ਵਿਦਿਆਰਥੀਆਂ ’ਤੇ ਲਾਠੀਚਾਰਜ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਮੰਗੀ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 8 ਜੂਨ
ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮਾਮਲੇ ‘ਤੇ ਦਲਿਤ ਵਿਦਿਆਰਥੀਆਂ ਦੀ ਕੁੱਟਮਾਰ ਕਰਨ ਅਤੇ ਉਨ੍ਹਾਂ ਨੂੰ ਥਾਣੇ ਬੰਦ ਕਰਨ ਦੇ ਮਸਲੇ ਨੂੰ ਸੁਲਝਾਉਣ ਲਈ ਸੱਦੀ ਗਈ ਮੀਟਿੰਗ ਵੀ ਹੰਗਾਮਿਆਂ ਦੀ ਭੇਟ ਚੜ੍ਹ ਗਈ। ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਡੀਸੀ ਤੇ ਪੁਲੀਸ ਕਮਿਸ਼ਨਰ ਦੇ ਮੀਟਿੰਗ ਵਿੱਚ ਹਾਜ਼ਰ ਨਾ ਹੋਣ ‘ਤੇ ਉਨ੍ਹਾਂ ਰੋਸ ਪ੍ਰਗਟਾਇਆ। ਵਿਧਾਇਕ ਨੇ ਕਿਹਾ ਕਿ ਜਿਹੜੇ ਥਾਣੇ ਮੁਲਾਜ਼ਮਾਂ ਅਤੇ ਏਐਸਆਈ ਜਿੰਨ੍ਹਾਂ ਨੇ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਹੈ ਉਨ੍ਹਾਂ ਵਿਰੁੱਧ ਜਦੋਂ ਤੱਕ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਕੋਈ ਗੱਲ ਨਹੀਂ ਹੋਵੇਗੀ। ਇਸ ਮੀਟਿੰਗ ਵਿੱਚ ਏਡੀਸੀ ਜਸਵੀਰ ਸਿੰਘ ਹੀਰ, ਐਸਐਸਪੀ ਮੁਖਵਿੰਦਰ ਸਿੰਘ ਭੁੱਲਰ, ਡੀਸੀਪੀ ਅੰਕੁਰ ਗੁਪਤਾ, ਡੀਸੀਪੀ ਜਗਮੋਹਨ ਸਿੰਘ, ਐਸਡੀਐਮ ਵਿਕਾਸ ਹੀਰਾ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਿਲ ਹੋਏ ਸਨ। ਉਧਰ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਜੱਸੀ ਤੱਲ੍ਹਣ ਅਤੇ ਭਗਵਾਨ ਵਾਲਮੀਕਿ ਟਾਈਗਰ ਫੋਰਸ ਦੇ ਅਜੈ ਖੋਸਲਾ ਨੇ 12 ਜੂਨ ਨੂੰ ਬੰਦ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਵਿਦਿਆਰਥੀਆਂ ਦੀ ਹਮਾਇਤ ‘ਚ ਆਏ ਆਪ ਆਗੂਆਂ ਚੰਦਨ ਗਰੇਵਾਲ, ਸੁਭਾਸ਼ ਸੌਂਧੀ ਨੇ ਇਸ ਮੁੱਦੇ ‘ਤੇ 10 ਜੂਨ ਨੂੰ ਮੀਟਿੰਗ ਬੁਲਾਈ ਹੈ। ਮੀਟਿੰਗ ਵਿੱਚੋਂ ਨਾਅਰੇਬਾਜ਼ੀ ਕਰਕੇ ਬਾਹਰ ਆਏ ਆਗੂਆਂ ਨੂੰ ਮਨਾਉਣ ਲਈ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਮਾਮਲੇ ਦੀ ਜਾਂਚ ਕਰਵਾ ਕੇ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ। ਵਿਧਾਇਕ ਨੇ ਕਿਹਾ ਬੀਤੇ ਦਿਨੀ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਵਿਦਿਆਰਥੀਆਂ ‘ਤੇ ਲਾਠੀਚਾਰਜ ਕਰਨ ਵਾਲਿਆਂ ਵਿਰੁੱਧ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।