‘ਸਨਮ ਤੇਰੀ ਕਸਮ’ ਦੇ ਅਗਲੇ ਭਾਗ ’ਚ ਪੁਰਾਣੇ ਅਦਾਕਾਰ ਦੁਹਰਾਏ ਜਾਣ ’ਤੇ ਫਿਲਮ ਦਾ ਹਿੱਸਾ ਨਹੀਂ ਬਣਾਂਗਾ: ਰਾਣੇ
ਨਵੀਂ ਦਿੱਲੀ:
ਅਦਾਕਾਰ ਹਰਸ਼ਵਰਧਨ ਰਾਣੇ ਦਾ ਕਹਿਣਾ ਹੈ ਕਿ ਜੇ ਫਿਲਮ ‘ਸਨਮ ਤੇਰੀ ਕਸਮ 2’ ਵਿੱਚ ਪਿਛਲੀ ਫਿਲਮ ਦਾ ਕੋਈ ਅਦਾਕਾਰ ਸ਼ਾਮਲ ਕੀਤਾ ਗਿਆ ਤਾਂ ਉਹ ਇਸ ਫਿਲਮ ਵਿੱਚ ਹਿੱਸਾ ਨਹੀਂ ਲਵੇਗਾ। ਰਾਣੇ ਦੀ ਇਹ ਟਿੱਪਣੀ ਪਾਕਿਸਤਾਨੀ ਸਹਿ-ਅਦਾਕਾਰਾ ਮਾਵਰਾ ਹੋਕੇਨ ਦੇ ਭਾਰਤ ਦੇ ‘ਅਪਰੇਸ਼ਨ ਸਿੰਧੂਰ’ ਦੀ ਕੀਤੀ ਨਿਖੇਧੀ ਤੋਂ ਬਾਅਦ ਸਾਹਮਣੇ ਆਈ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਮੈਂ ਇਸ ਤਜਰਬੇ ਲਈ ਧੰਨਵਾਦੀ ਹਾਂ, ਹਾਲਾਂਕਿ ਜਿਵੇਂ ਦੇ ਹਾਲਾਤ ਹਨ, ਮੈਂ ਆਪਣੇ ਦੇਸ਼ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਨੂੰ ਪੜ੍ਹਨ ਤੋਂ ਬਾਅਦ ਇਹ ਐਲਾਨ ਕਰਦਾ ਹਾਂ ਕਿ ਜੇਕਰ ‘ਸਨਮ ਤੇਰੀ ਕਸਮ’ ਦੇ ਅਗਲੇ ਹਿੱਸੇ ਵਿੱਚ ਪਿਛਲੀ ਕਾਸਟ ਨੂੰ ਦੁਹਰਾਉਣ ਦੀ ਕੋਈ ਸੰਭਾਵਨਾ ਹੈ ਤਾਂ ਮੈਂ ਇਸ ਫਿਲਮ ਦਾ ਹਿੱਸਾ ਨਹੀਂ ਬਣਾਂਗਾ।’ ਦੂਜੀ ਪੋਸਟ ਵਿੱਚ ਉਸ ਨੇ ਹੋਕੇਨ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦੀ ਆਲੋਚਨਾ ਕੀਤੀ ਹੈ। ਹੋਕੇਨ ਦੀਆਂ ਟਿੱਪਣੀਆਂ ਨਾਲ ਉਸ ਦੇ ਲੇਖ ਦਾ ਸਕਰੀਨਸ਼ਾਟ ਸਾਂਝਾ ਕਰਦੇ ਹੋਏ ਰਾਣੇ ਨੇ ਲਿਖਿਆ, ‘ਮੈਂ ਇਸ ਦੇਸ਼, ਉਸ ਦੇਸ਼, ਕੀਨੀਆ ਅਤੇ ਇੱਥੋਂ ਤੱਕ ਕਿ ਮੰਗਲ ਗ੍ਰਹਿ ਦੇ ਸਾਰੇ ਕਲਾਕਾਰਾਂ ਅਤੇ ਮਨੁੱਖਾਂ ਦਾ ਸਨਮਾਨ ਕਰਦਾ ਹਾਂ ਪਰ ਕਿਸੇ ਵੱਲੋਂ ਵੀ ਮੇਰੇ ਦੇਸ਼ ਬਾਰੇ ਇਸ ਤਰ੍ਹਾਂ ਦੀਆਂ ਅਪਮਾਨਜਨਕ ਟਿੱਪਣੀਆਂ ਮੁਆਫ਼ ਕਰਨ ਯੋਗ ਨਹੀਂ ਹਨ। ਮੇਰੇ ਇੰਸਟਾਗ੍ਰਾਮ ’ਤੇ ਫਾਲੋਅਰਜ਼ ਘਟਦੇ ਹਨ ਤਾਂ ਵੀ ਠੀਕ ਹੈ ਪਰ ਮੈਂ ਕਿਸੇ ਨੂੰ ਵੀ ਆਪਣੇ ਦੇਸ਼ ਦੇ ਮਾਣ ਅਤੇ ਸਨਮਾਨ ਨੂੰ ਠੇਸ ਪਹੁੰਚਾਉਣ ਨਹੀਂ ਦੇਵਾਂਗਾ। -ਪੀਟੀਆਈ