ਸਮਾਜਿਕ ਨਿਆਂ ਲਈ ਅੰਬੇਡਕਰ ਦੇ ਰਾਹ ’ਤੇ ਚੱਲਣ ਦੀ ਲੋੜ: ਗੜ੍ਹੀ
ਜਸਬੀਰ ਚਾਨਾ
ਫਗਵਾੜਾ, 5 ਮਈ
ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਵੱਲੋਂ ਸਮਾਜਿਕ ਨਿਆਂ, ਬਰਾਬਰੀ ਤੇ ਸਿੱਖਿਆ ਦੇ ਪਸਾਰ ਲਈ ਦਿਖਾਇਆ ਮਾਰਗ ਅੱਜ ਵੀ ਓਨਾ ਹੀ ਸਾਰਥਿਕ ਹੈ ਅਤੇ ਉਸ ਉੱਪਰ ਚੱਲਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਅੱਜ ਇੱਥੇ ਡਾ. ਅੰਬੇਡਕਰ ਭਵਨ ਅਰਬਨ ਐਸਟੇਟ ’ਚ ਖੇਤੀਬਾੜੀ ਐੱਸ.ਸੀ./ਬੀ.ਸੀ. ਅਫਸਰਜ਼ ਵੈਲਫੇਅਰ ਐਸੋਸੀਏਸ਼ਨ, ਪੰਜਾਬ ਵੱਲੋਂ ਕਰਵਾਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਗੜ੍ਹੀ ਨੇ ਕਿਹਾ ਕਿ ਸਮਾਜ ਦੀ ਭਲਾਈ ਤੇ ਸਰਬਪੱਖੀ ਵਿਕਾਸ ਬਾਬਾ ਸਾਹਿਬ ਦੀ ਸੋਚ ਨੂੰ ਅਪਣਾ ਕੇ ਹੀ ਸੰਭਵ ਹੈ। ਇਹ ਸਮਾਗਮ ਰਾਸ਼ਟਰਪਿਤਾ ਜੋਤੀਬਾ ਰਾਓ ਫੂਲੇ ਦੀ 198ਵੀਂ ਜਯੰਤੀ ਅਤੇ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਦੀ 134ਵੇਂ ਜਨਮ ਦਿਨ ਨੂੰ ਸਮਰਪਿਤ ਸੀ।
ਚੇਅਰਮੈਨ ਗੜ੍ਹੀ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਸਮਾਜ ਵਿੱਚ ਸਮਾਨਤਾ, ਨਿਆਂ ਅਤੇ ਭਾਈਚਾਰੇ ਦੀ ਸਥਾਪਨਾ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰ ਦਿੱਤੀ। ਉਨ੍ਹਾਂ ਨੇ ਸਿੱਖਿਆ ਨੂੰ ਹਥਿਆਰ ਬਣਾ ਕੇ ਦੱਬੇ-ਕੁਚਲੇ ਵਰਗਾਂ ਨੂੰ ਉੱਪਰ ਚੁੱਕਣ ਦੀ ਰਹਿਨੁਮਾਈ ਕੀਤੀ। ਉਨ੍ਹਾਂ ਰਾਸ਼ਟਰਪਿਤਾ ਜੋਤੀਬਾ ਰਾਓ ਫੂਲੇ ਵਲੋਂ ਔਰਤਾਂ ਅਤੇ ਨੀਵੀਂ ਜਾਤੀਆਂ ਲਈ ਸਿੱਖਿਆ ਦੇ ਹੱਕ ਵਿੱਚ ਕੀਤੇ ਕੰਮਾਂ ਨੂੰ ਯਾਦ ਕੀਤਾ ਤੇ ਇਨ੍ਹਾਂ ਵੱਲੋਂ ਦਰਸਾਏ ਰਸਤਿਆਂ ’ਤੇ ਚੱਲਣ ਦਾ ਸੱਦਾ ਦਿੰਦਿਆਂ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਮਹਾਨ ਸ਼ਖਸੀਅਤਾਂ ਦੇ ਜੀਵਨ ਅਤੇ ਪ੍ਰਾਪਤੀਆਂ ਤੋਂ ਸੇਧ ਲੈ ਕੇ ਸਿੱਖਿਆ, ਸਮਾਨਤਾ ਅਤੇ ਸਮਾਜਿਕ ਨਿਆਂ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ ਲਈ ਕਿਹਾ।