ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫ਼ਸਲਾਂ ਦੀਆਂ ਬਿਮਾਰੀਆਂ ਦੀ ਜੈਵਿਕ ਰੋਕਥਾਮ

04:10 AM Jan 25, 2025 IST
featuredImage featuredImage
ਸੁਬਾਸ਼ ਸਿੰਘ ਅਤੇ ਅਜੇ ਕੁਮਾਰ ਚੌਧਰੀ
Advertisement

ਖੇਤੀ ਜ਼ਹਿਰਾਂ ਦੇ ਮਨੁੱਖੀ ਸਿਹਤ ਉੱਪਰ ਪੈ ਰਹੇ ਮਾੜੇ ਪ੍ਰਭਾਵਾਂ ਤੋਂ ਚਿੰਤਤ ਹੁਣ ਕਈ ਕਿਸਾਨ ਘਰੇਲੂ ਢੰਗ-ਤਰੀਕਿਆਂ ਨਾਲ ਬਣਾਏ ਰਸਾਇਣਾਂ ਨੂੰ ਵਰਤ ਕੇ ਫ਼ਸਲਾਂ ਦੇ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਕਰਦੇ ਹਨ। ਵੈਸੇ ਖੇਤਾਂ ਵਿੱਚ ਕੁਦਰਤੀ ਤੌਰ ’ਤੇ ਮੌਜੂਦ ਕਈ ਤਰ੍ਹਾਂ ਦੇ ਮਿੱਤਰ ਕੀੜੇ ਵੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਹਾਨੀਕਾਰਕ ਕੀੜਿਆਂ ਨੂੰ ਖਾ ਕੇ ਫ਼ਸਲਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ। ਇੱਥੇ ਹਾੜ੍ਹੀ ਦੀਆਂ ਫ਼ਸਲਾਂ ਜਿਵੇਂ ਕਣਕ, ਤੇਲਬੀਜ ਫ਼ਸਲਾਂ ਅਤੇ ਛੋਲੇ ਆਦਿ ਦੇ ਮੁੱਖ ਕੀੜਿਆਂ ਅਤੇ ਬਿਮਾਰੀਆਂ ਦੀ ਜੈਵਿਕ ਰੋਕਥਾਮ ਬਾਰੇ ਚਰਚਾ ਕਰਾਂਗੇ। ਇਸ ਦੀ ਵਰਤੋਂ ਕਰਕੇ ਕਿਸਾਨ ਭਰਪੂਰ ਲਾਹਾ ਲੈ ਸਕਦੇ ਹਨ।

ਕਣਕ ਦਾ ਚੇਪਾ:

Advertisement

ਇਸ ਕੀੜੇ ਨੂੰ ਕਿਸਾਨ ਆਮ ਕਰਕੇ ਤੇਲੇ ਦੇ ਨਾਂ ਨਾਲ ਵੀ ਸੱਦਦੇ ਹਨ। ਕਣਕ ’ਤੇ ਇਸ ਕੀੜੇ ਦਾ ਹਮਲਾ ਦਸੰਬਰ ਦੇ ਦੂਜੇ ਜਾਂ ਤੀਜੇ ਹਫ਼ਤੇ ਤੋਂ ਸ਼ੁਰੂ ਹੋ ਕੇ ਅਖੀਰ ਮਾਰਚ ਤੱਕ ਰਹਿੰਦਾ ਹੈ। ਚੇਪੇ ਦੇ ਜੀਅ ਬਹੁਤ ਜ਼ਿਆਦਾ ਗਿਣਤੀ ਵਿੱਚ ਇਕੱਠੇ ਹੋ ਕੇ ਸਿੱਟਿਆਂ ਨੂੰ ਢਕ ਲੈਂਦੇ ਹਨ ਅਤੇ ਦੋਵੇਂ ਬੱਚੇ ਅਤੇ ਜਵਾਨ ਪੱਤਿਆਂ ਅਤੇ ਸਿੱਟਿਆਂ ਤੋਂ ਰਸ ਚੂਸਦੇ ਹਨ ਜਿਸ ਕਰਕੇ ਬੂਟੇ ਪੀਲੇ ਪੈ ਜਾਂਦੇ ਹਨ। ਪੱਤਿਆਂ ਉੱਪਰ ਚੇਪੇੇ ਦੇ ਜੀਅ ਸ਼ਹਿਦ ਵਰਗਾ ਪਦਾਰਥ ਛੱਡਦੇ ਹਨ ਜਿਸ ਨਾਲ ਕਾਲੀ ਉੱਲੀ ਦੀ ਤਹਿ ਬੱਝ ਜਾਂਦੀ ਹੈ ਜੋ ਬੂਟੇ ਦੇ ਵਧਣ ਫੁੱਲਣ ਨੂੰ ਪ੍ਰਭਾਵਿਤ ਕਰਦੀ ਹੈ। ਕਈ ਕਿਸਾਨ ਤਾਂ ਮਿੱਤਰ ਕੀੜੇ (ਫੇਲ੍ਹ ਪਾਸ ਭੂੰਡੀ) ਜੋ ਕਿ ਕਣਕ ’ਤੇ ਚੇਪੇ ਨੂੰ ਖਾਂਦੇ ਹਨ, ਨੂੰ ਹੀ ਦੁਸ਼ਮਣ ਕੀੜਾ ਸਮਝ ਕੇ ਕਈ ਛਿੜਕਾਅ ਕਰ ਦਿੰਦੇ ਹਨ ਅਤੇ ਇਸੇ ਤਰ੍ਹਾਂ ਕਈ ਪੱਤਿਆਂ ਉੱਪਰ ਚੇਪਾ ਨਜ਼ਰ ਆਉਣ ਸਾਰ ਹੀ ਛਿੜਕਾਅ ਕਰਨੇ ਸ਼ੁਰੂ ਕਰ ਦਿੰਦੇ ਹਨ ਜੋ ਕਿ ਬਿਲਕੁਲ ਗ਼ਲਤ ਹੈ। ਇਸ ਲਈ ਜਦੋਂ ਤੱਕ ਚੇਪਾ ਸਿੱਟਿਆਂ ’ਤੇ ਨਾ ਆ ਜਾਵੇ, ਜੈਵਿਕ ਕੀਟਨਾਸ਼ਕ ਦਾ ਛਿੜਕਾਅ ਨਾ ਕਰੋ ਕਿਉਂਕਿ ਪੱਤਿਆਂ ਉੱਪਰ ਚੇਪੇ ਕਰਕੇ ਫ਼ਸਲ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਆਰਥਿਕ ਨੁਕਸਾਨ ਨਹੀਂ ਪਹੁੰਚਦਾ।

