‘ਅਪਰੇਸ਼ਨ ਸਿੰਧੂਰ’ ਨਾਲ ਸਬੰਧਤ ਫਿਲਮਾਂ ਬਣਾਉਣ ਵਾਲਿਆਂ ਦੀ ਗਿਣਤੀ ਵਧੀ
ਮੁੰਬਈ:
ਭਾਰਤ ਵੱਲੋਂ ਪਾਕਿਸਤਾਨ ਖ਼ਿਲਾਫ਼ ਕੀਤੇ ਗਏ ‘ਅਪਰੇਸ਼ਨ ਸਿੰਧੂਰ’ ਤੋਂ ਬੌਲੀਵੁੱਡ ਬੇਹੱਦ ਪ੍ਰਭਾਵਿਤ ਹੋਇਆ ਹੈ। ਬੌਲੀਵੁੱਡ ਦੇ ਫਿਲਮਸਾਜ਼ਾਂ ਨੇ ‘ਅਪਰੇਸ਼ਨ ਸਿੰਧੂਰ’ ਨਾਂ ਦੀਆਂ ਫਿਲਮਾਂ ਬਣਾਉਣ ਲਈ ਕਾਫ਼ੀ ਦਿਲਚਸਪੀ ਦਿਖਾਈ ਹੈ। ਸਿਰਫ ਦੋ ਦਿਨਾਂ ਵਿੱਚ ‘ਅਪਰੇਸ਼ਨ ਸਿੰਧੂਰ’ ਨਾਲ ਸਬੰਧਤ ਫਿਲਮਾਂ ਬਣਾਉਣ ਲਈ 30 ਅਰਜ਼ੀਆਂ ਜਮ੍ਹਾਂ ਕਰਵਾਈਆਂ ਗਈਆਂ ਹਨ। ਬੌਲੀਵੁੱਡ ਦੇ ਫਿਲਮਸਾਜ਼ ਤੇ ਅਦਾਕਾਰ ‘ਅਪਰੇਸ਼ਨ ਸਿੰਧੂਰ’, ‘ਮਿਸ਼ਨ ਸਿੰਧੂਰ’ ਅਤੇ ‘ਸਿੰਧੂਰ: ਦਿ ਰਿਵੈਂਜ’... ਆਦਿ ਦੇ ਸਿਰਲੇਖ ਵਾਲੀਆਂ ਫਿਲਮਾਂ ਰਜਿਸਟਰਡ ਕਰਵਾਉਣ ਲਈ ਤਰਲੋਮੱਛੀ ਹੋ ਰਹੇ ਹਨ। ਭਾਰਤ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਕਤਲੇਆਮ ਤੋਂ ਦੋ ਹਫ਼ਤੇ ਬਾਅਦ ‘ਅਪਰੇਸ਼ਨ ਸਿੰਧੂਰ’ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਤਿਵਾਦੀਆਂ ਦੇ ਟਿਕਾਣਿਆਂ ’ਤੇ ਹਮਲੇ ਕੀਤੇ ਸਨ। ਇਸ ਤੋਂ ਬਾਅਦ ਇੰਡੀਅਨ ਮੋਸ਼ਨ ਪਿਕਚਰ ਪ੍ਰੋਡਿਊਸਰ ਐਸੋਸੀਏਸ਼ਨ (ਆਈਐਮਪੀਪੀਏ), ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਪ੍ਰੋਡਿਊਸਰ ਕੌਂਸਲ (ਆਈਐੱਫਟੀਪੀਸੀ) ਅਤੇ ਵੈਸਟਰਨ ਇੰਡੀਆ ਫਿਲਮ ਪ੍ਰੋਡਿਊਸਰ ਐਸੋਸੀਏਸ਼ਨ (ਡਬਲਿਊਆਈਐੱਫਪੀਏ) ਕੋਲ ‘ਅਪਰੇਸ਼ਨ ਸਿੰਧੂਰ ਨਾਲ ਸਬੰਧਤ ਫਿਲਮਾਂ ਦੇ ਸਿਰਲੇਖਾਂ ਦੀ ਰਜਿਸਟਰੇਸ਼ਨ ਕਰਵਾਉਣ ਦੀ ਦੌੜ ਲੱਗ ਗਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੇ ‘ਅਪਰੇਸ਼ਨ ਸਿੰਧੂਰ’ ਅਤੇ ‘ਮਿਸ਼ਨ ਸਿੰਧੂਰ’ ਸਿਰਲੇਖ ਲਈ ਅਰਜ਼ੀ ਦਿੱਤੀ ਹੈ। ਇੱਕ ਵਿਅਕਤੀ ਫਿਲਮ ਦੇ ਕਈ ਸਿਰਲੇਖਾਂ ਲਈ ਅਰਜ਼ੀ ਦੇ ਸਕਦਾ ਹੈ ਪਰ ਸਿਰਲੇਖ ਉਸ ਵਿਅਕਤੀ ਨੂੰ ਹੀ ਅਲਾਟ ਕੀਤਾ ਜਾਵੇਗਾ ਜਿਸ ਨੇ ਪਹਿਲਾਂ ਅਰਜ਼ੀ ਦਿੱਤੀ ਹੈ। ਫਿਲਮ ਬਣਾਉਣ ਵਾਲਾ ਕੋਈ ਵੀ ਨਿਰਮਾਤਾ ਇਹ ਦੇਖਦਾ ਹੈ ਕਿ ਇਸ ਵੇਲੇ ਖ਼ਬਰਾਂ ਵਿੱਚ ਕੀ ਹੈ ਤੇ ਲੋਕ ਕਿਹੜੀ ਚੀਜ਼ ਨੂੰ ਪਸੰਦ ਕਰਦੇ ਹਨ। ਇਸ ਵੇਲੇ ਸਭ ਦੀਆਂ ਨਜ਼ਰਾਂ ‘ਅਪਰੇਸ਼ਨ ਸਿੰਧੂਰ’ ’ਤੇ ਹਨ, ਇਸ ਕਰ ਕੇ ਬੌਲੀਵੁੱਡ ਨੇ ਵੀ ਇਸ ਵੱਲ ਵਹੀਰਾਂ ਘੱਤੀਆਂ ਹਨ। -ਪੀਟੀਆਈ