Ambedkar Statue Defacement: ਫਿਲੌਰ 'ਚ ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਦੇ ਮਾਮਲੇ ’ਚ 2 ਗ੍ਰਿਫਤਾਰ
ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ UAPA ਦੀ ਧਾਰਾ 10 ਤੇ 13 ਦੇ ਨਾਲ ਬੀਐਨਐਸ ਦੀ ਧਾਰਾ 299 ਤੇ 113 ਤਹਿਤ ਕੀਤਾ ਗਿਆ ਕੇਸ ਦਰਜ
ਟ੍ਰਿਬਿਊਨ ਨਿਊੁਜ਼ ਸਰਵਿਸ
ਫਗਵਾੜਾ, 4 ਅਪਰੈਲ
Ambedkar Statue Defacement in Phillaur: ਫਿਲੌਰ ਪੁਲੀਸ ਨੇ ਪਿੰਡ ਨੰਗਲ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ’ਤੇ ਖਾਲਿਸਤਾਨੀ ਨਾਅਰੇ ਲਿਖਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੁਖਵੀਰ ਸਿੰਘ ਅਤੇ ਅਵਤਾਰ ਸਿੰਘ, ਦੋਵੇਂ ਵਾਸੀ ਨੂਰਪੁਰ ਛੰਨਾ, ਨਕੋਦਰ ਵਜੋਂ ਹੋਈ ਹੈ।
ਸੀਨੀਅਰ ਕਪਤਾਨ ਪੁਲੀਸ (ਜਲੰਧਰ ਦਿਹਾਤੀ) ਜਸਪ੍ਰੀਤ ਕੌਰ ਬਾਠ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਡੀਐਸਪੀ ਸਰਵਣ ਸਿੰਘ ਬੱਲ ਅਤੇ ਇੰਸਪੈਕਟਰ ਸੰਜੀਵ ਕਪੂਰ ਦੀ ਦੇਖ-ਰੇਖ 'ਚ ਪੁਲੀਸ ਵੱਲੋਂ ਚਲਾਈ ਮੁਹਿੰਮ ਦੌਰਾਨ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਲੰਧਰ ਦੇ ਡੀਆਈਜੀ ਨਵੀਨ ਸਿੰਗਲਾ ਨੇ ਦੱਸਿਆ ਕਿ ਐਫਆਈਆਰ ਨੰਬਰ 85, ਮਿਤੀ 31 ਮਾਰਚ, 2025 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ, ਜਿਸ ਵਿੱਚ ਬੀਐਨਐਸ ਦੀ ਧਾਰਾ 299 ਅਤੇ 113 ਦੇ ਨਾਲ-ਨਾਲ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (Unlawful Activities (Prevention) Act - UAPA) ਦੀ ਧਾਰਾ 10 ਅਤੇ 13 ਦੀ ਵਰਤੋਂ ਕੀਤੀ ਗਈ ਹੈ।
ਡੀਆਈਜੀ ਨੇ ਕਿਹਾ ਕਿ ਮੁਲਜ਼ਮ ਪਿਛਲੇ ਮਹੀਨੇ ਦੌਰਾਨ ਨਕੋਦਰ, ਜਲੰਧਰ, ਦਿੱਲੀ ਅਤੇ ਊਨਾ ਵਿੱਚ ਵਿਦਿਅਕ ਸੰਸਥਾਵਾਂ, ਸਰਕਾਰੀ ਇਮਾਰਤਾਂ ਅਤੇ ਜਨਤਕ ਬੁਨਿਆਦੀ ਢਾਂਚੇ ਵਿੱਚ ਖਾਲਿਸਤਾਨੀ ਨਾਅਰੇ ਲਿਖਣ ਅਤੇ ਝੰਡੇ ਲਗਾਉਣ ਸਮੇਤ ਕਈ ਤਰ੍ਹਾਂ ਦੀਆਂ ਭੜਕਾਊ ਕਾਰਵਾਈਆਂ ਵਿੱਚ ਸ਼ਾਮਲ ਸਨ। ਉਨ੍ਹਾਂ ਕੋਲੋਂ ਇੱਕ ਮੋਟਰਸਾਈਕਲ ਅਤੇ ਚਾਰ ਮੋਬਾਈਲ ਫ਼ੋਨ ਵੀ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਦੀ ਹੁਣ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ।