For the best experience, open
https://m.punjabitribuneonline.com
on your mobile browser.
Advertisement

Punjab News: ਮੁਸਲਿਮ ਭਾਈਚਾਰੇ ਦੇ ਵਫ਼ਦ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਨਾਲ ਮੁਲਾਕਾਤ

07:18 PM Apr 04, 2025 IST
punjab news  ਮੁਸਲਿਮ ਭਾਈਚਾਰੇ ਦੇ ਵਫ਼ਦ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਨਾਲ ਮੁਲਾਕਾਤ
ਮੁਸਲਿਮ ਭਾਈਚਾਰੇ ਦਾ ਵਫਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਲ
Advertisement

ਵਕਫ਼ ਸੋਧ ਬਿਲ ਅਤੇ ਦੋਵਾਂ ਭਾਈਚਾਰਿਆਂ ਦੀ ਆਪਸੀ ਸਾਂਝ ਕਾਇਮ ਰੱਖਣ ਸਬੰਧੀ ਹੋਈਆਂ ਵਿਚਾਰਾਂ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਅਪਰੈਲ
ਮੁਸਲਿਮ ਭਾਈਚਾਰੇ ਦੀ ਜਮੀਅਤ ਉਲੇਮਾ-ਏ-ਹਿੰਦ ਸੰਸਥਾ ਦੇ ਇੱਕ ਵਫ਼ਦ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਵਕਫ਼ ਸੋਧ ਬਿੱਲ ਬਾਰੇ ਵੀ ਚਰਚਾ ਕੀਤੀ ਗਈ। ਜਥੇਦਾਰ ਨੇ ਆਖਿਆ ਕਿ ਸਰਕਾਰਾਂ ਨੂੰ ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਕਿਸੇ ਭਾਈਚਾਰੇ ਨੂੰ ਇਹ ਲੱਗੇ ਕਿ ਉਹਨਾਂ ਦਾ ਹੱਕ ਖੋਹਿਆ ਜਾ ਰਿਹਾ।
ਇਸ ਦੌਰਾਨ ਮੁਸਲਿਮ ਵਫ਼ਦ ਅਤੇ ਜਥੇਦਾਰ ਗੜਗੱਜ ਵਿਚਕਾਰ ਸਿੱਖ-ਮੁਸਲਿਮ ਆਪਸੀ ਸਾਂਝ, ਸਦਭਾਵਨਾ ਅਤੇ ਦੋਵੇਂ ਧਰਮਾਂ ਦੇ ਸਨਮੁਖ ਚੁਣੌਤੀਆਂ ਸਬੰਧੀ ਵੀ ਵਿਚਾਰਾਂ ਹੋਈਆਂ। ਮੁਸਲਿਮ ਵਫ਼ਦ ਨੇ ਕਿਹਾ ਗਿਆ ਕਿ ਉਨ੍ਹਾਂ ਦੀ ਸੰਸਥਾ ਨੇ ਸਿੱਖਾਂ ਦੇ ਸਰਬਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਲੰਮੇ ਸਮੇਂ ਤੋਂ ਸਾਂਝ ਬਣਾ ਕੇ ਰੱਖੀ ਹੋਈ ਹੈ ਤਾਂ ਜੋ ਦੋਵੇਂ ਭਾਈਚਾਰਿਆਂ ਵਿੱਚ ਆਪਸੀ ਸਾਂਝ ਕਾਇਮ ਰਹੇ ਅਤੇ ਕੋਈ ਮਤਭੇਦ ਜਾਂ ਮਸਲਾ ਸਾਹਮਣੇ ਆਉਣ ਉੱਤੇ ਮਿਲ ਬੈਠ ਕੇ ਸੁਖਾਵੇਂ ਮਾਹੌਲ ਵਿੱਚ ਹੱਲ ਕਰ ਲਿਆ ਜਾਵੇ।
ਮੁਸਲਿਮ ਵਫ਼ਦ ਵੱਲੋਂ ਜਥੇਦਾਰ ਨੂੰ ਭਰੋਸਾ ਦਿੱਤਾ ਗਿਆ ਕਿ ਜੇ ਸਿੱਖ ਸੰਸਥਾਵਾਂ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਕੋਈ ਮਸਲਾ ਲਿਆਂਦਾ ਜਾਵੇਗਾ ਤਾਂ ਉਨ੍ਹਾਂ ਦੇ ਆਗੂਆਂ ਵੱਲੋਂ ਇਸ ਨੂੰ ਹੱਲ ਕਰਨ ਲਈ ਸਿੱਖਾਂ ਨਾਲ ਤਾਲਮੇਲ ਕਰ ਕੇ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਆਪਸੀ ਸਾਂਝ ਕਾਇਮ ਰਹੇ। ਇਸ ਦੌਰਾਨ ਜਥੇਦਾਰ ਨੇ ਵੀ ਮੁਸਲਿਮ ਵਫ਼ਦ ਨੂੰ ਸਿੱਖਾਂ ਦੀ ਤਰਫ਼ੋਂ ਅਜਿਹਾ ਹੀ ਭਰੋਸਾ ਦਿੱਤਾ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਸ ਮੁਲਕ ਦੀ ਖੂਬਸੂਰਤੀ ਹੀ ਇਸ ਗੱਲ ਵਿੱਚ ਹੈ ਕਿ ਇੱਥੇ ਆਪਸੀ ਭਾਈਚਾਰਾ ਅਤੇ ਸਾਂਝ ਕਾਇਮ ਹੈ, ਜਿਸ ਕਰਕੇ ਫਿਰਕੂ ਸ਼ਕਤੀਆਂ ਸਫ਼ਲ ਨਹੀਂ ਹੁੰਦੀਆਂ। ਇਸ ਦੌਰਾਨ ਮੁਸਲਿਮ ਵਫ਼ਦ ਨੇ ਜਥੇਦਾਰ ਗੜਗੱਜ ਨਾਲ ਵਕਫ਼ ਬੋਰਡ ਤੇ ਹੋਰ ਧਾਰਮਿਕ ਮਾਮਲਿਆਂ ਸਬੰਧੀ ਵੀ ਵਿਚਾਰਾਂ ਕੀਤੀਆਂ।