ਰੋਕਥਾਮ:

ਸਿੱਟਿਆਂ ਉੱਪਰ ਚੇਪੇ ਦੇ ਜੀਅ ਨਜ਼ਰ ਆਉਣ ’ਤੇ 2 ਲਿਟਰ ਨਿੰਮ ਦੇ ਘੋਲ ਦਾ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਛਿੜਕਾਅ ਸਿਰਫ਼ ਅਜਿਹੇ ਹਮਲੇ ਵਾਲੇ ਹਿੱਸੇ ’ਤੇ ਹੀ ਕਰੋ ਤਾਂ ਕਿ ਚੇਪੇ ਦਾ ਹਮਲਾ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।

ਕਣਕ ਦੀ ਪੀਲੀ ਕੁੰਗੀ:

ਪੀਲੀ ਕੁੰਗੀ ਇੱਕ ਉੱਲੀ ਰੋਗ ਹੈ, ਜਿਸ ਨੂੰ ਜੇਕਰ ਸਮੇਂ ਸਿਰ ਨਾ ਰੋਕਿਆ ਜਾਵੇ ਤਾਂ ਇਹ ਕਣਕ ਦੀ ਫ਼ਸਲ ਉੱਪਰ ਬਹੁਤ ਮਾਰੂ ਪ੍ਰਭਾਵ ਪਾਉਂਦੀ ਹੈ। ਸ਼ੁਰੂਆਤ ਵਿੱਚ ਇਸ ਰੋਗ ਨਾਲ ਪੱਤਿਆਂ ਉੱਪਰ ਪੀਲੇ ਰੰਗ ਦੀਆਂ ਧਾਰੀਆਂ ਦਿਸਦੀਆਂ ਹਨ ਅਤੇ ਇਨ੍ਹਾਂ ਤੋਂ ਹੀ ਬਾਅਦ ਵਿੱਚ ਹਲਕੇ ਪੀਲੇ ਰੰਗ ਦਾ ਧੂੜਾ ਨਜ਼ਰ ਆਉਣ ਲੱਗ ਜਾਂਦਾ ਹੈ। ਪੀਲੀ ਕੁੰਗੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਹਵਾ ਦੇ ਨਾਲ, ਸਿੱਧੇ ਸੰਪਰਕ ਨਾਲ, ਖੇਤੀ ਦੇ ਸਾਧਨਾਂ ਅਤੇ ਇਨਸਾਨੀ ਗਤੀਵਿਧੀਆਂ ਨਾਲ ਫੈਲ ਜਾਂਦੀ ਹੈ। ਫਰਵਰੀ-ਮਾਰਚ ਮਹੀਨੇ ਦੌਰਾਨ ਲਗਾਤਾਰ ਪੈਣ ਵਾਲੀ ਬਾਰਿਸ਼ ਨਾਲ ਵੀ ਬਿਮਾਰੀ ਵੱਧ ਫੈਲਦੀ ਹੈ। 7-13 ਡਿਗਰੀ ਸੈਲਸੀਅਸ ਤੱਕ ਘੱਟ ਤਾਪਮਾਨ ਅਤੇ ਰਾਤ ਸਮੇਂ 85-100% ਤੱਕ ਨਮੀ ਅਤੇ ਵੱਧ ਤੋਂ ਵੱਧ ਤਾਪਮਾਨ 15-24 ਡਿਗਰੀ ਸੈਲਸੀਅਸ ਬਿਮਾਰੀ ਦੇ ਵਧਣ ਅਤੇ ਫੈਲਣ ਵਿੱਚ ਮਦਦ ਕਰਦੇ ਹਨ। ਪੀਲੀ ਕੁੰਗੀ ਦਾ ਹਮਲਾ ਸਭ ਤੋਂ ਪਹਿਲਾਂ ਨੀਮ ਪਹਾੜੀ ਇਲਾਕਿਆਂ ਵਿੱਚ ਹੁੰਦਾ ਹੈ ਅਤੇ ਅੱਧ ਜਨਵਰੀ ਤੋਂ ਬਾਅਦ ਇਹ ਬਿਮਾਰੀ ਮੈਦਾਨੀ ਇਲਾਕਿਆਂ ਵਿੱਚ ਫੈਲ ਜਾਂਦੀ ਹੈ। ਕਿਸਾਨਾਂ ਨੂੰ ਪੀਲੀ ਕੁੰਗੀ ਦੀ ਰੋਕਥਾਮ ਲਈ ਸਰਵਪੱਖੀ ਢੰਗ ਅਪਣਾਉਣੇ ਚਾਹੀਦੇ ਹਨ। ਇਸ ਲਈ ਕਣਕ ਦੀਆਂ ਪੀਲੀ ਕੁੰਗੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਜਿਵੇਂ ਕਿ ਪੀਬੀਡਬਲਯੂ725 , ਉੱਨਤ ਪੀਬੀਡਬਲਯੂ550, ਪੀਬੀਡਬਲਯੂ 752, ਪੀਬੀਡਬਲਯੂ 660, ਪੀਬੀਡਬਲਯੂ 291, ਪੀਬੀਡਬਲਯੂ ਰਸ 1 ਆਦਿ ਦੀ ਚੋਣ ਕਰਨੀ ਚਾਹੀਦੀ ਹੈ, ਖ਼ਾਸ ਤੌਰ ’ਤੇ ਨੀਮ ਪਹਾੜੀ ਇਲਾਕਿਆਂ ਵਿੱਚ ਅਕਤੂਬਰ ਦੇ ਮਹੀਨੇ ਕਣਕ ਦੀ ਬਿਜਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਸਾਨਾਂ ਨੂੰ ਆਪਣੀ ਫ਼ਸਲ ਦਾ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ। ਜੈਵਿਕ ਖੇਤੀ ਪ੍ਰਣਾਲੀ ਅਧੀਨ ਪੀਲੀ ਕੁੰਗੀ ਦੀ ਰੋਕਥਾਮ ਲਈ 20% ਵ/ਵ (200 ਮਿ.ਲੀ./ਲਿਟਰ ਪਾਣੀ) ਦੇ ਚਾਰ ਛਿੜਕਾਅ ਕਰੋ। ਪਹਿਲਾ ਛਿੜਕਾਅ ਬਿਜਾਈ ਤੋਂ ਇੱਕ ਮਹੀਨੇ ਬਾਅਦ ਕਰੋ ਅਤੇ 10 ਦਿਨਾਂ ਦੇ ਫ਼ਰਕ ’ਤੇੇ ਬਿਮਾਰੀ ਨਜ਼ਰ ਆਉਣ ਤੋਂ ਬਾਅਦ 3 ਹੋਰ ਸਪਰੇਆਂ ਕਰੋ।

ਰਾਇਆ ਦਾ ਚੇਪਾ:

ਇਹ ਕੀੜੇ ਬਹੁਤ ਜ਼ਿਆਦਾ ਗਿਣਤੀ ਵਿੱਚ ਫ਼ਸਲਾਂ ਜਿਵੇਂ ਸਰ੍ਹੋਂ, ਰਾਇਆ ਅਤੇ ਤੋਰੀਆ ਆਦਿ ਦੇ ਫੁੱਲਾਂ ਅਤੇ ਫ਼ਲੀਆਂ ਨੂੰ ਢੱਕ ਲੈਂਦੇ ਹਨ। ਇਹ ਕਾਫੀ ਜ਼ਿਆਦਾ ਮਾਤਰਾ ਵਿੱਚ ਪੌਦੇ ਦਾ ਰਸ ਚੂਸਦੇ ਹਨ ਜਿਸ ਦੇ ਸਿੱਟੇ ਵੱਜੋਂ ਪੌਦਾ ਮਧਰਾ ਰਹਿ ਜਾਂਦਾ ਹੈ, ਫ਼ਲੀਆਂ ਸੁੰਗੜ ਜਾਂਦੀਆਂ ਹਨ ਅਤੇ ਬੀਜ ਨਹੀਂ ਬਣਦੇ।

