ਗੁਰਦੁਆਰਾ ਗੋਬਿੰਦ ਘਾਟ ’ਤੇ ਟੁੱਟਿਆ ਪੁਲ 10 ਤੱਕ ਹੋਵੇਗਾ ਤਿਆਰ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 31 ਮਾਰਚ
ਉੱਤਰਾਖੰਡ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਯਾਤਰਾ ਮਾਰਗ ਵਿੱਚ ਪਹਾੜ ਤੋਂ ਮਲਬਾ ਡਿੱਗਣ ਕਾਰਨ ਗੁਰਦੁਆਰਾ ਗੋਬਿੰਦ ਘਾਟ ’ਤੇ ਟੁੱਟੇ ਪੁਲ ਦੀ ਮੁੜ ਉਸਾਰੀ ਦਾ ਕੰਮ ਜਾਰੀ ਹੈ। ਉਮੀਦ ਹੈ ਕਿ 10 ਅਪਰੈਲ ਤੋਂ ਪਹਿਲਾਂ ਇਹ ਪੁਲ ਤਿਆਰ ਹੋ ਜਾਵੇਗਾ। ਗੁਰਦੁਆਰਾ ਹੇਮਕੁੰਟ ਸਾਹਿਬ ਦੇ ਆਲੇ-ਦੁਆਲੇ ਜੰਮੀ ਬਰਫ ਹਟਾਉਣ, ਰਸਤੇ ਤਿਆਰ ਕਰਨ ਅਤੇ ਹੋਰ ਪ੍ਰਬੰਧਾਂ ਵਾਸਤੇ ਕਾਰਜ ਵਿਸਾਖੀ ਤੋਂ ਬਾਅਦ ਆਰੰਭ ਹੋ ਜਾਣਗੇ। ਗੁਰਦੁਆਰਾ ਗੋਬਿੰਦ ਘਾਟ ਨੇੜੇ ਲਕਸ਼ਮਣ ਗੰਗਾ ਨਦੀ ’ਤੇ ਬਣਿਆ ਪੁਲ ਪੰਜ ਮਾਰਚ ਨੂੰ ਪਹਾੜ ਤੋਂ ਵੱਡੇ ਪੱਥਰ ਡਿੱਗਣ ਕਾਰਨ ਟੁੱਟ ਗਿਆ ਸੀ। ਇਸ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਦੱਸਣਯੋਗ ਹੈ ਕਿ 2013 ਵਿੱਚ ਇਸ ਖੇਤਰ ਵਿੱਚ ਹੜ੍ਹ ਆਉਣ ਕਾਰਨ ਇਹ ਪੁਲ ਉਸ ਵੇਲੇ ਵੀ ਤਬਾਹ ਹੋ ਗਿਆ ਸੀ। ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਪੁਲ ਦਾ ਉਸਾਰੀ ਕਾਰਜ ਪੀਡਬਲਯੂਡੀ ਵੱਲੋਂ ਕੀਤਾ ਜਾ ਰਿਹਾ ਹੈ। ਠੇਕੇਦਾਰ ਮੋਹਨ ਸਿੰਘ ਬਿਸ਼ਟ ਨੇ ਦੱਸਿਆ ਕਿ ਪੁਲ ਦਾ ਕੰਮ ਸਮੇਂ ਤੋਂ ਪਹਿਲਾਂ ਹੀ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਹ ਪੁਲ ਲਗਪਗ 150 ਫੁੱਟ ਲੰਬਾ ਤੇ ਕਰੀਬ 14 ਫੁੱਟ ਚੌੜਾ ਬਣੇਗਾ। ਪੁਲ ਦੀ ਸਮਰੱਥਾ ਲਗਪਗ 33 ਟਨ ਭਾਰ ਸਹਿਣ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਪੁਲ ਦਾ ਉਸਾਰੀ ਕਾਰਜ ਪੂਰਾ ਹੋਣ ਮਗਰੋਂ ਤੇ ਵਿਸਾਖੀ ਦਾ ਤਿਉਹਾਰ ਮਨਾਉਣ ਤੋਂ ਬਾਅਦ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਵਾਸਤੇ ਪ੍ਰਬੰਧਾਂ ਦੇ ਕਾਰਜ ਵੀ ਸ਼ੁਰੂ ਹੋ ਜਾਣਗੇ। ਇਹ ਸਾਰੇ ਕਾਰਜ ਲਗਪਗ ਇੱਕ ਮਹੀਨੇ ਵਿੱਚ ਮੁਕੰਮਲ ਹੋ ਜਾਣਗੇ।