ਮੀਡੀਆ ਨਾਲ ਗੱਲ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਦੇਸ਼ ਸਾਰਿਆਂ ਦਾ ਸਾਂਝਾ ਹੈ ਅਤੇ ਸਾਰੇ ਭਾਈਚਾਰਿਆਂ ਨੂੰ ਇੱਥੇ ਖੁਸ਼ੀ ਦੇ ਨਾਲ ਰਹਿਣ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਅਜਿਹਾ ਕੰਮ ਨਹੀਂ ਹੋਣਾ ਚਾਹੀਦਾ ਜਿਸ ਨਾਲ ਕਿਸੇ ਕੌਮ ਨੂੰ ਇਹ ਲੱਗੇ ਕਿ ਉਨ੍ਹਾਂ ਦੇ ਹੱਕ ਖੋਹੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦਾ ਰਾਜ ਸੀ ਤਾਂ ਉਨ੍ਹਾਂ ਦੀ ਕੈਬਨਿਟ ਵਿੱਚ ਵੱਖ-ਵੱਖ ਕੌਮਾਂ ਦੇ ਨੁਮਾਇੰਦੇ ਸ਼ਾਮਲ ਸਨ, ਜਿਨ੍ਹਾਂ ਦਾ ਬਰਾਬਰ ਸਨਮਾਨ ਸੀ। ਉਨ੍ਹਾਂ ਕਿਹਾ ਕਿ ਸਾਰੀਆਂ ਕੌਮਾਂ ਦਾ ਮਾਣ-ਸਨਮਾਨ ਕਾਇਮ ਰਹਿਣਾ ਚਾਹੀਦਾ ਹੈ ਅਤੇ ਕਿਸੇ ਦੇ ਵੀ ਅਧਿਕਾਰ ਖੋਹਣ ਦਾ ਹੱਕ ਕਿਸੇ ਨੂੰ ਨਹੀਂ ਹੋਣਾ ਚਾਹੀਦਾ।
ਜਥੇਦਾਰ ਗੜਗੱਜ ਨੇ ਕਿਹਾ ਕਿ ਬੰਦੀ ਸਿੰਘ ਜੋ ਬੀਤੇ ਤਿੰਨ-ਤਿੰਨ ਦਹਾਕਿਆਂ ਤੋਂ ਜੇਲ੍ਹਾਂ ਅੰਦਰ ਨਜ਼ਰਬੰਦ ਹਨ, ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਉਨ੍ਹਾਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਪਰ ਜਦੋਂ ਘੱਟ-ਗਿਣਤੀਆਂ ਦੇ ਹੱਕਾਂ ਨੂੰ ਦੱਬਣ ਦੀ ਗੱਲ ਆਉਂਦੀ ਹੈ ਉੱਥੇ ਝੱਟ ਹੀ ਬਿਲ ਪਾਸ ਹੋ ਜਾਂਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਘੱਟ-ਗਿਣਤੀਆਂ ਦੇ ਹੱਕਾਂ ਲਈ ਬਿਲ ਕਿੱਥੇ ਪਾਸ ਹੋਣ? ਉਨ੍ਹਾਂ ਕਿਹਾ ਕਿ ਇਹ ਦੇਸ਼ ਸਾਰਿਆਂ ਦਾ ਸਾਂਝਾ ਹੈ ਜਿੱਥੇ ਵੱਖ-ਵੱਖ ਸਭਿਆਚਾਰ, ਧਰਮ ਅਤੇ ਬੋਲੀਆਂ ਹਨ ਅਤੇ ਸਾਰਿਆਂ ਨੂੰ ਬਰਾਬਰ ਮਾਣ ਸਨਮਾਨ ਮਿਲਣਾ ਚਾਹੀਦਾ ਹੈ।
ਮੁਸਲਿਮ ਵਫ਼ਦ ਵਿੱਚ ਜਮੀਅਤ ਉਲੇਮਾ-ਏ-ਹਿੰਦ ਦੇ ਜਨਰਲ ਸਕੱਤਰ ਮੌਲਾਨਾ ਹਕੀਮੁਦੀਨ ਕਾਸਮੀ, ਓਵੈਸ ਸੁਲਤਾਨ ਖਾਨ, ਮੌਲਾਨਾ ਅਲੀ ਹਸਨ, ਮੌਲਾਨਾ ਆਰਿਫ਼, ਮੁਫਤੀ ਮਹਿਦੀ ਹਸਨ ਆਈਨੀ, ਮੌਲਾਨਾ ਜਾਵੇਦ ਸਿੱਦੀਕੀ ਆਦਿ ਸ਼ਾਮਲ ਸਨ।
ਇਸ ਮੌਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਬਗੀਚਾ ਸਿੰਘ, ਸਹਾਇਕ ਇੰਚਾਰਜ ਜਸਵੀਰ ਸਿੰਘ ਜੱਸੀ ਵੀ ਮੌਜੂਦ ਸਨ।

Advertisement

Advertisement
Advertisement
Advertisement
Author Image

Balwinder Singh Sipray

View all posts

Advertisement