ਰੋਕਥਾਮ:

ਇਸ ਕੀੜੇ ਦੀ ਅਸਰਦਾਰ ਰੋਕਥਾਮ ਲਈ ਹੋ ਸਕੇ ਤਾਂ ਫ਼ਸਲ ਦੀ ਬਿਜਾਈ ਅਕਤੂਬਰ ਦੇ ਤੀਜੇ ਹਫ਼ਤੇ ਤੱਕ ਕਰ ਦਿਓ। ਫ਼ਸਲ ਨੂੰ ਜੈਵਿਕ ਖਾਦਾਂ ਦੀ ਸਿਫਾਰਸ਼ ਕੀਤੀ ਮਿਕਦਾਰ ਹੀ ਪਾਓ। ਫ਼ਸਲ ’ਤੇ ਕੀੜੇ ਦਾ ਹਮਲਾ ਨਜ਼ਰ ਆਉਣ ’ਤੇ 4 ਲਿਟਰ ਘਰੇਲੂ ਨਿੰਮ ਦਾ ਘੋਲ ਜਾਂ ਸੋਧਿਆ ਬ੍ਰਹਮਅਸਤ੍ਰਾ ਵਿੱਚੋਂ ਕਿਸੇ ਇੱਕ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ 80 ਤੋਂ 125 ਲਿਟਰ ਪਾਣੀ ਵਿੱਚ ਘੋਲ ਕੇ ਕਰੋ।

ਸਰ੍ਹੋਂ ਦੇ ਤਣੇ ਦਾ ਗ਼ਾਲਾ:

ਤਣੇ ਦਾ ਗ਼ਾਲਾ ਇੱਕ ਉੱਲੀ ਰੋਗ ਹੈ ਜੋ ਕਿ ਸਰ੍ਹੋਂ ਦੀ ਫ਼ਸਲ ਦੀ ਇੱਕ ਮੁੱਖ ਬਿਮਾਰੀ ਹੈ। ਇਸ ਬਿਮਾਰੀ ਦੇ ਸ਼ੁਰੂਆਤੀ ਲੱਛਣ ਆਮ ਤੌਰ ’ਤੇ ਪੌਦੇ ਦੇ ਹੇਠਲੇ ਤਣੇ ’ਤੇ ਗ਼ਾਲੇ ਦੇ ਰੂਪ ਵਿੱਚ ਵੇਖੇ ਜਾਂਦੇ ਹਨ। ਬਾਅਦ ਵਿੱਚ ਤਣੇ ਦੇੇ ਹਿੱਸੇ ’ਤੇ ਇੱਕ ਚਿੱਟੀ ਉੱਲੀ ਦਿਖਾਈ ਦਿੰਦੀ ਹੈ ਖ਼ਾਸ ਕਰਕੇ ਗ਼ਾਲੇ ਦੇ ਆਲੇ ਦੁਆਲੇ ਇਹ ਚਿੱਟੀ ਉੱਲੀ ਬਾਅਦ ਵਿੱਚ ਸਕਲੀਰੋਸ਼ੀਆ ਵਿੱਚ ਬਦਲ ਜਾਂਦੀ ਹੈ ਜੋ ਕਿ ਗੋਲ, ਸਖ਼ਤ ਅਤੇ ਕਾਲੇ ਰੰਗ ਦੀ ਹੁੰਦੀ ਹੈ। ਵਾਢੀ ਦੇ ਦੌਰਾਨ ਇਹ ਸਕਲੀਰੋਸ਼ੀਆ ਮਿੱਟੀ ਵਿੱਚ ਮਿਲ ਜਾਂਦੀਆਂ ਹਨ ਅਤੇ ਲੰਬੇ ਸਮੇਂ ਲਈ ਮਿੱਟੀ ਵਿੱਚ ਜਿਊਂਦੀਆਂ ਰਹਿ ਸਕਦੀਆਂ ਹਨ ਜੋ ਕਿ ਭਵਿੱਖ ਵਿੱਚ ਬਿਮਾਰੀ ਦੇ ਸਰੋਤ ਵਜੋਂ ਕੰਮ ਕਰਦੀਆਂ ਹਨ। ਪ੍ਰਭਾਵਿਤ ਹਿੱਸਿਆਂ ਵਿੱਚ ਜਿਵੇਂ ਜਿਵੇਂ ਬਿਮਾਰੀ ਵਧਦੀ ਜਾਂਦੀ ਹੈ, ਸੰਕਰਮਿਤ ਸੈੱਲ ਮਰਦੇ ਹਨ, ਜਿਸ ਨਾਲ ਪੌਦਾ ਮੁਰਝਾ ਜਾਂਦਾ ਹੈ। ਜੇਕਰ ਪੌਦੇ ਦਾ ਵਜ਼ਨ ਵੱਧ ਹੋਵੇ ਤਾਂ ਸੰਕਰਮਿਤ ਪੌਦੇ ਦੇ ਗ਼ਾਲੇ ਵਾਲੀ ਥਾਂ ਤੋਂ ਤਣਾ ਟੁੱਟ ਵੀ ਸਕਦਾ ਹੈ। ਸੰਘਣੀ ਬਿਜਾਈ, ਖ਼ਾਸ ਤੌਰ ’ਤੇ ਬਾਰਿਸ਼ ਜਾਂ ਸਿੰਚਾਈ ਤੋਂ ਬਾਅਦ ਨਮੀ ਅਤੇ ਘੱਟ ਤਾਪਮਾਨ ਬਿਮਾਰੀ ਲਈ ਅਨੁਕੂਲ ਹਨ। ਇਹ ਸਥਿਤੀਆਂ ਸਕਲੀਰੋਸ਼ੀਆ ਦੇ ਉੱੱਗਣ ਵਿੱਚ ਮਦਦ ਕਰਦੀਆਂ ਹਨ। ਆਮ ਤੌਰ ’ਤੇ ਜਨਵਰੀ ਵਿੱਚ ਜਦੋਂ ਤਾਪਮਾਨ ਕਾਫ਼ੀ ਘੱਟ ਹੁੰਦਾ ਹੈ ਅਤੇ ਮਿੱਟੀ ਵਿੱਚ ਨਮੀ ਦੀ ਭਰਪੂਰਤਾ ਹੁੰਦੀ ਹੈ, ਉਸ ਵੇਲੇ ਇਸ ਬਿਮਾਰੀ ਦਾ ਸਭ ਤੋ ਵੱਧ ਪ੍ਰਕੋਪ ਵੇਖਿਆ ਜਾਂਦਾ ਹੈੈ। ਇਸ ਲਈ ਇਸ ਬਿਮਾਰੀ ਨੂੰ ਕਾਬੂ ਹੇਠ ਰੱਖਣ ਲਈ 25 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਫ਼ਸਲ ਨੂੰ ਪਾਣੀ ਲਾਉਣ ਤੋਂ ਗੁਰੇਜ਼ ਕਰੋ।

