ਫ਼ਿਲਮ ਹਸਤੀਆਂ ਨੇ ‘ਮਾਂ ਦਿਵਸ’ ਮੌਕੇ ਭਾਵੁਕ ਸੁਨੇਹੇ ਸਾਂਝੇ ਕੀਤੇ
ਮੁੰਬਈ: ਮਾਂ ਦਿਵਸ ਮੌਕੇ ਫ਼ਿਲਮ ਜਗਤ ਦੀਆਂ ਅਹਿਮ ਹਸਤੀਆਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਸੇਧ ਦੇਣ ਵਾਲੀਆਂ ਔਰਤਾਂ (ਮਾਵਾਂ) ਪ੍ਰਤੀ ਮੋਹ ਦਾ ਪ੍ਰਗਟਾਵਾ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ। ਕਲਾਕਾਰਾਂ ਨੇ ਇੰਸਟਾਗ੍ਰਾਮ ’ਤੇ ਪਰਿਵਾਰਾਂ ਦੀਆਂ ਕੁਝ ਖ਼ਾਸ ਤਸਵੀਰਾਂ ਸਾਂਝੀਆਂ ਕਰਦਿਆਂ ਕੈਪਸ਼ਨਾਂ ’ਚ ਦਿਲ ਨੂੰ ਛੂਹਣ ਵਾਲੇ ਭਾਵੁਕ ਸੁਨੇਹੇ ਲਿਖੇ ਹਨ। ਅਦਾਕਾਰ ਅੱਲੂ ਅਰਜੁਨ ਨੇ ਮਾਂ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਤੇ ਕੈਪਸ਼ਨ ’ਚ ਲਿਖਿਆ, ‘‘ਸਾਰੀਆਂ ਹੀ ਮਾਵਾਂ ਨੂੰ ਮਾਂ ਦਿਵਸ ਦੀਆਂ ਵਧਾਈਆਂ। ਹੈਪੀ ਮਦਰਜ਼ ਡੇਅ।’’ ਇੱਕ ਹੋਰ ਪੋਸਟ ’ਚ ਉਸ ਨੇ ਆਪਣੀ ਪਤਨੀ ਸਨੇਹਾ ਰੈੱਡੀ ਦੀ ਆਪਣੀ ਮਾਂ ਤੇ ਸੱਸ ਨਾਲ ਤਸਵੀਰ ਵੀ ਸਾਂਝੀ ਕੀਤੀ ਹੈ। ਸੰਨੀ ਦਿਓਲ ਨੇ ਆਪਣੀ ਮਾਂ ਪ੍ਰਕਾਸ਼ ਕੌਰ ਨਾਲ ਤਸਵੀਰ ਸਾਂਝੀ ਕੀਤੀ ਅਤੇ ਕਿਹਾ ਕਿ ਉਹ ਅਜਿਹੀ ਔਰਤ ਹੈ ਜਿਸ ਨੇ ਉਸ ਨੂੰ ਬਿਨਾਂ ਮੰਗੇ ਹਰ ਚੀਜ਼ ਦਿੱਤੀ ਹੈ। ਉਸ ਨੇ ਪੋਸਟ ’ਚ ਲਿਖਿਆ, ‘‘ਤੁਹਾਡਾ ਪਿਆਰ ਮੇਰੇ ਲਈ ਸਭ ਤੋਂ ਵਧੀਆ ਤੋਹਫ਼ਾ ਹੈ। ਮਾਂ ਦਿਵਸ ਦੀ ਵਧਾਈ।’’ ਜੈਕੀ ਸ਼ਰੌਫ ਨੇ ਆਪਣੇ ਖਾਸ ਭਾਵੁਕ ਅੰਦਾਜ਼ ’ਚ ਵੀਡੀਓ ਕੋਲਾਜ਼ ਪੋਸਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੀ ਮਾਂ ਨਾਲ ਬਚਪਨ ਦੀਆਂ ਖਾਸ ਤਸਵੀਰਾਂ ਅਤੇ ਉਨ੍ਹਾਂ ਦੀ ਪਤਨੀ ਆਇਸ਼ਾ ਸ਼ਰੌਫ ਦੀਆਂ ਉਨ੍ਹਾਂ ਦੇ ਬੱਚਿਆਂ ਨਾਲ ਤਸਵੀਰਾਂ ਸ਼ਾਮਲ ਸਨ। ਜੈਕੀ ਸ਼ਰੌਫ ਨੇ ਕੈਪਸ਼ਨ ’ਚ ਲਿਖਿਆ, ‘‘ਮਾਂ ਦਿਵਸ ਦੀਆਂ ਵਧਾਈਆਂ। ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਹਨ। ਅਦਾਕਾਰ ਅਨਿਲ ਕਪੂਰ ਜਿਨ੍ਹਾਂ ਦੀ ਮਾਂ ਨਿਰਮਲ ਕਪੂਰ ਦਾ ਹਾਲ ਹੀ ’ਚ ਦੇਹਾਂਤ ਹੋਇਆ ਹੈ, ਨੇ ਉਨ੍ਹਾਂ ਦੀ ਯਾਦ ’ਚ ਭਾਵੁਕ ਸ਼ਰਧਾਂਜਲੀ ਭੇਟ ਕੀਤੀ ਹੈ। ਇਸ ਦੌਰਾਨ ਨੀਤੂ ਕਪੂਰ, ਅਦਾਕਾਰਾ ਮਾਧੁਰੀ ਦੀਕਸ਼ਿਤ, ਅਨੁਪਮ ਖੇਰ, ਕਰਨ ਜੌਹਰ ਤੇ ਸੋਹਾ ਅਲੀ ਖ਼ਾਨ ਸਣੇ ਹੋਰਨਾਂ ਬੌਲੀਵੁੱਡ ਹਸਤੀਆਂ ਨੇ ਵੀ ਸੋਸ਼ਲ ਮੀਡੀਆ ’ਤੇ ਭਾਵੁਕ ਸੁਨੇਹੇ ਸਾਂਝੇ ਕਰਦਿਆਂ ਮਾਂ ਦਿਵਸ ਮੌਕੇ ਮਾਵਾਂ ਪ੍ਰਤੀ ਪਿਆਰ ਦਾ ਇਜ਼ਹਾਰ ਕੀਤਾ ਹੈ। -ਏਐੱਨਆਈ