੇ ਵੀਆਈਪੀ ਗੈਲਰੀ, ਮੀਡੀਆ ਗੈਲਰੀ, ਪਾਰਕਿੰਗ, ਪੀਣ ਵਾਲੇ ਪਾਣੀ ਸਣੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਕੋਲ ਕਹਿਣ ਲਈ ਕੁਝ ਨਹੀਂ ਹੈ, ਵਿਰੋਧੀ ਧਿਰ ਦੇ ਆਗੂ ਕੋਈ ਨਾ ਕੋਈ ਝੂਠ ਬੋਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹਰਿਆਣਾ ਵਿੱਚ ਜ਼ੀਰੋ ’ਤੇ ਆਊਟ ਹੈ, ਦਿੱਲੀ ਵਿੱਚ ਵੀ ਜ਼ੀਰੋ ’ਤੇ ਆਊਟ ਹੈ । ਹਰਿਆਣਾ ਵਿੱਚ ਟ੍ਰਿਪਲ ਇੰਜਣ ਸਰਕਾਰ ਬਣੀ ਹੈ, ਜਿਸ ਨੇ ਵਿਕਾਸ ਨੂੰ ਹੁਲਾਰਾ ਦਿੱਤਾ ਹੈ। ਪ੍ਰਧਾਨ ਮੰਤਰੀ ਦੇ ਯਮੁਨਾਨਗਰ ਦੌਰੇ ਨਾਲ ਇਸ ਰਫ਼ਤਾਰ ਨੂੰ ਹੋਰ ਹੁਲਾਰਾ ਮਿਲੇਗਾ। ਇਸ ਮੌਕੇ ਖੇਤੀ ਮੰਤਰੀ ਸ਼ਿਆਮ ਸਿੰਘ ਰਾਣਾ, ਯਮੁਨਾਨਗਰ ਦੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ, ਰੈਲੀ ਕਨਵੀਨਰ ਕੰਵਰਪਾਲ, ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ, ਅੰਬਾਲਾ ਮੰਡਲ ਦੇ ਕਮਿਸ਼ਨਰ ਅੰਸ਼ਜ ਸਿੰਘ ਮੌਜੂਦ ਸਨ।