ਛੋਲਿਆਂ ਦੀ ਸੁੰਡੀ: ਇਹ ਇੱਕ ਬਹੁ-ਫ਼ਸਲੀ ਕੀੜਾ ਹੈ ਜਿਸ ਨੂੰ ਅਮਰੀਕਨ ਸੁੰਡੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਜੋ ਛੋਲਿਆਂ ਤੋਂ ਇਲਾਵਾ ਕਈ ਹੋਰ ਫ਼ਸਲਾਂ ਜਿਵੇਂ ਬਰਸੀਮ, ਟਮਾਟਰ, ਪਛੇਤੀ ਕਣਕ, ਸੱਠੀ ਮੂੰਗੀ, ਸੱਠੇ ਮਾਂਹ ਅਤੇ ਸੂਰਜਮੁਖੀ ਆਦਿ ਉੱਪਰ ਵੀ ਹਮਲਾ ਕਰਦਾ ਹੈ। ਕਈ ਫ਼ਸਲਾਂ ਉੱਪਰ ਇਹ ਸੁੰਡੀ ਵੱਖੋ-ਵੱਖਰੇ ਰੰਗਾਂ ਵਿੱਚ ਵੇਖਣ ਨੂੰ ਮਿਲਦੀ ਹੈ। ਇਸ ਕੀੜੇ ਦੀਆਂ ਸੁੰਡੀਆਂ ਛੋਲਿਆਂ ਦੇ ਪੱਤੇ, ਡੋਡੀਆਂ, ਫ਼ੁੱਲ, ਡੱਡੇ ਅਤੇ ਦਾਣਿਆਂ ਨੂੰ ਖਾ ਕੇ ਫ਼ਸਲ ਦਾ ਭਾਰੀ ਨੁਕਸਾਨ ਕਰਦੀਆਂ ਹਨ। ਬੂਟਿਆਂ ’ਤੇ ਹਮਲੇ ਅਤੇ ਸੁੰਡੀਆਂ ਦੇ ਗੂੜ੍ਹੇ-ਹਰੇ ਮਲ-ਤਿਆਗ ਤੋਂ ਇਸ ਕੀੜੇ ਦੀ ਮਜ਼ੂਦਗੀ ਦਾ ਪਤਾ ਲੱਗ ਜਾਂਦਾ ਹੈ। ਸੁੰਡੀ ਦੇ ਹਮਲੇ ਨੂੰ ਦੇਖਣ ਲਈ ਡੱਡੇ ਬਣਨ ਸਮੇਂ ਫ਼ਸਲ ਦਾ ਸਰਵੇਖਣ ਕਰੋ।

