ਅਮਿਤਾਭ ਬੱਚਨ ਨੇ ‘ਅਪਰੇਸ਼ਨ ਸਿੰਧੂਰ’ ਲਈ ਭਾਰਤੀ ਫ਼ੌਜ ਨੂੰ ਸਲਾਹਿਆ
ਨਵੀਂ ਦਿੱਲੀ: ਬੌਲੀਵੁੱਡ ਦੇ ਉੱਘੇ ਅਦਾਕਾਰ ਅਮਿਤਾਭ ਬੱਚਨ ਨੇ ਪਹਿਲਗਾਮ ਹਮਲੇ ਦੇ ਬਦਲੇ ਵਜੋਂ ‘ਅਪਰੇਸ਼ਨ ਸਿੰਧੂਰ’ ਤਹਿਤ ਕੀਤੀ ਕਾਰਵਾਈ ਲਈ ਭਾਰਤੀ ਫੌਜ ਦੀ ਸ਼ਲਾਘਾ ਕੀਤੀ ਹੈ। ਪਹਿਲਗਾਮ ਹਮਲੇ ’ਚ 26 ਵਿਅਕਤੀ ਮਾਰੇ ਗਏ ਸਨ ਅਤੇ ਬੱਚਨ ਨੇ ਹਮਲੇ ਤੋਂ ਤੁਰੰਤ ਬਾਅਦ ਕੋਈ ਟਿੱਪਣੀ ਨਹੀਂ ਕੀਤੀ ਸੀ। ਹਾਲਾਂਕਿ ਭਾਰਤ ਤੇ ਪਾਕਿਸਤਾਨ ਵੱਲੋਂ ਰਸਮੀ ਤੌਰ ’ਤੇ ਗੋਲੀਬੰਦੀ ਦੇ ਐਲਾਨ ਦੇ ਕੁਝ ਘੰਟਿਆਂ ਬਾਅਦ ਬੱਚਨ ਨੇ ਇਸ ਮਾਮਲੇ ’ਤੇ ਪਹਿਲੀ ਵਾਰ ਜਨਤਕ ਤੌਰ ’ਤੇ ਸੋਸ਼ਲ ਮੀਡੀਆ ’ਤੇ ਭਾਵੁਕ ਸੁਨੇਹਾ ਸਾਂਝਾ ਕੀਤਾ ਹੈ। ਅਮਿਤਾਭ ਬੱਚਨ ਨੇ ਅੱਜ ਪਹਿਲਗਾਮ ਹਮਲੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਸ ਦਹਿਸ਼ਤੀ ਕਾਰੇ ਦੀ ਨਿਖੇਧੀ ਅਤੇ ਭਾਰਤੀ ਫ਼ੌਜ ਦੀ ਫ਼ੈਸਲਾਕੁਨ ਕਾਰਵਾਈ ਲਈ ਸ਼ਲਾਘਾ ਕੀਤੀ। ਅਦਾਕਾਰ ਨੇ ਪੋਸਟ ’ਚ ਕਿਹਾ, ‘‘ਰਾਖਸ਼ਸ਼ਾਂ (ਅਤਿਵਾਦੀਆਂ) ਨੇ ਛੁੱਟੀਆਂ ਮਨਾ ਰਹੇ ਸੈਲਾਨੀਆਂ ’ਤੇ ਗੋਲੀਆਂ ਚਲਾ ਦਿੱਤੀਆਂ। ਉਹ ਜੋੜੇ ਨੂੰ ਘਸੀਟ ਕੇ ਲੈ ਕੇ ਗਏ ਅਤੇ ਪਤਨੀ ਵੱਲੋਂ ਤਰਲੇ ਕਰਨ ਦੇ ਬਾਵਜੂਦ ਉਸ ਦੇ ਪਤੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ।’’ ਅਮਿਤਾਭ ਬੱਚਨ ਨੇ ਪੋਸਟ ’ਚ ਆਪਣੇ ਪਿਤਾ ਤੇ ਹਿੰਦੀ ਕਵੀ ਹਰੀਵੰਸ਼ ਰਾਏ ਬੱਚਨ ਦੀ ਕਵਿਤਾ ‘ਅਗਨੀਪਥ’ ਦੀਆਂ ਕੁਝ ਸਤਰਾਂ ਵੀ ਸਾਂਝੀਆਂ ਕੀਤੀਆਂ ਤੇ ਭਾਰਤੀ ਫੌਜ ਦੇ ਅਪਰੇਸ਼ਨ ਸਿੰਧੂਰ ਦਾ ਜ਼ਿਕਰ ਕਰਦਿਆਂ ਭਾਰਤੀ ਫੌਜ ਨੂੰ ਪਹਿਲਗਾਮ ਹਮਲੇ ਦਾ ਬਦਲੇ ਵਜੋਂ ਕੀਤੀ ਕਾਰਵਾਈ ਲਈ ਸਲਾਮ ਕੀਤਾ। -ਪੀਟੀਆਈ