ਰੋਕਥਾਮ: ਇੱਕ ਏਕੜ ਰਕਬੇ ਪਿੱਛੇ 10 ਵੱਖੋ-ਵੱਖਰੀਆਂ ਥਾਵਾਂ ਤੋਂ ਬੂਟਿਆਂ ਨੂੰ ਝਾੜ ਕੇ ਪ੍ਰਤੀ ਮੀਟਰ ਕਤਾਰ ਦੇ ਹਿਸਾਬ ਨਾਲ ਸੁੰਡੀਆਂ ਦੀ ਗਿਣਤੀ ਕਰੋ।

ਜੇਕਰ 10 ਥਾਵਾਂ (100 ਬੂਟੇ) ਤੋਂ 16 ਜਾਂ ਵੱਧ ਸੁੰਡੀਆਂ ਮਿਲਣ ਤਾਂ ਇਸ ਦੀ ਰੋਕਥਾਮ ਲਈ ਜੈਵਿਕ ਕੀਟਨਾਸ਼ਕਾਂ ਜਿਵੇਂ 800 ਗ੍ਰਾਮ ਬੈਸੀਲਸ ਥੁਰੀਂਜ਼ਿਐਨਸਿਸ 0.5 ਡਬਲਯੂ. ਪੀ. (ਡੋਰ ਬੀਟੀ - 1) ਜਾਂ 200 ਮਿਲੀਲਿਟਰ ਹੈਲੀਕੋਪ 2 ਏ ਐੱਸ (ਐੱਚ.ਏ.ਐੱਨ.ਪੀ.ਵੀ.) ਦਾ 80-100 ਲਿਟਰ ਪਾਣੀ ਵਿੱਚ ਘੋਲ ਕੇ ਪਿੱਠੂ ਪੰਪ ਨਾਲ ਪ੍ਰਤੀ ਏਕੜ ਵਿੱਚ ਛਿੜਕਾਅ ਕਰੋ। ਜੇ ਲੋੜ ਪਵੇ ਤਾਂ ਹਫ਼ਤੇ ਬਾਅਦ ਵਿੱਚ ਜੈਵਿਕ ਕੀਟਨਾਸ਼ਕਾਂ ਦੀ ਵਰਤੋਂ ਫਿਰ ਦੁਹਰਾਉ। ਛੋਲਿਆਂ ਦੀ ਫ਼ਸਲ ਨੂੰ ਬਰਸੀਮ, ਟਮਾਟਰ, ਪਛੇਤੀ ਕਣਕ, ਸੱਠੀ ਮੂੰਗੀ, ਸੱਠੇ ਮਾਂਹ ਅਤੇ ਸੂਰਜਮੁਖੀ ਦੀ ਫ਼ਸਲ ਦੇ ਨੇੜੇ ਬੀਜਣ ਤੋਂ ਗੁਰੇਜ਼ ਕਰੋ।

ਛੋਲਿਆਂ ਦਾ ਝੁਲਸ ਰੋਗ: ਝੁਲਸ ਰੋਗ ਮੁੱਖ ਤੌਰ ’ਤੇ ਛੋਲੇ ਅਤੇ ਹੋਰ ਫਲ਼ੀਦਾਰ ਫ਼ਸਲਾਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਰੋਗ ਖ਼ਾਸ ਤੌਰ ’ਤੇ ਠੰਢੇ ਅਤੇ ਨਮੀ ਵਾਲੇ ਖੇਤਰਾਂ ਵਿੱਚ ਝਾੜ ਦੇ ਨੁਕਸਾਨ ਲਈ ਜਾਣਿਆ ਜਾਂਦਾ ਹੈ। ਇਹ ਬਿਮਾਰੀ ਪੌਦੇ ਦੀਆਂ ਜੜਾਂ ਨੂੰ ਛੱਡ ਕੇ ਬਾਕੀ ਸਾਰੇ ਬੂਟੇ ’ਤੇ ਹਮਲਾ ਕਰਦੀ ਹੈੈ ਜਿਸ ਵਿੱਚ ਪੱਤੇ, ਤਣੇ ਅਤੇ ਫਲੀਆਂ ਸ਼ਾਮਲ ਹਨ। ਇਸ ਬਿਮਾਰੀ ਵਿੱਚ ਭੂਰੇ ਤੋਂ ਕਾਲੇ ਰੰਗ ਦੇ ਗੋਲ ਧੱਬੇ, ਪੌਦੇ ਦੇ ਪੂਰੇ ਉੱਪਰਲੇ ਹਿੱਸੇ ’ਤੇ ਬਣ ਜਾਂਦੇ ਹਨ। ਇਨ੍ਹਾਂ ਧੱਬਿਆਂ ਉੱਤੇ ਉੱਲੀ ਦੇ ਕਾਲੇ ਟਿਮਕਣੇ ਗੋਲ ਘੇਰ ਵਿੱਚ ਚਿੰਬੜੇ ਹੁੰਦੇ ਹਨ ਜੋ ਇਸ ਰੋਗ ਦੇ ਹੋਣ ਦੀ ਮੁੱਖ ਨਿਸ਼ਾਨੀ ਹਨ। ਤਣੇ ਅਤੇ ਟਹਿਣੀਆਂ ’ਤੇ ਵੀ ਧੱਬੇ ਦਿਖਾਈ ਦਿੰਦੇ ਹਨ ਜੋ ਕਿ ਟਹਿਣੀਆਂ ਦੇ ਮਰਨ ਦਾ ਕਾਰਨ ਬਣਦੇ ਹਨ। ਬਾਅਦ ਵਿੱਚ ਗੂੜ੍ਹੇ ਕਾਲੇ ਰੰਗ ਦੇ ਧੱਬੇ ਫਲੀਆਂ ’ਤੇ ਵੀ ਬਣ ਜਾਂਦੇ ਹਨ। ਇਸ ਕਰਕੇ ਬੀਜ ਸੁੰਗੜੇ ਅਤੇ ਬੇਰੰਗ ਹੋ ਸਕਦੇ ਹਨ। ਇਹ ਬਿਮਾਰੀ 20 ਡਿਗਰੀ ਸੈਲਸੀਅਸ ਤਾਪਮਾਨ, 85% ਤੋਂ ਵੱਧ ਨਮੀ ਅਤੇ ਰੁਕ-ਰੁਕ ਕੇ ਮੀਂਹ ਦੇ ਨਾਲ ਬੱਦਲਵਾਈ ਵਾਲੇ ਮੌਸਮ ਵਿੱਚ ਵਧਣ ਲਈ ਅਨੁਕੂਲ ਹੈ। ਭਾਰੀ ਬਾਰਿਸ਼ ਤੇਜ਼ੀ ਨਾਲ ਪੂਰੀ ਫ਼ਸਲ ਨੂੰ ਝੁਲਸਾ ਸਕਦੀ ਹੈ ਅਤੇ ਮਾਰ ਸਕਦੀ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਬਿਮਾਰੀ ਰਹਿਤ ਬੀਜ ਦੀ ਵਰਤੋਂ ਕਰੋ। ਝੁਲਸ ਰੋਗ ਦਾ ਟਾਕਰਾ ਕਰਨ ਵਾਲੀਆਂ ਛੋਲਿਆਂ ਦੀਆਂ ਕਿਸਮਾਂ ਜਿਵੇਂ ਕਿ ਪੀਬੀਜੀ10, ਪੀਬੀਜੀ7 ਅਤੇ ਪੀਬੀਜੀ5 ਦੀ ਕਾਸ਼ਤ ਕਰੋ। ਰੋਗੀ ਬੂਟੇ ਨੂੰ ਕਟਾਈ ਦੇ ਨਾਲ ਹੀ ਕੱਢ ਕੇ ਨਸ਼ਟ ਕਰ ਦਿਓ।

ਛੋਲਿਆਂ ਦਾ ਉਖੇੜਾ ਰੋਗ: ਉਖੇੜਾ ਰੋਗ ਇੱਕ ਮਿੱਟੀ ਤੋਂ ਪੈਦਾ ਹੋਣ ਵਾਲੀ ਉੱਲੀ ਦੀ ਬਿਮਾਰੀ ਹੈ ਜੋ ਫ਼ਸਲਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦੀ ਹੈ, ਖ਼ਾਸ ਕਰਕੇ ਗਰਮ, ਸੁੱਕੇ ਖੇਤਰਾਂ ਵਿੱਚ। ਸ਼ੁਰੂਆਤੀ ਪੜਾਵਾਂ ਵਿੱਚ ਬਿਮਾਰੀ ਵਾਲੇ ਪੌਦੇ ਕੁਝ ਹਿੱਸਿਆਂ ਤੋਂ ਮੁਰਝਾ ਜਾਂਦੇ ਹਨ। ਜਿਉਂ ਜਿਉਂ ਬਿਮਾਰੀ ਵਧਦੀ ਜਾਂਦੀ ਹੈ, ਪੱਤੇ ਪੀਲੇ ਪੈ ਜਾਂਦੇ ਹਨ ਅਤੇ ਬਾਅਦ ਵਿੱਚ ਤੂੜੀ ਦੇ ਰੰਗ ਦੇ ਬਣ ਜਾਂਦੇ ਹਨ। ਪ੍ਰਭਾਵਿਤ ਪੌਦਿਆਂ ਦੀਆਂ ਜੜਾਂ ਇਸ ਬਿਮਾਰੀ ਦਾ ਸਭ ਤੋਂ ਵਿਸ਼ੇਸ਼ ਲੱਛਣ ਦਰਸਾਉਂਦੀਆਂ ਹਨ। ਰੋਗੀ ਪੌਦਿਆਂ ਦੀਆਂ ਜੜਾਂ ਕੱਟਣ ’ਤੇੇ ਭੂਰੇ ਤੋਂ ਕਾਲੇ ਰੰਗ ਦੀਆਂ ਵਿਖਦੀਆਂ ਹਨ। 24-27 ਡਿਗਰੀ ਸੈਲਸੀਅਸ ਦੇ ਵਿਚਕਾਰ ਦਾ ਤਾਪਮਾਨ ਬਿਮਾਰੀ ਦੇ ਵਾਧੇ ਲਈ ਅਨੁਕੂਲ ਹੈ। ਫ਼ਸਲ ਦੀ ਅਗੇਤੀ ਬਿਜਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਛੋਲਿਆਂ ਦੀਆਂ ਉੱਨਤ ਕਿਸਮਾਂ (ਪੀਬੀਜੀ10, ਪੀਬੀਜੀ8, ਪੀਬੀਜੀ7, ਜੀਪੀਐੱਫ2, ਪੀਡੀਜੀ4, ਪੀਬੀਜੀ5 ਅਤੇ ਕਾਬਲੀ ਕਿਸਮ ਐੱਲ 552) ਜਿਹੜੀਆਂ ਕਿ ਇਸ ਰੋਗ ਦਾ ਟਾਕਰਾ ਕਰ ਸਕਦੀਆਂ ਹਨ, ਬੀਜਣੀਆਂ ਚਾਹੀਦੀਆਂ ਹਨ।

ਬਾਕਸ

-ਨਿੰਮ ਦਾ ਘੋਲ ਬਣਾਉਣ ਦੀ ਵਿਧੀ: ਚਾਰ ਕਿਲੋ ਨਿੰਮ ਦੀਆਂ ਕਰੂੰਬਲਾਂ (ਪੱਤੇ, ਹਰੀਆਂ ਟਹਿਣੀਆਂ ਅਤੇ ਨਿਮੋਲੀਆਂ) ਨੂੰ 10 ਲਿਟਰ ਪਾਣੀ ਵਿੱਚ 30 ਮਿੰਟ ਲਈ ਉਬਾਲੋ। ਇਸ ਘੋਲ ਨੂੰ ਕੱਪੜ ਛਾਣ ਕਰ ਲਓ ਅਤੇ ਤਰਲ ਦਾ ਸਿਫਾਰਸ਼ ਕੀਤੀ ਮਾਤਰਾ ਮੁਤਾਬਿਕ ਛਿੜਕਾਅ ਕਰੋ।

-ਸੋਧਿਆ ਬ੍ਰਹਮਅਸਤ੍ਰਾ ਬਣਾਉਣ ਦੀ ਵਿਧੀ: 2 ਕਿਲੋ ਹਰੇਕ ਅਮਰੂਦ, ਪਪੀਤੇ, ਕਰੰਜ, ਅਰਿੰਡੀ ਅਤੇ 5 ਕਿਲੋ ਨਿੰਮ ਆਦਿ ਦੇ ਪੱਤਿਆਂ ਦਾ ਥੋੜ੍ਹੇ ਪਾਣੀ ਦੀ ਮਦਦ ਨਾਲ ਗੁੱਦਾ ਜਿਹਾ ਬਣਾ ਕੇ 10 ਲਿਟਰ ਗਊ ਦੇ ਮੂਤਰ ਵਿੱਚ ਪਾ ਕੇ 4 ਵਾਰ ਉਬਾਲਣ ਉਪਰੰਤ 48 ਘੰਟੇ ਲਈ ਛਾਂ ਵਿੱਚ ਰੱਖੋ ਅਤੇ ਬਾਅਦ ਵਿੱਚ ਕੱਪੜ ਛਾਣ ਕਰ ਲਓ। ਇਸ ਘੋਲ ਨੂੰ ਸਿਫ਼ਾਰਿਸ਼ ਕੀਤੀ ਮਾਤਰਾ ਅਨੁਸਾਰ ਵਰਤੋ। ਇਸ ਲਈ ਡੇਅਰੀ ਵਾਲੇ ਪਸ਼ੂ ਦਾ ਮੂਤਰ ਵੀ ਵਰਤਿਆ ਜਾ ਸਕਦਾ ਹੈ।

*ਸਕੂਲ ਆਫ ਆਰਗੈਨਿਕ ਫਾਰਮਿੰਗ, ਪੀ.ਏ.ਯੂ., ਲੁਧਿਆਣਾ

 

Advertisement